ETV Bharat / health

ਗਰਮੀ ਦਾ ਮੌਸਮ ਹੀਟ ਸਟ੍ਰੋਕ ਦਾ ਬਣ ਸਕਦੈ ਕਾਰਨ, ਸਫ਼ਰ ਕਰਦੇ ਸਮੇਂ ਇਨ੍ਹਾਂ 9 ਗੱਲ੍ਹਾਂ ਦਾ ਜ਼ਰੂਰ ਰੱਖੋ ਧਿਆਨ - Heat Stroke in Summer

author img

By ETV Bharat Health Team

Published : May 26, 2024, 10:19 AM IST

Heat Stroke in Summer: ਗਰਮੀਆਂ ਦੇ ਮੌਸਮ ਵਿੱਚ ਅਜਿਹੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਜੋ ਘੱਟ ਜਾਂ ਜ਼ਿਆਦਾ ਗੰਭੀਰ ਪ੍ਰਭਾਵ ਦਿਖਾ ਸਕਦੀਆਂ ਹਨ। ਹਾਲਾਂਕਿ, ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਜਾਂ ਤਾਪਮਾਨ 45 ਡਿਗਰੀ ਜਾਂ ਇਸ ਤੋਂ ਵੱਧ ਹੁੰਦਾ ਹੈ, ਤਾਂ ਇਹ ਹੀਟ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਇਸ ਲਈ ਹੀਟ ਸਟ੍ਰੋਕ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਤੁਹਾਨੂੰ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

Heat Stroke in Summer
Heat Stroke in Summer (Getty Images)

ਹੈਦਰਾਬਾਦ: ਹਾਲ ਹੀ 'ਚ ਸ਼ਾਹਰੁਖ ਖਾਨ ਦੇ ਹੀਟ ਸਟ੍ਰੋਕ ਤੋਂ ਪੀੜਤ ਹੋਣ ਦੀ ਖਬਰ ਸਾਰੇ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਬਣੀ ਹੋਈ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਅੱਤ ਦੀ ਗਰਮੀ ਦੀਆਂ ਖ਼ਬਰਾਂ ਆ ਰਹੀਆਂ ਹਨ। ਭਾਵੇਂ ਹਰ ਮੌਸਮ ਦੇ ਆਪਣੇ ਫਾਇਦੇ ਅਤੇ ਨੁਕਸਾਨ ਹੁੰਦੇ ਹਨ ਪਰ ਗਰਮੀ ਦਾ ਮੌਸਮ ਕਈ ਗੰਭੀਰ ਸਮੱਸਿਆਵਾਂ ਦੇ ਨਾਲ-ਨਾਲ ਵਿਅਕਤੀ ਦੀ ਜ਼ਿੰਦਗੀ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ। ਡਾਕਟਰਾਂ ਅਨੁਸਾਰ, ਹੀਟ ਸਟ੍ਰੋਕ ਅਤੇ ਇਸ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਮੈਡੀਕਲ ਐਮਰਜੈਂਸੀ ਦਾ ਕਾਰਨ ਬਣ ਸਕਦੀਆਂ ਹਨ।

ਡਾਕਟਰ ਗਰਮੀ ਦੇ ਮੌਸਮ ਵਿਚ ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਘਰ ਤੋਂ ਘੱਟ ਬਾਹਰ ਨਿਕਲਣ ਸਮੇਤ ਕਈ ਸੁਝਾਅ ਦਿੰਦੇ ਹਨ, ਤਾਂ ਜੋ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਪਰ ਤੁਹਾਨੂੰ ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਹੀਟ ਸਟ੍ਰੋਕ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਬਾਰੇ ਜ਼ਿਆਦਾ ਜਾਣਕਾਰੀ ਪਾਉਣ ਲਈ ਈਟੀਵੀ ਭਾਰਤ ਸੁਖੀਭਵ ਨੇ ਆਪਣੇ ਮਾਹਰ ਨਾਲ ਗੱਲ ਕੀਤੀ ਹੈ।

