ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਮੋਗਾ:ਪਿਛਲੇ ਦਿਨੀਂ NIA ਵਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਰੇਡ ਕੀਤੀ ਗਈ। ਜਿਸ 'ਚ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ 'ਤੇ ਇਹ ਕਾਰਵਾਈ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਦੀਆਂ ਜ਼ਮੀਨਾਂ ਵੀ ਜ਼ਬਤ ਕੀਤੀਆਂ ਗਈਆਂ। ਇਸ ਦੇ ਚੱਲਦੇ ਮੋਗਾ ਦੇ ਪਿੰਡ ਰੋਡੇ 'ਚ ਵੀ ਐਨਆਈਏ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਂਲੇ ਦੇ ਭਤੀਜੇ ਲਖਵੀਰ ਸਿੰਘ ਰੋਡੇ ਦੇ ਘਰ ਰੇਡ ਕੀਤੀ ਅਤੇ ਉਨ੍ਹਾਂ ਦੀ ਜ਼ਮੀਨ ਨੂੰ ਜ਼ਬਤ ਕਰਨ ਦਾ ਨੋਟਿਸ ਲਾ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸਕੇ ਭਰਾ ਅਤੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਵਲੋਂ ਮਡਿੀਆ ਨਾਲ ਗੱਲਬਾਤ ਕੀਤੀ ਗਈ। (NIA Raid) (Former Jathedar Jasvir Singh Rode)
ਕਈ ਦਹਾਕਿਆਂ ਤੋਂ ਭਾਰਤ ਨਹੀਂ ਆਇਆ ਲਖਵੀਰ ਰੋਡੇ: ਜਿਸ 'ਚ ਉਨ੍ਹਾਂ ਕਿਹਾ ਕਿ ਐਨਆਈਏ ਵਲੋਂ ਬੀਤੇ ਦਿਨੀਂ ਕਾਰਵਾਈ ਕਰਕੇ ਉਨ੍ਹਾਂ ਦੇ ਭਰਾ ਦੀ ਜ਼ਮੀਨ ਜ਼ਬਤ ਕਰਨ ਦਾ ਨੋਟਿਸ ਲਾਇਆ ਹੈ। ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਤਾਂ 1983 ਤੋਂ ਕਦੇ ਭਾਰਤ ਹੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਦੁਬਈ 'ਚ ਉਨ੍ਹਾਂ ਦੋਵਾਂ ਭਰਾਵਾਂ ਦਾ ਚੰਗਾ ਕਾਰੋਬਾਰ ਸੀ ਤੇ ਕਈ ਵਰਕਰ ਉਨ੍ਹਾਂ ਦੇ ਕੋਲ ਕੰਮ ਕਰਦੇ ਸਨ। ਜਿਸ ਤੋਂ ਬਾਅਦ ਉਹ ਇੰਗਲੈਂਡ ਗਏ ਤੇ ਉਥੇ ਇੰਟਰਨੈਸਨਲ ਯੂਥ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਬਣੇ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਆਪਣੇ ਢੰਗ ਵਸੀਲੇ ਵਰਤ ਕੇ ਉਨ੍ਹਾਂ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਦੁਬਈ ਆਪਣਾ ਕੰਮ ਛੱਡ ਕੇ ਉਨ੍ਹਾਂ ਦਾ ਭਰਾ ਲਖਵੀਰ ਸਿੰਘ ਰੋਡੇ ਫਿਰ ਕੈਨੇਡਾ ਚੱਲ ਗਏ ਤੇ ਮੁੜ ਕੇ ਵਾਪਸ ਨਹੀਂ ਆਏ।
