ਲੁਧਿਆਣਾ:ਉੱਤਰ ਭਾਰਤ ਵਿੱਚ ਮੌਸਮ (Weather in North India) ਦੇ ਅੰਦਰ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਕੁਝ ਇਲਾਕਿਆਂ ਵਿੱਚ ਜਿੱਥੇ ਮੀਂਹ ਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ (Punjab) ਦੇ ਕਈ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਲੁਧਿਆਣਾ ਵਿੱਚ ਵੀ ਸਵੇਰ ਤੋਂ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ। ਉੱਥੇ ਹੀ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਨਾਲੋਂ ਟੈਂਪਰੇਚਰ ਵੀ ਕੁਝ ਘਟਿਆ ਹੈ। ਮੌਜੂਦਾ ਸਮੇਂ ਦੇ ਵਿਚ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਚੱਲ ਰਿਹਾ ਹੈ ਜੋ ਆਮ ਟੈਂਪਰੇਚਰ ਤੋਂ ਮਹਿਜ਼ ਇੱਕ ਡਿਗਰੀ ਵੱਧ ਹੈ।
ਜਦੋਂ ਕਿ ਦੂਜੇ ਪਾਸੇ ਘੱਟੋ ਘੱਟ ਟੈਂਪਰੇਚਰ ਹੋਰ ਵੱਧ ਗਿਆ ਹੈ। ਜਿਸ ਦਾ ਕਾਰਨ ਅਸਮਾਨ ‘ਤੇ ਚੜ੍ਹੀ ਮਿੱਟੀ (Dust rising in the sky) ਕਾਰਨ ਮੰਨਿਆ ਜਾ ਰਿਹਾ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ ਟੈਂਪਰੇਚਰ 28 ਡਿਗਰੀ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਜ਼ਿਆਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ (Punjab Agricultural University Meteorological Department) ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 2-3 ਦਿਨ ਹੀ ਮੌਸਮ ਠੀਕ ਰਹੇਗਾ ਅਤੇ ਬਾਕੀ ਆਉਣ ਵਾਲੇ ਦਿਨਾਂ ਅੰਦਰ ਮੁੜ ਤੋਂ ਗਰਮੀ ਸ਼ੁਰੂ ਹੋ ਜਾਵੇਗੀ।