ਹੀਟ ਸਟ੍ਰੋਕ ਦੇ ਲੱਛਣ: ਭੋਪਾਲ ਦੇ ਜਨਰਲ ਫਿਜ਼ੀਸ਼ੀਅਨ ਡਾਕਟਰ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਹੀਟ ਸਟ੍ਰੋਕ ਵਿੱਚ ਸਰੀਰ ਦਾ ਤਾਪਮਾਨ ਬਹੁਤ ਵੱਧ ਜਾਂਦਾ ਹੈ। ਹੀਟ ਸਟ੍ਰੋਕ ਦੇ ਪ੍ਰਭਾਵ ਹੇਠ ਆਉਣ ਤੋਂ ਬਾਅਦ ਜੇਕਰ ਪੀੜਤ ਦੇ ਸਰੀਰ ਦਾ ਤਾਪਮਾਨ ਘਟਾਉਣ ਲਈ ਤੁਰੰਤ ਯਤਨ ਨਾ ਕੀਤੇ ਜਾਣ ਅਤੇ ਉਸ ਨੂੰ ਤੁਰੰਤ ਮੁਢਲੀ ਸਹਾਇਤਾ ਨਾ ਦਿੱਤੀ ਜਾਵੇ, ਤਾਂ ਪੀੜਤ ਨੂੰ ਚੱਕਰ ਆਉਣੇ, ਕਮਜ਼ੋਰੀ, ਉਲਟੀਆਂ, ਮਤਲੀ, ਦਰਦ, ਘਬਰਾਹਟ, ਦੌਰੇ, ਬੇਹੋਸ਼ੀ, ਸਾਹ ਲੈਣ ਦੀ ਵਧਦੀ ਦਰ, ਦਿਲ ਦੀ ਧੜਕਣ, ਦਸਤ, ਆਮ ਬੁਖਾਰ, ਟਾਈਫਾਈਡ ਅਤੇ ਗੰਭੀਰ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਗੰਭੀਰ ਪ੍ਰਭਾਵ ਗੁਰਦਿਆਂ, ਜਿਗਰ ਅਤੇ ਕੁਝ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਮੌਤ ਦਾ ਕਾਰਨ ਵੀ ਬਣ ਸਕਦੇ ਹਨ।

ਸਾਵਧਾਨੀਆਂ: ਆਮ ਤੌਰ 'ਤੇ ਦਿਨ ਵੇਲੇ ਤੇਜ਼ ਧੁੱਪ ਵਿੱਚ ਨਾ ਆਉਣਾ, ਜ਼ਿਆਦਾ ਸਰੀਰਕ ਮਿਹਨਤ ਨਾ ਕਰਨਾ, ਬਹੁਤ ਸਾਰਾ ਪਾਣੀ ਪੀਣਾ, ਤਾਂ ਜੋ ਸਰੀਰ ਹਾਈਡ੍ਰੇਟ ਰਹੇ, ਤੇਜ਼ ਧੁੱਪ ਵਿੱਚ ਬਾਹਰ ਨਿਕਲਣ ਵੇਲੇ ਸਨਗਲਾਸ ਅਤੇ ਛੱਤਰੀ ਜਾਂ ਟੋਪੀ ਪਹਿਨਣੀ ਚਾਹੀਦੀ ਹੈ। ਸੂਰਜ ਦੀ ਰੌਸ਼ਨੀ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਵੀ ਬਚਣਾ ਚਾਹੀਦਾ ਹੈ। ਜਿਹੜੇ ਲੋਕ ਕੰਮ ਜਾਂ ਹੋਰ ਕਾਰਨਾਂ ਕਰਕੇ ਧੁੱਪ ਵਿੱਚ ਸਫ਼ਰ ਕਰਨ ਲਈ ਮਜਬੂਰ ਹਨ ਜਾਂ ਜਿਹੜੇ ਲੋਕ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਲਈ ਰਸਤੇ ਵਿੱਚ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-

