ਪੰਜਾਬ

punjab

ਯੂਰਪ ਅਤੇ ਪੱਛਮੀ ਮੁਲਕਾਂ ਦੀਆਂ ਸੜਕਾਂ 'ਤੇ ਵੀ ਦੌੜੇਗਾ ਲੁਧਿਆਣਾ ਤੋਂ ਬਣਿਆ ਹੀਰੋ ਸਾਇਕਲ, ਵੇਖੋ ਖਾਸ ਰਿਪੋਰਟ

By ETV Bharat Punjabi Team

Published : Jan 9, 2024, 1:23 PM IST

Hero And Avon Cycle Industries : ਹੁਣ ਯੂਰਪ ਅਤੇ ਪੱਛਮੀ ਮੁਲਕਾਂ ਦੀਆਂ ਸੜਕਾਂ 'ਤੇ ਵੀ ਲੁਧਿਆਣਾ ਦਾ ਬਣਿਆ ਸਾਇਕਲ ਦੌੜੇਗਾ। ਕੌਮਾਂਤਰੀ ਮਾਪਦੰਡਾਂ ਉੱਤੇ ਲੁਧਿਆਣਾ ਦਾ ਸਾਇਕਲ ਵੀ ਖਰਾ ਉਤਰਿਆ ਹੈ। ਹੀਰੋ ਸਾਇਕਲ ਅਤੇ ਏਵਨ ਦੇ ਸਾਇਕਲ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਸਪਲਾਈ ਕੀਤੇ ਜਾਣਗੇ। ਆਉਂਦੇ ਪੰਜ ਸਾਲਾਂ 'ਚ ਪੱਛਮੀ ਮੁਲਕਾਂ ਦੇ ਸਾਇਕਲ ਬਾਜ਼ਾਰ ਲੁਧਿਆਣਾ ਸਾਇਕਲ ਇੰਡਸਟਰੀ ਪੂਰੀ ਤਰ੍ਹਾਂ ਕਰ ਕੈਪਚਰ ਸਕਦੀ ਹੈ।

