ਰਾਜਪੁਰਾ: ਕਿਸਾਨੀ ਅੰਦੋਲਨ 2.0 ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ 'ਚ ਕਿਸਾਨਾਂ ਜੱਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ 'ਚ ਕਿਸਾਨ ਆਗੂਆਂ ਨੇ ਆਖਿਆ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਸੱਦਾ ਆਇਆ ਹੈ। ਇਹ ਮੀਟਿੰਗ 15 ਫ਼ਰਵਰੀ ਨੂੰ ਚੰਡੀਗੜ੍ਹ 'ਚ ਕੇਂਦਰ ਦੇ ਮੰਤਰੀਆਂ ਨਾਲ ਹੋਵੇਗੀ। ਇਸ ਤੋਂ ਪਹਿਲਾਂ ਕਿਸਾਨ ਵੱਲੋਂ ਦਿੱਲੀ ਕੂਚ ਦੇ ਵਿਚਾਲੇ ਇਹ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਆ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਵਿਚਾਲੇ ਬੁੱਧਵਾਰ ਸ਼ਾਮ 7 ਵਜੇ ਮੀਟਿੰਗ ਹੋ ਸਕਦੀ ਹੈ । ਇਹ ਵੀ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਪੀਯੂਸ਼ ਗੋਇਲ ਅਤੇ ਅਰਜੁਨ ਮੁੰਡਾ ਮੀਟਿੰਗ ਵਿੱਚ ਮੌਜੂਦ ਹੋ ਸਕਦੇ ਹਨ । ਇਹ ਵੀ ਸਾਹਮਣੇ ਆਇਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਤੋਂ ਕਿਸਾਨ ਅੰਦੋਲਨ ਨਾਲ ਜੁੜੀ ਜਾਣਕਾਰੀ ਲਈ ਹੈ ਅਤੇ ਕੁਝ ਨਿਰਦੇਸ਼ ਵੀ ਦਿੱਤੇ ਹਨ।
ਪੱਤਰਕਾਰਾਂ ਤੋਂ ਮੁਆਫ਼ੀ : ਉੱਥੇ ਹੀ ਕਿਸਾਨਾਂ ਵੱਲੋਂ ਮੀਡੀਆ ਕਰਮੀਆਂ ਨਾਲ ਜੋ ਬਦਸਲੂਕੀ ਹੋਈ ਹੈ ਉਸ ਬਾਰੇ ਵੀ ਮੁਆਫ਼ੀ ਮੰਗੀ ਗਈ। ਕਿਸਾਨ ਆਗੂ ਸਵਰਣ ਸਿੰਘ ਪੰਧੇਰ ਨੇ ਆਖਿਆ ਕਿ ਮੀਡੀਆ ਨਾਲ ਜੋ ਵੀ ਬਤਮੀਜ਼ੀ ਕੀਤੀ ਗਈ ਹੈ ਉਹ ਨਿੰਦਣਯੋਗ ਹੈ। ਅਸੀਂ ਇਸ ਦੀ ਜਾਂਚ ਕਰਾਂਗੇ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਵਲੰਟੀਅਰਾਂ ਨੂੰ ਮੀਡੀਆ ਦੀ ਸੁਰੱਖਿਆ ਲਈ ਲਗਾਇਆ ਜਾਵੇਗਾ।
ਸਰਕਾਰ ਦਾ ਰਵੱਈਆ ਠੀਕ ਨਹੀਂ: ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਵੱਲੋਂ ਲਗਾਤਾਰ ਕਿਸਾਨਾਂ 'ਤੇ ਵਾਰ ਕੀਤੇ ਜਾ ਰਹੇ ਹਨ। ਜਦੋਂ ਕਿਸਾਨ ਸ਼ਾਤਮਈ ਧਰਨਾ ਦੇ ਰਹੇ ਨੇ ਫਿਰ ਕਿਉਂ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ।ਉਨ੍ਹਾਂ ਆਖਿਆ ਕਿ ਸਰਕਾਰ ਦੇ ਇਸ ਸੰਦੇਸ਼ ਤੋਂ ਲੱਗ ਰਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਹੈ। ਹੁਣ ਵੇਖਣਾ ਹੋਵੇਗਾ ਕਿ ਕੱਲ੍ਹ ਤੀਜੇ ਦੌਰ ਦੀ ਮੀਟਿੰਗ 'ਚ ਕੀ ਕਿਸਾਨਾਂ ਅੱਗੇ ਸਰਕਾਰ ਝੁਕੇਗੀ ਜਾਂ ਫਿਰ ਕਿਸਾਨ ਦਿੱਲੀ ਜਾ ਕੇ ਹੀ ਦਮ ਲੈਣਗੇ।