  1. ਭਰਪੂਰ ਮਾਤਰਾ 'ਚ ਪਾਣੀ ਪੀਓ।
  2. ਯਾਤਰਾ ਦੌਰਾਨ ਆਪਣੇ ਨਾਲ ORS, ਇਲੈਕਟੋਲਾਈਟਸ ਪਾਊਡਰ ਅਤੇ ਗਲੂਕੋਜ਼ ਰੱਖੋ।
  3. ਪਾਣੀ ਤੋਂ ਇਲਾਵਾ ਨਾਰੀਅਲ ਪਾਣੀ, ਨਿੰਬੂ ਪਾਣੀ ਜਾਂ ਹੋਰ ਤਰਲ ਪਦਾਰਥ, ਦਹੀਂ, ਸਲਾਦ ਅਤੇ ਅਜਿਹੇ ਫਲ ਅਤੇ ਭੋਜਨਾਂ ਦਾ ਸੇਵਨ ਕਰਦੇ ਰਹੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ।
  4. ਤੇਜ਼ ਧੁੱਪ ਦੇ ਸਿੱਧੇ ਸੰਪਰਕ ਤੋਂ ਬਚਣ ਲਈ ਚੰਗੀ ਕੁਆਲਿਟੀ ਦੇ ਸਨਗਲਾਸ, ਛੱਤਰੀ, ਟੋਪੀ, ਸਕਾਰਫ਼, ਸੂਤੀ ਦਸਤਾਨੇ ਅਤੇ ਜੁਰਾਬਾਂ ਦੀ ਵਰਤੋਂ ਕਰੋ।
  5. ਸਫ਼ਰ ਕਰਦੇ ਸਮੇਂ ਢਿੱਲੇ ਅਤੇ ਹਲਕੇ ਸੂਤੀ ਕੱਪੜੇ ਪਹਿਨੋ, ਜੋ ਹਵਾ ਨੂੰ ਸਰੀਰ ਤੱਕ ਅਤੇ ਪਸੀਨੇ ਨੂੰ ਸੁੱਕਣ ਵਿੱਚ ਮਦਦ ਕਰਦੇ ਹਨ। ਸੂਤੀ ਕੱਪੜੇ ਚਮੜੀ ਨੂੰ ਠੰਡਾ ਰੱਖਣ ਵਿੱਚ ਵੀ ਮਦਦ ਕਰਦੇ ਹਨ।
  6. ਦਿਨ ਦੇ ਸਭ ਤੋਂ ਗਰਮ ਸਮੇਂ (ਦੁਪਹਿਰ 12 ਤੋਂ 3 ਵਜੇ ਦੇ ਵਿਚਕਾਰ) ਯਾਤਰਾ ਕਰਨ ਤੋਂ ਬਚੋ। ਸਵੇਰੇ ਜਾਂ ਸ਼ਾਮ ਨੂੰ ਸਫ਼ਰ ਕਰਨਾ ਬਿਹਤਰ ਹੁੰਦਾ ਹੈ।
  7. ਸਫ਼ਰ ਦੌਰਾਨ ਠੰਢੀਆਂ ਅਤੇ ਛਾਂ ਵਾਲੀਆਂ ਥਾਵਾਂ 'ਤੇ ਰੁਕੋ। ਇਸ ਨਾਲ ਸਰੀਰ ਨੂੰ ਆਰਾਮ ਮਿਲੇਗਾ ਅਤੇ ਜ਼ਿਆਦਾ ਗਰਮੀ ਤੋਂ ਬਚਾਅ ਹੋਵੇਗਾ।
  8. ਜੇਕਰ ਤੁਸੀਂ ਕਾਰ ਰਾਹੀਂ ਯਾਤਰਾ ਕਰ ਰਹੇ ਹੋ, ਤਾਂ ਏਅਰ ਕੰਡੀਸ਼ਨਿੰਗ ਦੀ ਵਰਤੋਂ ਕਰੋ। ਪਰ ਧਿਆਨ ਰੱਖੋ ਕਿ ਜੇਕਰ ਕਾਰ ਲੰਬੇ ਸਮੇਂ ਤੋਂ ਧੁੱਪ 'ਚ ਖੜ੍ਹੀ ਹੈ ਤਾਂ ਕਾਰ ਸਟਾਰਟ ਕਰਨ ਤੋਂ ਬਾਅਦ ਏਸੀ ਨੂੰ ਚਾਲੂ ਕਰੋ ਅਤੇ ਖਿੜਕੀਆਂ ਨੂੰ ਕੁਝ ਦੇਰ ਲਈ ਖੁੱਲ੍ਹਾ ਰੱਖੋ। ਕੁਝ ਸਮੇਂ ਬਾਅਦ ਇਨ੍ਹਾਂ ਨੂੰ ਬੰਦ ਕਰ ਦਿਓ।
  9. ਯਾਤਰਾ ਦੌਰਾਨ ਇੱਕ ਫਸਟ ਏਡ ਕਿੱਟ ਰੱਖਣਾ ਯਕੀਨੀ ਬਣਾਓ, ਜਿਸ ਵਿੱਚ ਓਆਰਐਸ ਅਤੇ ਕੂਲਿੰਗ ਪੈਕ ਦੇ ਨਾਲ ਜ਼ਰੂਰੀ ਦਵਾਈਆਂ ਹੋਣੀਆਂ ਚਾਹੀਦੀਆਂ ਹਨ।