Hero And Avon Cycle Industries, Ludhiana
Hero And Avon Cycle Industries

ਯੂਰਪ ਅਤੇ ਪੱਛਮੀ ਮੁਲਕਾਂ ਦੀਆਂ ਸੜਕਾਂ 'ਤੇ ਵੀ ਦੌੜੇਗਾ ਲੁਧਿਆਣਾ ਤੋਂ ਬਣਿਆ ਹੀਰੋ ਸਾਇਕਲ

ਲੁਧਿਆਣਾ :ਚਾਈਨਾ ਤੋਂ ਬਾਅਦ ਭਾਰਤ ਵਿਸ਼ਵ ਦੇ ਅੰਦਰ ਸਭ ਤੋਂ ਜਿਆਦਾ ਸਾਇਕਲ ਬਣਾਉਣ ਵਾਲਾ ਮੁਲਕ ਹੈ। ਭਾਰਤ ਦਾ ਬਣਿਆ ਸਾਇਕਲ ਅਫਰੀਕੀ ਮੁਲਕਾਂ ਦੇ ਨਾਲ ਖਾੜੀ ਮੁਲਕਾਂ ਵਿੱਚ ਵੀ ਸਪਲਾਈ ਹੋ ਰਿਹਾ ਹੈ। ਕੋਈ ਸਮਾਂ ਸੀ ਜਦੋਂ ਲੁਧਿਆਣਾ ਦਾ ਬਣਿਆ ਸਾਇਕਲ ਅਤੇ ਉਸ ਦੇ ਪਾਰਟ ਯੂਰਪ ਅਤੇ ਪੱਛਮੀ ਮੁਲਕਾਂ ਵਿੱਚ ਵੀ ਜਾਂਦੇ ਸਨ, ਪਰ 1990 ਤੋਂ ਬਾਅਦ ਜਦੋਂ ਚਾਈਨਾ ਇਸ ਮਾਰਕੀਟ ਵਿੱਚ ਆਇਆ, ਤਾਂ ਭਾਰਤ ਦੇ ਹੱਥੋਂ ਯੂਰਪ ਅਤੇ ਪੱਛਮੀ ਮੁਲਕਾਂ ਦੀ ਮਾਰਕੀਟ ਖੁੰਝ ਗਈ ਸੀ। ਪਰ, ਲੁਧਿਆਣਾ ਦੇ ਸਾਇਕਲ ਇੰਡਸਟਰੀਜ਼ ਨੇ ਇੱਕ ਵਾਰ ਮੁੜ ਤੋਂ ਯੂਰਪ ਸਣੇ ਅਮਰੀਕਾ, ਕੈਨੇਡਾ, ਇੰਗਲੈਂਡ ਆਸਟ੍ਰੇਲੀਆ ਆਦਿ ਵਰਗੇ ਮੁਲਕਾਂ ਵਿੱਚ ਵੀ ਸਾਇਕਲ ਦੀ ਸਪਲਾਈ ਹੁਣ ਸ਼ੁਰੂ ਕਰ ਦਿੱਤੀ ਹੈ। ਕੌਮਾਂਤਰੀ ਪੱਧਰ ਦੇ ਮਾਪਦੰਡਾਂ 'ਤੇ ਲੁਧਿਆਣਾ ਦਾ ਬਣਿਆ ਸਾਇਕਲ ਖਰਾ ਉਤਰਿਆ ਹੈ। ਹੀਰੋ ਸਾਇਕਲ ਦੇ ਨਾਲ ਏਵਨ ਸਾਈਕਲ ਵੀ ਹੁਣ ਇੰਟਰਨੈਸ਼ਨਲ ਪੱਧਰ ਦੇ ਸਾਇਕਲ ਤਿਆਰ ਕਰਕੇ (Ludhiana Cycle Industry) ਵਿਦੇਸ਼ੀ ਬਾਜ਼ਾਰਾਂ ਵਿੱਚ ਵੇਚੇਗਾ।

ਹੀਰੋ ਸਾਇਕਲ ਨੇ ਕੀਤੀ ਪਹਿਲ:ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਪਹਿਲਾ ਹੀ ਦਰਜ ਕਰਵਾ ਚੁੱਕੇ, ਹੀਰੋ ਸਾਇਕਲ ਵੱਲੋਂ ਇੱਕ ਨਵੀਂ ਪੁਲਾਂਘ ਪੁੱਟੀ ਗਈ ਹੈ। ਹੀਰੋ ਸਾਇਕਲ ਨੇ ਹੀਰੋ ਇਕੋ ਟੈਕ ਦੇ ਨਾਲ ਕਰਾਰ ਕੀਤਾ ਹੈ ਅਤੇ ਕੰਪਨੀ ਵੱਲੋਂ ਇੰਗਲੈਂਡ ਵਿੱਚ ਸਾਈਕਲ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਸਾਇਕਲ ਦੇ ਕੁਝ ਪਾਰਟ ਭਾਰਤ ਵਿੱਚੋਂ ਅਤੇ ਕੁਝ ਇੰਗਲੈਂਡ ਵਿੱਚ ਬਣਾਏ ਜਾਣਗੇ ਜਿਸ ਤੋਂ ਬਾਅਦ ਸਿਰਫ ਇੰਗਲੈਂਡ ਹੀ ਨਹੀਂ, ਸਗੋਂ ਨੇੜੇ ਤੇੜੇ ਦੇ ਮੁਲਕਾਂ ਵਿੱਚ ਵੀ ਇਹ ਸਾਇਕਲ ਸਪਲਾਈ ਕੀਤੇ ਜਾਣਗੇ।

