ਪੰਜਾਬ

punjab

Migrants Of Ludhiana : ਆਖਿਰ ਕਈ ਸਾਲਾਂ ਤੋਂ ਪਿੰਡ 'ਚ ਰਹਿ ਰਹੇ ਪਰਵਾਸੀ ਕਿਉਂ ਛੱਡ ਰਹੇ ਘਰ, ਪੜ੍ਹੋ ਮਸਲਾ

By ETV Bharat Punjabi Team

Published : Aug 25, 2023, 5:25 PM IST

ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਪਰਵਾਸੀਆਂ ਨੂੰ ਘਰ ਛੱਡਣੇ ਪੈ ਰਹੇ ਹਨ, ਕਿਉਂਕਿ ਪਿੰਡ ਦੇ ਕੁੱਝ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਲੰਘੇ ਸੰਮੇਂ ਵਿੱਚ ਪਿੰਡ ਵਿੱਚ ਹੋਈਆਂ ਚੋਰੀਆਂ ਇਨ੍ਹਾਂ ਨੇ ਕੀਤੀਆਂ ਹਨ।

Migrants Of Ludhiana
ਲੁਧਿਆਣਾ ਦਾ ਪਿੰਡ ਹਸਨਪੁਰ ਆਇਆ ਚਰਚਾ 'ਚ, ਆਖਿਰ ਕਈ ਸਾਲਾਂ ਤੋਂ ਪਿੰਡ 'ਚ ਰਹਿ ਰਹੇ ਪਰਵਾਸੀ ਕਿਉਂ ਛੱਡ ਰਹੇ ਨੇ ਘਰ, ਪੜ੍ਹੋ ਮਸਲਾ...

ਹਸਨਪੁਰ ਵਿੱਚ ਰਹਿਣ ਵਾਲੇ ਪ੍ਰਵਾਸੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ :ਲੁਧਿਆਣਾ ਦਾ ਪਿੰਡ ਹਸਨਪੁਰ ਇੱਕ ਵਾਰ ਫਿਰ ਖਬਰਾਂ ਵਿੱਚ ਹੈ, ਦਰਅਸਲ ਇੱਥੇ ਰਹਿੰਦੇ ਕੁਝ ਪ੍ਰਵਾਸੀ ਪਿੰਡ ਛੱਡ ਕੇ ਚਲੇ ਗਏ ਹਨ ਅਤੇ ਕਈ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਦਾ ਕਾਰਨ ਪਿੰਡ ਦੇ ਹੀ ਕੁਝ ਲੋਕਾਂ ਨੇ, ਜਿਨ੍ਹਾ ਨੇ ਪਿੰਡ ਵਿੱਚ ਇੱਕ ਤੋਂ ਬਾਅਦ ਇੱਕ ਚੋਰੀਆਂ ਹੋਣ ਤੋਂ ਬਾਅਦ ਬਿਨ੍ਹਾਂ ਸ਼ਨਾਖਤੀ ਕਾਰਡ ਵਾਲੇ ਪਰਵਾਸੀਆਂ ਨੂੰ ਪਿੰਡ ਛੱਡਣ ਲਈ ਕਹਿ ਦਿੱਤਾ ਹੈ। ਇਹੀ ਕਾਰਨ ਹੈ ਕਿ ਪਿੰਡ ਵਿੱਚ ਪਿਛਲੇ 30-30 ਸਾਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।



ਪ੍ਰਵਾਸੀ ਛੱਡ ਰਹੇ ਪਿੰਡ :ਪ੍ਰਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਧਮਕੀ ਦੇਣ ਵਾਲਿਆਂ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਕਿਸਾਨ ਜਥੇਬੰਦੀ ਦੇ ਆਗੂ ਅਤੇ ਪਿੰਡ ਦੇ ਪੰਚ ਜਗਰੂਪ ਸਿੰਘ ਨੇ ਕਿਹਾ ਹੈ ਕਿ ਉਹ ਪ੍ਰਵਾਸੀਆਂ ਨੂੰ ਸਮਝਾ ਰਹੇ ਹਨ। ਉਹ ਪਿੰਡ ਦੇ ਪੁਰਾਣੇ ਵਸਨੀਕ ਹਨ, ਉਨ੍ਹਾਂ ਨੂੰ ਕਿਸੇ ਨੇ ਵੀ ਜਾਣ ਲਈ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਉਹੀ ਲੋਕ ਜਾ ਰਹੇ ਹਨ, ਜਿਨ੍ਹਾਂ ਕੋਲ ਸ਼ਨਾਖਤੀ ਕਾਰਡ ਨਹੀਂ ਹਨ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਪਿਛਲੇ ਸਮੇਂ ਵਿੱਚ ਹੋਈਆਂ ਚੋਰੀਆਂ ਵਿੱਚ ਉਨ੍ਹਾਂ ਦਾ ਹੱਥ ਹੈ। ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਪਰਵਾਸੀ ਭਾਈਚਾਰੇ ਦੇ ਨਾਲ ਹਾਂ ਕਿਉਂਕਿ ਅਸੀਂ ਵੀ ਉਨ੍ਹਾਂ ਤੋਂ ਬਿਨਾਂ ਰਹਿ ਨਹੀਂ ਸਕਦੇ। ਸਾਡੇ ਸਾਰੇ ਕੰਮ ਉਨ੍ਹਾ ਤੋਂ ਬਿਨਾਂ ਅਧੂਰੇ ਹਨ।



