ਪੰਜਾਬ

punjab

ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਚਿੰਤਾਂ ਦਾ ਵਿਸ਼ਾ, ਜਾਣੋ ਕਿਉਂ ਵਾਇਰਸ ਵਾਂਗ ਫੈਲ ਰਹੀ ਬਿਮਾਰੀ ?

By ETV Bharat Punjabi Team

Published : Jan 19, 2024, 3:38 PM IST

ਹਰ ਸੀਜ਼ਨ 'ਚ ਪਸ਼ੂਆਂ ਨੂੰ ਕੋਈ ਨਾ ਕੋਈ ਬਿਮਾਰੀ ਆ ਘੇਰਦੀ ਹੈ। ਹੁਣ ਸਰਦੀ ਦੇ ਮੌਸਮ 'ਚ ਲਗਾਤਾਰ ਦੁਧਾਰੂ ਪਸ਼ੂਆਂ ਦੀ ਮੌਤ ਹੋ ਰਹੀ ਹੈ। ਜਿਸ ਕਾਰਨ ਪਸ਼ੂ ਪਾਲਕ ਬੇਹੱਦ ਚਿੰਤਤ ਹਨ। ਕੀ ਹੈ ਪੂਰਾ ਮਾਮਲਾ ਪੜ੍ਹੋ ਖਾਸ ਰਿਪੋਰਟ ?

Death of dairy cattle due to throat disease
ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਚਿੰਤਾਂ ਦਾ ਵਿਸ਼ਾ, ਕਿਉਂ ਵਾਇਰਸ ਵਾਂਗ ਫੈਲ ਰਹੀ ਬਿਮਾਰੀ?

ਡਾਕਟਰ ਨਾਲ ਖਾਸ ਗੱਲਬਾਤ

ਲੁਧਿਆਣਾ: ਪੰਜਾਬ ਦੇ ਮਾਲਵੇ ਇਲਾਕੇ ਵਿੱਚ ਖਾਸ ਕਰਕੇ ਬਠਿੰਡਾ ਦੇ ਦੋ ਪਿੰਡਾਂ ਦੇ ਅੰਦਰ ਦਰਜਨਾਂ ਦੁਧਾਰੂ ਪਸ਼ੂਆਂ ਦੀ ਗਲ ਘੋਟੂ ਬਿਮਾਰੀ ਕਾਰਨ ਮੌਤ ਹੋ ਜਾਣ ਕਰਕੇ ਕਿਸਾਨ ਚਿੰਤਾ ਵਿੱਚ ਹਨ। ਪਸ਼ੂ ਵਿਭਾਗ ਵੱਲੋਂ ਵੀ ਇਸ ਨੂੰ ਲੈ ਕੇ ਕਿਸਾਨਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਹਸਬੈਂਡਰੀ ਵਿਭਾਗ ਦੇ ਮੁਤਾਬਿਕ ਹੁਣ ਤੱਕ 62 ਡੇਅਰੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 70 ਦੇ ਕਰੀਬ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ। ਮਰੇ ਹੋਏ ਪਸ਼ੂਆਂ ਤੋਂ ਸੈਂਪਲ ਲੈ ਕੇ ਜਲੰਧਰ ਲੈਬੋਰਟਰੀ ਦੇ ਵਿੱਚ ਭੇਜੇ ਗਏ ਹਨ। ਬਠਿੰਡਾ ਦੇ ਇੱਕੋ ਹੀ ਪਿੰਡ ਦੇ ਵਿੱਚ 50 ਤੋਂ ਵੱਧ ਪਸ਼ੂਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਪੰਜਾਬ ਐਨੀਮਲ ਹਸਬੈਂਡਰੀ ਦੇ ਡਾਇਰੈਕਟਰ ਵੱਲੋਂ ਬਠਿੰਡਾ ਦੇ ਉਹਨਾਂ ਪਿੰਡਾਂ ਦੇ ਵਿੱਚ ਬੀਤੇ ਦਿਨੀ ਦੌਰਾ ਵੀ ਕੀਤਾ ਗਿਆ ਹੈ। ਇਸ ਨੂੰ ਲੈ ਕੇ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਪਸ਼ੂ ਪਾਲਕ ਕਿਸਾਨਾਂ ਨੂੰ ਸਤਰਕ ਰਹਿਣ ਲਈ ਕਿਹਾ ਗਿਆ ਹੈ ਅਤੇ ਸਾਫ ਕੀਤਾ ਗਿਆ ਹੈ ਕਿ ਜੇਕਰ ਇਸ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਇਹ ਵਾਇਰਸ ਵਾਂਗ ਤੇਜ਼ੀ ਨਾਲ ਫੈਲੇਗੀ ਅਤੇ ਪੂਰੇ ਦੇ ਪੂਰੇ ਪਿੰਡਾਂ ਦੇ ਵਿੱਚ ਦੁਧਾਰੂ ਪਸ਼ੂਆਂ ਦੀਆਂ ਮੌਤਾਂ ਹੋ ਜਾਣਗੀਆਂ, ਜਿਸ ਨੂੰ ਫਿਰ ਡਾਕਟਰ ਵੀ ਨਹੀਂ ਬਚਾ ਸਕਣਗੇ।

ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਚਿੰਤਾਂ ਦਾ ਵਿਸ਼ਾ

ਕਿਉਂ ਫੈਲ ਰਹੀ ਬਿਮਾਰੀ: ਦਰਅਸਲ ਇਹਨਾਂ ਪਿੰਡਾਂ ਵਿੱਚ ਜੋ ਬਿਮਾਰੀ ਫੈਲ ਰਹੀ ਹੈ ਉਹ ਕੋਈ ਨਵੀਂ ਬਿਮਾਰੀ ਨਹੀਂ ਹੈ ।ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਮੈਡੀਕਲ ਵਿਭਾਗ ਦੇ ਮੁਖੀ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਗਲ ਘੋਟੂ ਬਿਮਾਰੀ ਹੀ ਹੈ ,ਜਿਸ ਨਾਲ ਪਸ਼ੂਆਂ ਦੀ ਇਨੀ ਵੱਡੀ ਤਾਦਾਦ ਦੇ ਵਿੱਚ ਮੌਤ ਹੋ ਰਹੀ ਹੈ । ਉਹਨਾਂ ਕਿਹਾ ਕਿ ਸਰਦੀਆਂ ਦੇ ਵਿੱਚ ਅਕਸਰ ਹੀ ਪਸ਼ੂ ਤਨਾਅ ਦੇ ਵਿੱਚ ਆ ਜਾਂਦੇ ਹਨ ।ਜਿਸ ਕਰਕੇ ਉਹਨਾਂ ਨੂੰ ਗਲ ਘੋਟੂ ਬਿਮਾਰੀ ਲੱਗ ਜਾਂਦੀ ਹੈ ਅਤੇ ਇਹ ਬਿਮਾਰੀ ਸਾਹ ਦੇ ਨਾਲ ਅੱਗੇ ਤੋਂ ਅੱਗੇ ਫੈਲਦੀ ਹੈ। ਜਿਸ ਨਾਲ ਇੱਕ ਤੋਂ ਬਾਅਦ ਇੱਕ ਇਹ ਬਿਮਾਰੀ ਦੂਜੇ ਪਸ਼ੂਆਂ ਨੂੰ ਲੱਗਦੀ ਹੈ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਐਚ ਐਸ ਬੈਕਟੀਰੀਆ ਦਾ ਨਾਂ ਵੀ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬਠਿੰਡਾ ਦੇ ਵਿੱਚ ਜੋ ਪਸ਼ੂਆਂ ਦੀ ਮੌਤ ਹੋਈ ਹੈ ।ਉਸ ਨੂੰ ਇਸ ਬਿਮਾਰੀ ਦੇ ਨਾਲ ਵੀ ਜੋੜ ਕੇ ਜ਼ਰੂਰ ਦੇਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਬਿਮਾਰੀ ਮੂੰਹ ਖੁੱਲ੍ਹ ਦੀ ਚੱਲ ਰਹੀ ਹੈ ਜਿਸ ਦੀ ਵਿਭਾਗ ਵਲੋਂ ਪੁਸ਼ਟੀ ਵੀ ਕੀਤੀ ਹੈ ਚੁੱਕੀ ਹੈ। ਉਹ ਬਿਮਾਰੀ ਵੀ ਪਸ਼ੂਆਂ 'ਚ ਤਨਾਅ ਵੱਧ ਜਾਣ ਕਰਕੇ ਫੈਲ ਰਹੀ ਹੈ। ਮੁੱਖ ਤੌਰ 'ਤੇ ਲਗਤਾਰ ਪੈ ਰਹੀ ਠੰਢ ਹੀ ਇਸ ਦਾ ਕਾਰਨ ਹੈ। ਪਸ਼ੂ ਜਿਆਦਾ ਠੰਢ ਹੋਣ ਦੇ ਨਾਲ ਤਨਾਅ 'ਚ ਆ ਜਾਂਦੇ ਨੇ, ਖਾਸ ਕਰਕੇ ਛੋਟੇ ਅਤੇ ਬਜ਼ੁਰਗ ਪਸ਼ੂਆਂ 'ਤੇ ਇਸ ਦਾ ਜਿਆਦਾ ਅਸਰ ਹੁੰਦਾ ਹੈ। ਛੋਟੇ ਪਸ਼ੂਆਂ ਨੂੰ ਨਿਮੋਨੀਆ ਵੀ ਹੋ ਸਕਦਾ ਹੈ।

