ਪੰਜਾਬ

punjab

ਲੁਧਿਆਣਾ 'ਚ 40 ਫ਼ੀਸਦੀ ਝੁਲਸੀ ਔਰਤ, ਸਹੁਰੇ ਪਰਿਵਾਰ 'ਤੇ ਲੱਗੇ ਇਲਜ਼ਾਮ, ਸਿਵਲ ਹਸਪਤਾਲ ਤੋਂ ਚੰਡੀਗੜ੍ਹ ਕੀਤਾ ਗਿਆ ਰੈਫਰ

By

Published : Jul 21, 2023, 12:59 PM IST

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਵਿਆਹੁਤਾ ਨੂੰ ਅੱਧ ਝੁਲਸੀ ਹਾਲਤ ਵਿੱਚ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ। ਪੀੜਤ ਮਹਿਲਾ ਦੇ ਭਰਾ ਦਾ ਕਹਿਣਾ ਹੈ ਕਿ ਸਹੁਰਾ ਪਰਿਵਾਰ ਨੇ ਮਹਿਲਾ ਨੂੰ ਤੇਲ ਪਾਕੇ ਸਾੜਿਆ ਹੈ।

Woman burnt by fire in Ludhiana
ਲੁਧਿਆਣਾ 'ਚ 40 ਫ਼ੀਸਦੀ ਝੁਲਸੀ ਔਰਤ, ਸਹੁਰੇ ਪਰਿਵਾਰ 'ਤੇ ਲੱਗੇ ਇਲਜ਼ਾਮ, ਸਿਵਲ ਹਸਪਤਾਲ ਤੋਂ ਚੰਡੀਗੜ੍ਹ ਕੀਤਾ ਗਿਆ ਰੈਫਰ

ਸਹੁਰੇ ਪਰਿਵਾਰ 'ਤੇ ਲੱਗੇ ਇਲਜ਼ਾਮ



ਲੁਧਿਆਣਾ:
ਗਿਆਸਪੁਰਾ ਇਲਾਕੇ ਦੀ ਰਹਿਣ ਵਾਲੀ ਵਿਆਹੁਤਾ ਸੁਮਨ ਨੂੰ ਬੀਤੀ ਰਾਤ ਗੰਭੀਰ ਹਾਲਤ ਵਿੱਚ ਲਿਆ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੇ ਸਰੀਰ ਦਾ ਉਪਰਲਾ ਹਿੱਸਾ ਬੁਰੀ ਤਰਾਂ ਝੁਲਸਿਆ ਹੈ। ਡਾਕਟਰਾਂ ਦੇ ਮੁਤਾਬਿਕ ਉਹ 40% ਤੱਕ ਝੁਲਸ ਗਈ ਸੀ, ਇਸ ਕਰਕੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਪੀੜਤਾ ਦੇ ਭਰਾ ਨੇ ਉਸ ਦੇ ਸਹੁਰਾ ਪਰਿਵਾਰ ਉੱਤੇ ਉਸਦੀ ਭੈਣ ਨੂੰ ਅੱਗ ਲਾਉਣ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਸਿਵਲ ਹਸਪਤਾਲ ਵੱਲੋਂ ਲੁਧਿਆਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਫਿਲਹਾਲ ਪੀੜਤਾ ਦੇ ਇਲਾਜ ਲਈ ਉਸ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।



ਸਹੁਰਾ ਪਰਿਵਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ:ਪੀੜਤਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ। ਉਸ ਦਾ ਸਹੁਰਾ, ਉਸ ਦਾ ਜੇਠ ਅਤੇ ਉਸ ਦਾ ਜੀਜਾ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਦਾਜ ਦੀ ਮੰਗ ਕਰ ਰਹੇ ਸਨ। ਇਸੇ ਦੇ ਚਲਦਿਆਂ ਸਹੁਰੇ ਪਰਿਵਾਰ ਨੇ ਰਾਤ ਉਨ੍ਹਾਂ ਦੀ ਬੇਟੀ ਨੂੰ ਅੱਗ ਲਗਾ ਦਿੱਤੀ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਪੁਲਿਸ ਨੂੰ ਸਹੁਰਾ ਪਰਿਵਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


ਐਮਐਲਆਰ ਕਟਵਾ ਦਿੱਤੀ ਗਈ: ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਬੀਤੀ ਰਾਤ ਮਾਮਲਾ ਆਇਆ ਸੀ। ਮਹਿਲਾ 40 ਫ਼ੀਸਦੀ ਤੱਕ ਝੁਲਸ ਚੁੱਕੀ ਸੀ। ਜਿਸ ਤੋਂ ਬਾਅਦ ਉਸ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਗੰਭੀਰ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਦੇ 32 ਸੈਕਟਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਡਾਕਟਰ ਨੇ ਕਿਹਾ ਕਿ ਐਮ ਐਲ ਆਰ ਕਟਵਾ ਦਿੱਤੀ ਗਈ ਹੈ। ਪੁਲਿਸ ਨੂੰ ਇਸ ਸਬੰਧੀ ਇਤਲਾਹ ਦੇ ਦਿੱਤੀ ਹੈ, ਪਰ ਉਨ੍ਹਾਂ ਦਾ ਪਹਿਲਾ ਫਰਜ਼ ਪੀੜਤਾ ਦੀ ਜਾਨ ਬਚਾਉਣਾ ਹੈ।


ABOUT THE AUTHOR

...view details