ਹੀਰੋ ਸਾਇਕਲ ਦਾ ਹੀਰੋ ਇਕੋ ਟੈਕ ਨਾਲ ਕਰਾਰ

ਇਸ ਤੋਂ ਇਲਾਵਾ ਏਵਨ ਸਾਇਕਲ ਵੱਲੋਂ ਵੀ ਨੀਲੋ ਵਿੱਚ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜੋ ਇੰਟਰਨੈਸ਼ਨਲ ਸਟੈਂਡਰਡ ਦੇ ਸਾਇਕਲ ਬਣਾਏਗਾ। ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਡ ਸਾਈਕਲ ਪਾਰਟਸ ਮੈਨਫੈਕਚਰ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਵਤਾਰ ਸਿੰਘ ਭੋਗਲ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੀਰੋ ਸਾਇਕਲ ਨੇ ਵਾਲਮਾਰਟ ਦੇ ਨਾਲ ਵੀ ਕਰਾਰ ਕੀਤਾ ਹੈ। ਵਾਲਮਾਰਟ ਉੱਤੇ ਵੀ ਹੁਣ ਹੀਰੋ ਸਾਇਕਲ ਉਪਲਬਧ ਹੋਵੇਗਾ, ਜੋ ਕਿ ਭਾਰਤ ਦੇ ਨਾਲ ਲੁਧਿਆਣਾ ਦੀ ਸਾਇਕਲ ਇੰਡਸਟਰੀ ਲਈ ਇੱਕ ਚੰਗੀ ਖੁਸ਼ਖਬਰੀ ਹੈ।

ਕੌਮਾਂਤਰੀ ਸਟੈਂਡਰਡ ਕੀਤੇ ਪੂਰੇ:ਯੂਸੀਪੀਐਮਏ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਅਵਤਾਰ ਸਿੰਘ ਭੋਗਲ ਨੇ ਦੱਸਿਆ ਹੈ ਕਿ 1962 ਵਿੱਚ ਸਾਡੀ ਹੀ ਪਹਿਲੀ ਕੰਪਨੀ ਸੀ ਜਿਸ ਨੇ ਯੂਰਪ ਵਿੱਚ ਸਾਇਕਲ ਪਾਰਟਸ ਐਕਸਪੋਰਟ ਕਰਨੇ ਸ਼ੁਰੂ ਕੀਤੇ ਸਨ। ਉਸ ਤੋਂ ਬਾਅਦ 1990 ਵਿੱਚ ਜਦੋਂ ਚਾਈਨਾ ਇਸ ਮਾਰਕੀਟ ਵਿੱਚ ਆਇਆ, ਤਾਂ ਉਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਅਤੇ ਕੌਮਾਂਤਰੀ ਪੱਧਰ ਉੱਤੇ ਸਾਇਕਲ ਮਾਰਕੀਟ ਕੈਪਚਰ ਕਰਨ ਲਈ ਕਿਹਾ ਜਿਸ ਤੋਂ ਬਾਅਦ ਲੋਹੇ ਦੇ ਫ੍ਰੇਮ ਤੋਂ ਬਾਅਦ ਐਲੂਮੀਨੀਅਮ ਦੇ ਫ੍ਰੇਮ ਬਣਨੇ ਸ਼ੁਰੂ ਹੋਏ। ਐਲੂਮੀਨੀਅਮ ਦੇ ਪਾਰਟਸ ਬਣਨੇ ਸ਼ੁਰੂ ਹੋਏ ਅਤੇ ਐਲੂਮੀਨੀਅਮ ਦੇ ਅਲੋਏ ਵੀਲ੍ਹ ਬਣਨੇ ਸ਼ੁਰੂ ਹੋਏ।