ਮੁਢਲੀ ਡਾਕਟਰੀ ਸਹਾਇਤਾ: ਡਾਕਟਰ ਰਾਜੇਸ਼ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ ਅਚਾਨਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਜਾਵੇ, ਤਾਂ ਉਸ ਨੂੰ ਡਾਕਟਰ ਕੋਲ੍ਹ ਲੈ ਜਾਣਾ ਬਹੁਤ ਜ਼ਰੂਰੀ ਹੈ। ਪਰ ਉਸ ਸਮੇਂ ਮੁਢਲੀ ਡਾਕਟਰੀ ਸਹਾਇਤਾ ਬਹੁਤ ਮਹੱਤਵਪੂਰਨ ਹੁੰਦੀ ਹੈ। ਪੀੜਤ ਦੀ ਹਾਲਤ ਉਦੋਂ ਤੱਕ ਵਿਗੜ ਸਕਦੀ ਹੈ ਜਦੋਂ ਤੱਕ ਉਹ ਡਾਕਟਰ ਤੱਕ ਨਹੀਂ ਪਹੁੰਚਦਾ ਜਾਂ ਮਦਦ ਨਹੀਂ ਲੈਂਦਾ। ਹੀਟ ਸਟ੍ਰੋਕ ਦੀ ਸਥਿਤੀ ਵਿੱਚ ਡਾਕਟਰ ਕੋਲ੍ਹ ਪਹੁੰਚਣ ਤੋਂ ਪਹਿਲਾ ਪੀੜਿਤ ਵਿਅਕਤੀ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਬਚਾਇਆ ਜਾ ਸਕਦਾ ਹੈ।

  1. ਪੀੜਤ ਨੂੰ ਠੰਡੇ ਪਾਣੀ ਨਾਲ ਸਪੰਜ ਕਰੋ ਜਾਂ ਉਸ 'ਤੇ ਠੰਡੇ ਪਾਣੀ ਦਾ ਛਿੜਕਾਅ ਕਰਦੇ ਹੋਏ ਉਸ ਨੂੰ ਹਵਾ ਦਿਓ।
  2. ਗਰਦਨ ਅਤੇ ਕਮਰ 'ਤੇ ਗਿੱਲਾ ਅਤੇ ਠੰਡਾ ਕੱਪੜਾ ਰੱਖੋ।
  3. ਪੀੜਿਤ ਨੂੰ ਠੰਡੀ, ਨਮੀ ਵਾਲੀ ਚਾਦਰ ਨਾਲ ਢੱਕੋ ਅਤੇ ਉਸ 'ਤੇ ਪਾਣੀ ਦਾ ਛਿੜਕਾਅ ਕਰਦੇ ਰਹੋ।
  4. ਪੀੜਿਤ ਨੂੰ ਠੰਡਾ ਪਾਣੀ, ਇਲੈਕਟੋਲਾਈਟਸ, ਓਆਰਐਸ ਜਾਂ ਗਲੂਕੋਜ਼ ਵਾਲਾ ਡਰਿੰਕ ਦਿਓ।
  5. ਜੇਕਰ ਵਿਅਕਤੀ ਬੇਹੋਸ਼ ਹੋ ਗਿਆ ਹੈ ਅਤੇ ਹਲਕਾ ਸਾਹ ਲੈ ਰਿਹਾ ਹੈ, ਤਾਂ ਸੀ.ਪੀ.ਆਰ ਦੀ ਮਦਦ ਨਾਲ ਉਸਨੂੰ ਬਚਾਇਆ ਜਾ ਸਕਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.