ਲੁਧਿਆਣਾ:ਦੇਸ਼ ਭਰ ਦੇ ਵਿੱਚ ਟਰਾਂਸਪੋਟਰਾਂ ਦੀ ਹੜਤਾਲ ਦੇ ਕਾਰਨ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਬੰਦ ਹੋ ਚੁੱਕੀ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿੱਚ ਖੱਜਲ ਖੁਆਰ ਹੋ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਾ ਮਿਲਣ ਕਰਕੇ ਪੈਟਰੋਲ ਪੰਪਾਂ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੁਧਿਆਣਾ ਵਿੱਚ ਸਿਰਫ ਇੱਕੋ ਹੀ ਪੈਟਰੋਲ ਪੰਪ ਉੱਤੇ ਫਿਲਹਾਲ ਪੈਟਰੋਲ ਮਿਲ ਰਿਹਾ ਹੈ, ਉਹ ਵੀ ਸਪੈਸ਼ਲ ਪੈਟਰੋਲ ਹੈ ਜਿਸ ਦੀ ਕੀਮਤ 160 ਪ੍ਰਤੀ ਲੀਟਰ ਹੈ, ਜਿਸ ਨੂੰ ਪਵਾਉਣ ਲਈ ਲੋਕ ਮਜਬੂਰ ਹੋ ਰਹੇ ਹਨ। ਲੋਕਾਂ ਦੇ ਕਹਿਣਾ ਹੈ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਲੋਕਾਂ ਨੇ ਕੰਮਾਂ ਕਾਰਾਂ ਉੱਤੇ ਜਾਣਾ ਸੀ, ਨਵੇਂ ਸਾਲ ਦੀਆਂ ਛੁੱਟੀਆਂ ਹੋਣ ਕਰਕੇ ਲੋਕਾਂ ਨੇ ਪੈਟਰੋਲ ਡੀਜ਼ਲ ਹੀ ਨਹੀਂ ਪਵਾਇਆ। ਜਿਸ ਕਰਕੇ ਲੋਕਾਂ ਨੂੰ ਜ਼ਿਆਦਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
160 ਰੁਪਏ ਪ੍ਰਤੀ ਲੀਟਰ ਪੈਟਰੋਲ: ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਤੋਂ ਜਲੰਧਰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਹੁੰਦੀ ਹੈ ਪਰ ਬੀਤੇ ਇੱਕ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੋਈ ਵੀ ਗੱਡੀ ਭਰ ਕੇ ਪੈਟਰੋਲ ਪੰਪ ਉੱਤੇ ਨਹੀਂ ਆਈ। ਜਿਸ ਕਰਕੇ ਸਟੋਕ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਲੋਕਾਂ ਵਿੱਚ ਤਰਾਹੀ ਮਚੀ ਹੋਈ ਹੈ। ਆਮ ਲੋਕਾਂ ਨਾਲ ਸਾਡੀ ਟੀਮ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਇਸ ਤਰ੍ਹਾਂ ਅਚਨਚੇਤ ਹੜਤਾਲ ਕਰਨ ਦੇ ਨਾਲ ਉਹਨਾਂ ਨੂੰ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਨੇ ਅੱਜ ਉਹਨਾਂ ਨੇ ਕੰਮਾਂ ਕਾਰਾਂ ਉੱਤੇ ਜਾਣਾ ਸੀ ਪਰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਹੋਣ ਕਰਕੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪੈਟਰੋਲ ਪੰਪ ਮਾਲਿਕ ਲੁੱਟ ਮਚਾ ਰਹੇ ਹਨ 100 ਰੁਪਏ ਪ੍ਰਤੀ ਲੀਟਰ ਮਿਲਣ ਵਾਲਾ ਪੈਟਰੋਲ 160 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਰਿਹਾ ਹੈ।