ਸਰਕਾਰ ਕੋਲੋਂ ਸਹਿਯੋਗ ਦੀ ਆਸ

ਇਸ ਤੋਂ ਬਾਅਦ ਕਾਰਬਨ ਫਾਈਬਰ ਸ਼ੁਰੂ ਹੋਇਆ ਜਿਸ ਨਾਲ ਸਾਇਕਲ ਇੰਡਸਟਰੀ ਵਿੱਚ ਇੱਕ ਨਵੀਂ ਆਜ਼ਾਦੀ ਆਈ ਸਾਇਕਲ ਪਹਿਲਾਂ ਨਾਲੋਂ ਹੋਰ ਹਲਕਾ ਅਤੇ ਮਜ਼ਬੂਤ ਹੋ ਗਿਆ ਜਿਸ ਕਰਕੇ ਚਾਈਨਾ ਦੀ ਮਾਰਕੀਟ ਪੱਛਮੀ ਮੁਲਕਾਂ ਵਿੱਚ ਵੱਧ ਗਈ। ਉੱਥੇ ਹੀ, ਇਸ ਮਟੀਰੀਅਲ ਦੇ ਬਣੇ ਸਾਈਕਲ ਦੀ ਡਿਮਾਂਡ ਹੋਣ ਲੱਗੀ, ਪਰ ਭਾਰਤ ਵਿੱਚ ਸਰਕਾਰਾਂ ਵੱਲੋਂ ਸਾਇਕਲ ਇੰਡਸਟਰੀ ਦੇ ਬਹੁਤਾ ਧਿਆਨ ਨਾ ਦੇਣ ਕਰਕੇ ਅਤੇ ਸਾਡਾ ਸਿਸਟਮ ਵੀ ਸਹੀ ਨਹੀਂ ਸੀ ਜਿਸ ਕਰਕੇ ਅਸੀਂ ਇਨ੍ਹਾਂ ਤੋਂ ਪਿੱਛੇ ਰਹਿ ਗਏ।

ਚਾਈਨਾ ਨੂੰ ਮਾਤ ਦੇਣ ਦੀ ਤਿਆਰੀ

ਉਨ੍ਹਾਂ ਕਿਹਾ ਕਿ ਪਰ, ਹੁਣ ਮੁੜ ਤੋਂ ਅਸੀਂ ਇਹ ਸਟੈਂਡਰਡ ਪੂਰੇ ਕੀਤੇ ਹਨ। ਭੋਗਲ ਨੇ ਕਿਹਾ ਕੇ ਵਿਦੇਸ਼ ਵਿੱਚ ਚੱਲਣ ਵਾਲੇ ਸਾਇਕਲ ਦੇ ਡਿਜ਼ਾਇਨ ਤੋਂ ਲੈ ਕੇ ਉਸ ਦੀ ਬ੍ਰੇਕਿੰਗ ਸਿਸਟਮ ਬੀਆਈਐਸ ਪ੍ਰਮਾਣਿਤ ਸਾਇਕਲ, ਇਸ ਤੋਂ ਇਲਾਵਾ ਰਿਫਲੈਕਟਰ ਆਦਿ ਦਾ ਵਿਸ਼ੇਸ਼ ਧਿਆਨ ਰੱਖ ਕੇ ਸਾਇਕਲ ਦਾ ਨਿਰਮਾਣ ਕੀਤਾ ਗਿਆ ਹੈ, ਜੋ ਕਿ ਕੌਮਾਂਤਰੀ ਸਟੈਂਡਰਡ ਨੂੰ ਪੂਰਾ ਕਰਦਾ ਹੈ ਜਿਸ ਕਰਕੇ ਹੁਣ ਭਾਰਤ ਦੇ ਖਾਸ ਕਰਕੇ ਲੁਧਿਆਣਾ ਵਿੱਚ ਬਣਿਆ ਸਾਇਕਲ ਵੀ ਵਿਦੇਸ਼ੀ ਮਾਰਕੀਟ ਵਿੱਚ ਵਿਕਣਾ ਸ਼ੁਰੂ ਹੋਇਆ, ਜੋ ਕਿ ਬਹੁਤ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਜਿਸ ਤਰ੍ਹਾਂ ਚਾਈਨਾ ਨੇ ਯੂਰਪ ਅਤੇ ਪੱਛਮੀ ਮੁਲਕਾਂ ਦੇ ਸਾਇਕਲ ਇੰਡਸਟਰੀ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ, ਉਸੇ ਤਰ੍ਹਾਂ ਭਾਰਤ ਵੀ ਕਰ ਲਵੇਗਾ।