ਹਰਿਆਣਾ 'ਚ ਐਨਐਸਏ ਕਿਉਂ ਨਹੀਂ: ਉਨ੍ਹਾਂ ਕਿਹਾ ਕਿ ਭਾਰਤੀ ਸਰਕਾਰ ਦਾ ਸਿੱਖਾਂ ਪ੍ਰਤੀ ਚਿਹਰਾ ਸਾਹਮਣੇ ਆ ਰਿਹਾ ਹੈ, ਜੋ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਹੈ। ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਇਥੇ ਅੰਮ੍ਰਿਤਪਾਲ ਸਿੰਘ ਅਤੇ ਉੇਸ ਦੇ ਕੁਝ ਸਾਥੀਆਂ 'ਤੇ ਐਨਐਸਏ ਲਗਾ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ, ਜਿੰਨ੍ਹਾਂ ਦਾ ਸਿਰਫ਼ ਇਹ ਕਸੂਰ ਦੱਸਿਆ ਕਿ ਉਨ੍ਹਾਂ ਥਾਣੇ 'ਤੇ ਹਮਲਾ ਕਰ ਦਿੱਤਾ, ਜਦਕਿ ਹਰਿਆਣਾ 'ਚ ਤਾਂ ਥਾਣੇ 'ਤੇ ਕਬਜ਼ਾ ਵੀ ਹੋਇਆ ਤੇ ਪੁਲਿਸ ਵਾਲਿਆਂ ਦੇ ਕਤਲ ਵੀ ਹੋਏ ਪਰ ਉਥੇ ਕੋਈ ਐਨਐਸਏ ਨਹੀਂ ਲਗਾਈ ਗਈ ਤੇ ਉਲਟਾ ਉਹ ਮੁਲਜ਼ਮ ਜ਼ਮਾਨਤਾਂ 'ਤੇ ਬਾਹਰ ਘੁੰਮ ਰਹੇ ਹਨ। ਉਂਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ।
ਸਿੱਖ ਨੌਜਵਾਨਾਂ 'ਤੇ ਝੂਠੇ ਮੁਕੱਦਮੇ ਦਰਜ: ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਇਕੱਲੇ ਉਨ੍ਹਾਂ ਦੀ ਜ਼ਮੀਨ 'ਤੇ ਹੀ ਨਹੀਂ ਸਗੋਂ ਪੰਜਾਬ 'ਚ ਹੋਰ ਵੀ ਕਈ ਸਿੱਖਾਂ ਦੀਆਂ ਜ਼ਮੀਨਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਉਨ੍ਹਾਂ ਵਲੋਂ ਵਕੀਲਾਂ ਨਾਲ ਕਾਨੂੰਨੀ ਸਲਾਹ ਲੈਕੇ ਅਗਲੀ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਭਾਵੇਂ ਉਨ੍ਹਾਂ ਦੇ ਘਰ ਵੀ ਜ਼ਬਤ ਕਰ ਲਵੇ ਪਰ ਉਹ ਹੱਕ ਸੱਚ ਲਈ ਬੋਲਣੋ ਪਿਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਐਨਆਈਏ ਦਾ ਜੋ ਮੁਖੀ ਹੈ, ਉੇਹ ਹੀ ਸਿੱਖ ਵਿਰੋਧੀ ਹੈ, ਜਿਸ ਨੇ ਪੰਜਾਬ ਦੇ ਕਈ ਸਿੱਖ ਨੌਜਵਾਨਾਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਹਨ। ਜਿਸ 'ਚ ਉਨ੍ਹਾਂ 'ਤੇ ਵੀ ਮਾਮਲਾ ਦਰਜ ਕੀਤਾ ਸੀ, ਜਿਸ 'ਚ ਅੱਠ ਸਾਲ ਜੇਲ੍ਹ ਕੱਟੀ ਪਰ ਅਦਾਲਤਾਂ ਨੇ ਸੱਭ ਸਾਫ਼ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਦੇ 1983 ਤੋਂ ਬਾਅਦ ਭਾਰਤ ਹੀ ਨਹੀਂ ਆਇਆ, ਉਸ 'ਤੇ ਸਰਕਾਰ ਭਾਵੇਂ ਜੋ ਵੀ ਕੇਸ ਪਾਈ ਜਾਵੇ ਪਰ ਉਸ ਨੂੰ ਸਾਬਤ ਕਰਨਾ ਵੀ ਬਹੁਤ ਜ਼ਰੂਰੀ ਹੈ।