ਪਿੰਡ ਵਿੱਚ ਸਹਿਮ ਦਾ ਮਾਹੌਲ: ਇਸ ਵੇਲੇ ਪਿੰਡ ਹਸਨਪੁਰ ਵਿੱਚ 1900 ਦੇ ਕਰੀਬ ਵੋਟਾਂ ਹਨ, ਜਿਨ੍ਹਾਂ ਵਿੱਚੋਂ 150 ਦੇ ਕਰੀਬ ਵੋਟਾਂ ਪ੍ਰਵਾਸੀ ਭਾਈਚਾਰੇ ਦੀਆਂ ਹਨ। ਦੂਜੇ ਪਾਸੇ ਪਿੰਡ ਵਿੱਚ ਰਹਿੰਦੇ ਪ੍ਰਵਾਸੀ ਭਾਈਚਾਰੇ ਦਾ ਕਹਿਣਾ ਹੈ ਕਿ ਅਸੀਂ ਡਰੇ ਹੋਏ ਹਾਂ ਕਿਉਂਕਿ ਅਸੀਂ ਇੱਥੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਾਂ। ਅਸੀਂ ਆਪਣੇ ਬੱਚੇ ਇੱਥੇ ਹੀ ਪੜਾਏ ਲਿਖਾਏ ਨੇ ਅਤੇ ਹੁਣ ਪਿੰਡ ਦੇ ਕੁਝ ਲੋਕ ਉਨ੍ਹਾ ਨੂੰ ਪਿੰਡ ਚੋਂ ਚਲੇ ਜਾਣ ਲਈ ਕਹਿ ਰਹੇ ਨੇ, ਉਨ੍ਹਾ ਨੇ ਕਿਹਾ ਕਿ ਅਸੀਂ 1984 ਤੋਂ ਪਿੰਡ ਵਿੱਚ ਰਹਿ ਰਹੇ ਸਨ ਪਹਿਲਾਂ ਕਦੇ ਵੀ ਅਜਿਹਾ ਮਾਹੌਲ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀ ਕਹਿਣਗੇ ਤਾਂ ਅਸੀਂ ਇੱਥੋਂ ਸਭ ਕੁਝ ਛੱਡ ਕੇ ਚਲੇ ਜਾਵਾਂਗੇ। ਉਨ੍ਹਾ ਨੇ ਕਿਹਾ ਕਿ 10 ਤੋਂ 15 ਪ੍ਰਵਾਸੀ ਪਿੰਡ ਛੱਡ ਕੇ ਜਾ ਚੁੱਕੇ ਨੇ। ਉਨ੍ਹਾ ਨੇ ਕਿਹਾ ਕਿ ਕੁਝ ਲੋਕਾਂ ਲਈ ਸਾਰਿਆਂ ਨੂੰ ਨਿਸ਼ਾਨਾ ਬਣਾਉਣਾ ਸਹੀ ਨਹੀਂ ਹੈ।

ਪੰਚਾਇਤ ਦਾ ਭਰੋਸਾ:ਪਿੰਡ ਦੇ ਸਰਪੰਚ ਵੀ ਕੰਮ ਤੋਂ ਬਾਹਰ ਗਏ ਹੋਏ ਹਨ। ਉਨ੍ਹਾ ਦੀ ਥਾਂ ਪੰਚ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਘਰ-ਘਰ ਜਾ ਕੇ ਸਮਝਾਇਆ ਹੈ ਅਤੇ ਕਿਹਾ ਹੈ ਕਿ ਉਹ ਪਿੰਡ ਵਾਸੀਆਂ ਦੇ ਨਾਲ ਹਨ ਕਿਉਂਕਿ ਜਿਹੜੇ ਪਿੰਡ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਹਨ, ਉਨ੍ਹਾਂ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਪਿੰਡ ਦੇ ਵਿੱਚ ਮਾਹੌਲ ਖਰਾਬ ਹੋ ਗਿਆ ਹੈ ਅਤੇ ਪਿੰਡ ਦੇ ਪੰਚ ਨੇ ਕਿਹਾ ਹੈ ਕਿ ਸਾਡੇ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ। ਅਸੀਂ ਪ੍ਰਵਾਸੀ ਭਾਈਚਾਰੇ ਦੇ ਖਿਲਾਫ਼ ਨਹੀਂ ਹਾਂ ਸਗੋਂ ਲੋਕ ਉਨ੍ਹਾ ਦੇ ਨਾਲ ਹਨ।

ABOUT THE AUTHOR

...view details