ਹੀਰੋ ਸਾਇਕਲ ਦੀ ਨਵੀਂ ਪੁਲਾਂਘ

ਚਾਈਨਾ ਨੂੰ ਮਾਤ ਦੇਣ ਦੀ ਤਿਆਰੀ: ਲੁਧਿਆਣਾ ਤੋਂ ਸਾਇਕਲ ਪਾਰਟ ਮੈਨੀਫੈਕਚਰ ਅਤੇ ਯੂਸੀਪੀਐਮਏ ਸਾਬਕਾ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਹੈ ਕਿ ਸਾਡੇ ਮੈਂਬਰਾਂ ਵੱਲੋਂ ਕੌਮਾਂਤਰੀ ਪੱਧਰ ਉੱਤੇ ਸਟੈਂਡਰਡ ਨੂੰ ਪੂਰਾ ਕੀਤਾ ਗਿਆ। ਲੁਧਿਆਣਾ ਵਿੱਚ ਕੌਮਾਂਤਰੀ ਪੱਧਰ ਦੇ ਰਿਫਲੈਕਟਰ ਬਣਨੇ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਨਵੇਂ ਨਵੇਂ ਪਲਾਂਟ ਸਾਇਕਲ ਉੱਤੇ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਭਾਰਤ ਦੇ ਸਾਇਕਲ ਇੰਡਸਟਰੀ ਨੇ ਵਿਦੇਸ਼ਾਂ ਵਿੱਚ ਵਿਕਰੀ ਸ਼ੁਰੂ ਕੀਤੀ ਹੈ, ਸਗੋਂ ਇਸ ਨਾਲ ਬਾਕੀ ਬ੍ਰਾਂਡ ਨੂੰ ਵੀ ਬੂਸਟ ਮਿਲੇਗਾ। ਉਹ ਵੀ ਇੰਟਰਨੈਸ਼ਨਲ ਸਟੈਂਡਰਡ ਦੇ ਸਾਇਕਲ ਤਿਆਰ ਕਰਨਗੇ।

ਡੀ ਐਸ ਚਾਵਲਾ ਨੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਦੋ ਦਹਾਕੇ ਤੱਕ ਜੋ ਚਾਈਨਾ ਨੇ ਸਾਇਕਲ ਕਾਰੋਬਾਰ ਦੇ ਉੱਤੇ ਰਾਜ ਕੀਤਾ ਹੈ, ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦਾ ਮੁੜ ਤੋਂ ਦਬਦਬਾ ਹੋਵੇਗਾ। ਖਾਸ ਕਰਕੇ ਲੁਧਿਆਣਾ ਦਾ ਸਾਇਕਲ ਵਿਦੇਸ਼ਾਂ ਦੇ ਵਿੱਚ ਧੂਮਾ ਪਾਵੇਗਾ। ਡੀਐਸ ਚਾਵਲਾਂ ਨੇ ਕਿਹਾ ਕਿ ਸਾਡੇ ਕੋਲ ਮੈਨੂਫੈਕਚਰ ਯੂਨਿਟ ਹਨ ਪ੍ਰੋਡਕਸ਼ਨ ਦੀ ਕੋਈ ਕਮੀ ਨਹੀਂ ਹੈ, ਪਾਰਟਸ ਦੀ ਕੋਈ ਕਮੀ ਨਹੀਂ ਹੈ, ਇਹੀ ਕਾਰਨ ਹੈ ਕਿ ਅੱਜ ਇੰਟਰਨੈਸ਼ਨਲ ਸਟੈਂਡਰਡ ਦੇ ਸਾਇਕਲ ਲੁਧਿਆਣਾ ਵਿੱਚ ਤਿਆਰ ਹੋ ਰਹੇ ਹਨ।

ABOUT THE AUTHOR

...view details