ਕੀ ਕਰਨ ਕਿਸਾਨ ?: ਮਾਹਿਰ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਨੂੰ ਪਸ਼ੂਆਂ ਨੂੰ ਤਨਾਅ ਤੋਂ ਬਚਾਉਣ ਦੀ ਲੋੜ ਹੈ। ਪਸ਼ੂਆਂ ਦੀ ਖੁਰਾਕ 'ਚ ਵਾਧਾ ਕਰਨ ਦੀ ਲੋੜ ਹੈ। ਪਸ਼ੂਆਂ ਨੂੰ ਆਪਣੇ ਸਰੀਰ 'ਚ ਗਰਮੀ ਬਣਾਉਣ ਦੇ ਲਈ ਵੱਧ ਖੁਰਾਕ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਗਲ ਘੋਟੂ ਦਾ ਟੀਕਾਕਰਨ ਬਹੱਦ ਜਰੂਰੀ ਹੈ ।ਸਾਲ 'ਚ ਘੱਟੋ-ਘੱਟ 2 ਵਾਰ ਟੀਕਾਕਰਨ ਕਰਵਾਉਣ ਦੀ ਲੋੜ ਹੈ। ਇੱਕ ਅਕਤੂਬਰ 'ਚ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਦੂਜਾ ਜੂਨ ਜੁਲਾਈ 'ਚ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ। ਉਨ੍ਹਾਂ ਕਿਹਾ ਕਿ ਇਹ ਇਕ ਮਾਤਰ ਇਸ ਦਾ ਇਲਾਜ ਹੈ ਨਹੀਂ ਤਾਂ ਕੋਈ ਡਾਕਟਰ ਵੀ ਪਸ਼ੂਆਂ ਨੂੰ ਬਚਾਅ ਨਹੀਂ ਸਕਦਾ। ਡਾਕਟਰ ਨੇ ਕਿਹਾ ਕਿ ਗਲ ਘੋਟੂ ਦੇ ਨਾਲ ਬਹੁਤ ਜਿਆਦਾ ਮੌਤਾਂ ਹੁੰਦੀਆਂ ਨੇ ਕਈ ਵਾਰ ਪਸ਼ੂ ਖੜੇ ਹੀ ਡਿੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਪਸ਼ੂਆਂ ਦਾ ਦਾਣਾ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਕਮਜ਼ੋਰ ਪਸ਼ੂ ਨੂੰ ਨਿਮੋਨੀਆ ਬਹੁਤ ਜਲਦੀ ਹੁੰਦਾ ਹੈ । ਇਸ ਲਈ ਬਿਮਾਰੀਆਂ ਦੇ ਨਾਲ ਵਾਇਰਸ ਦੇ ਨਾਲ ਲੜਨ ਲਈ ਸਮਰੱਥਾ ਬਣਾਉਣ ਦੇ ਲਈ ਦਾਣਾ ਜਿਆਦਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਾ 10 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਉਦੋਂ ਪਸ਼ੂਆਂ ਨੂੰ ਤਨਾਅ ਤੋਂ ਮੁਕਤ ਰੱਖਣ ਦੀ ਲੋੜ ਹੈ।

ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਚਿੰਤਾਂ ਦਾ ਵਿਸ਼ਾ

ਬਿਮਾਰੀ ਦੇ ਕੀ ਨੇ ਲੱਛਣ?:ਮਾਹਿਰ ਡਾਕਟਰਾਂ ਮੁਤਾਬਿਕ ਗਲ ਘੋਟੂ ਦਾ ਸਭ ਤੋਂ ਅਹਿਮ ਲੱਛਣ ਪਸ਼ੂ ਦੀ ਅਚਨਚੇਤ ਮੌਤ ਹੈ। ਜਾਨਵਰ ਨੂੰ ਗਲ ਘੋਟੂ ਨਾਲ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬੁਖਾਰ ਹੋਣ ਤੋਂ ਬਾਅਦ ਸਾਹ ਔਖਾ ਆਉਂਦਾ ਹੈ ਅਤੇ ਉਸ ਦੇ ਫੇਫੜਿਆਂ 'ਚ ਇਨਫੈਕਸ਼ਨ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਪਿੰਡ 'ਚ ਮੌਤਾਂ ਹੋ ਰਹੀਆਂ ਹਨ ਤਾਂ ਤੁਰੰਤ ਪੂਰੇ ਪਿੰਡ 'ਚ ਪਸ਼ੂਆਂ ਨੂੰ ਟੀਕਾਕਰਨ ਦੀ ਲੋੜ ਹੈ । ਇਸ ਨਾਲ ਬਿਮਾਰੀ ਪਿੰਡ 'ਚ ਬਾਕੀ ਪਸ਼ੂਆਂ ਚ ਨਹੀਂ ਫੈਲੇਗੀ।ਡਾਕਟਰਾਂ ਮੁਤਾਬਿਕ ਇਹ ਕਾਫੀ ਭਿਅਨਕ ਬਿਮਾਰੀ ਹੈ।

ਟੀਕਾਕਰਨ ਨਾਲ ਦੁੱਧ ਘੱਟਣ ਦੇ ਆਸਾਰ: ਡਾਕਟਰ ਅਸ਼ਵਨੀ ਨੇ ਕਿਹਾ ਹੈ ਕਿ ਅਕਸਰ ਹੀ ਸਾਡੇ ਕਿਸਾਨ ਇਸ ਗੱਲ ਤੋਂ ਡਰਦੇ ਹਨ ਕਿ ਜਦੋਂ ਉਹ ਪਸ਼ੂਆਂ ਦਾ ਟੀਕਾਕਰਨ ਕਰਾਉਂਦੇ ਹਨ ਤਾਂ ਉਸ ਦੇ ਨਾਲ ਉਹਨਾਂ ਦਾ ਦੁੱਧ ਘੱਟ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਬਿਲਕੁਲ ਸਹੀ ਹਨ ਕੁਝ ਸਮੇਂ ਲਈ ਪਸ਼ੂਆਂ ਦਾ ਦੁੱਧ ਜ਼ਰੂਰ ਘਟਦਾ ਹੈ ਪਰ ਇਹ ਇਸੇ ਤਰ੍ਹਾਂ ਹੈ ਜਦੋਂ ਸਾਨੂੰ ਵੈਕਸੀਨ ਲੱਗਦੀ ਹੈ ਤਾਂ ਸਾਨੂੰ ਬੁਖਾਰ ਚੜਦਾ ਹੈ ਤਾਂ ਇਸੇ ਤਰ੍ਹਾਂ ਪਸ਼ੂਆਂ ਦਾ ਦੁੱਧ ਵੀ ਕੁਝ ਸਮੇਂ ਲਈ ਘੱਟ ਜਾਂਦਾ ਹੈ ਪਰ ਉਸ ਨੂੰ ਵੀ ਬਾਅਦ ਵਿੱਚ ਪੂਰਾ ਕੀਤਾ ਜਾ ਸਕਦਾ ਹੈ ਪਰ ਜੇਕਰ ਇੱਕ ਵਾਰੀ ਪਸ਼ੂ ਮਰ ਜਾਂਦਾ ਹੈ ਤਾਂ ਫਿਰ ਕਿਸਾਨ ਲਈ ਸਿੱਧਾ ਵੱਡਾ ਨੁਕਸਾਨ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪਸ਼ੂ ਦਾ ਟੀਕਾਕਰਨ ਕਰਵਾਇਆ ਜਾਂਦਾ ਹੈ ਤਾਂ ਉਸ ਵੇਲੇ ਉਸ ਦੀ ਖੁਰਾਕ ਦੇ ਵਿੱਚ ਵਾਧਾ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਉਸ ਦੇ ਦੁੱਧ ਵਿੱਚ ਕਟੌਤੀ ਨਹੀਂ ਹੋਵੇਗੀ। ਅਜਿਹਾ ਕਰਨ ਨਾਲ ਕਾਫੀ ਫਾਇਦਾ ਹੋਵੇਗਾ ਪਰ ਟੀਕਾਕਰਨ ਬੇਹਦ ਜ਼ਰੂਰੀ ਹੈ।

ਪੰਜਾਬ 'ਚ ਦੁਧਾਰੂ ਪਸ਼ੂਆਂ ਦੀ ਲਗਾਤਾਰ ਹੋ ਰਹੀ ਮੌਤ ਚਿੰਤਾਂ ਦਾ ਵਿਸ਼ਾ

ਪਰਾਲੀ ਦੀ ਵਰਤੋਂ: ਡਾਕਟਰ ਅਸ਼ਵਨੀ ਨੇ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਫੂਕ ਦਿੰਦੇ ਹਨ। ਜਦੋਂ ਕਿ ਪਰਾਲੀ ਇਹਨਾਂ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਦੇ ਲਈ ਖਾਸ ਤੌਰ 'ਤੇ ਵਰਦਾਨ ਹੈ ।ਕਿਸਾਨ ਪਰਾਲੀ ਦੀਆਂ ਗੰਢਾਂ ਦੇ ਨਾਲ ਕੰਧਾਂ ਬਣਾ ਸਕਦੇ ਹਨ। ਇਸ ਤੋਂ ਇਲਾਵਾ ਪਸ਼ੂਆਂ ਦੇ ਹੇਠਾਂ ਇਸ ਨੂੰ ਵਿਛਾਇਆ ਜਾ ਸਕਦਾ ਹੈ। ਜਿਸ ਨਾਲ ਉਹਨਾਂ ਨੂੰ ਕਾਫੀ ਨਿੱਘ ਮਿਲਦਾ ਹੈ ਅਤੇ ਉਹਨਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ। ਇਸ ਦਾ ਦੂਜਾ ਫਾਇਦਾ ਹੋਵੇਗਾ ਕਿ ਵਾਤਾਵਰਨ ਸਾਫ਼ ਹੋਵੇਗਾ। ਉਨ੍ਹਾਂ ਆਖਿਆ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਚੰਗਾ ਹੈ ਕਿ ਉਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ ।ਇਸ ਤੋਂ ਇਲਾਵਾ ਜਿਹੜੀ ਪਰਾਲੀ 'ਤੇ ਪਸ਼ੂ ਮੂਤਰ ਕਰਦੇ ਹਨ ਜਾਂ ਗੋਹਾ ਕਰਦੇ ਹਨ ਉਸ ਦੀ ਵੀ ਬਹੁਤ ਚੰਗੀ ਖਾਦ ਬਣਦੀ ਹੈ। ਉਹ ਫਸਲਾਂ ਲਈ ਖਾਸ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਵੀ ਕਾਫੀ ਕਾਰਗਰ ਸਾਬਿਤ ਹੁੰਦੀ ਹੈ। ਉਸ ਦੀ ਵੀ ਵਰਤੋਂ ਕਿਸਾਨ ਕਰ ਸਕਦੇ ਹਨ। ਉਹਨਾਂ ਕਿਹਾ ਜੇਕਰ ਆਹ ਦੋ ਢਾਈ ਮਹੀਨੇ ਕਿਸਾਨ ਪਰਾਲੀ ਵਰਤ ਲੈਣ ਤਾਂ ਪਰਾਲੀ ਦਾ ਅੱਧਾ ਮਸਲਾ ਹੱਲ ਹੋ ਸਕਦਾ ਹੈ। ਇਸ ਤੋਂ ਇਲਾਵਾ ਡਾਕਟਰ ਅਸ਼ਵਨੀ ਨੇ ਇਹ ਵੀ ਕਿਹਾ ਕਿ ਲੋਕ ਅਫਵਾਹਾਂ ਦੇ ਵਿੱਚ ਨਾ ਪੈਣ ਜੇਕਰ ਉਹਨਾਂ ਦੇ ਪਸ਼ੂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਵੈਟਰਨਰੀ ਡਾਕਟਰ ਦੇ ਨਾਲ ਸੰਪਰਕ ਕਰਨ। ਘਰੇਲੂ ਉਪਚਾਰ ਨਾਲੋਂ ਜਿਆਦਾ ਜ਼ਰੂਰੀ ਹੈ ਕਿ ਡਾਕਟਰ ਹੀ ਉਸ ਦਾ ਇਲਾਜ ਕਰੇ।

ਡਾਕਟਰ ਦਾ ਬਿਆਨ

ABOUT THE AUTHOR

...view details