ਪੰਜਾਬ

punjab

ਲੁਧਿਆਣਾ ਦੇ 57 ਸਾਲ ਦੇ ਅਵਤਾਰ ਸਿੰਘ ਲਲਤੋਂ ਨੌਜਵਾਨਾਂ ਲਈ ਪ੍ਰੇਰਨਾ, ਰਸ਼ੀਆ IPL 'ਚ ਜਿੱਤਿਆ ਸੋਨ ਤਗਮਾ, 240 ਕਿੱਲੋ ਦੀ ਡੈਡ ਲਿਫਟ ਲਾ ਕੇ ਤੋੜਿਆ ਕੌਮੀ ਰਿਕਾਰਡ

By ETV Bharat Punjabi Team

Published : Nov 26, 2023, 1:35 PM IST

Powerlifter Avtar Singh won Gold: ਲੁਧਿਆਣਾ ਦੇ ਅਵਤਾਰ ਸਿੰਘ ਲਲਤੋਂ ਨੌਜਵਾਨਾਂ ਲਈ ਪ੍ਰੇਰਨਾ ਨੇ, ਜੋ 57 ਸਾਲ ਦੀ ਉਮਰ 'ਚ ਵੀ ਦੇਸ਼ ਲਈ ਰਸ਼ੀਆ IPL ਤੋਂ ਗੋਲਡ ਮੈਡਲ ਲੈ ਕੇ ਆਏ ਹਨ। ਜਿੰਨ੍ਹਾਂ ਦਾ ਅਗਲਾ ਨਿਸ਼ਾਨਾ ਅਮਰੀਕਾ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਤੇ ਹੈ।

ਗੋਲਡ ਮੈਡਲ ਜੇਤੂ ਅਵਤਾਰ ਸਿੰਘ ਲਲਤੋਂ
ਗੋਲਡ ਮੈਡਲ ਜੇਤੂ ਅਵਤਾਰ ਸਿੰਘ ਲਲਤੋਂ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਲਲਤੋਂ

ਲੁਧਿਆਣਾ: ਸ਼ਹਿਰ ਦੇ ਅਵਤਾਰ ਸਿੰਘ ਲਲਤੋਂ ਨੇ ਪੰਜਾਬ ਦਾ ਨਾਂ ਇੱਕ ਵਾਰ ਮੁੜ ਤੋਂ ਰੌਸ਼ਨ ਕੀਤਾ ਹੈ। ਰੂਸ ਦੇ ਵਿੱਚ ਹੋਏ ਆਈਪੀਐਲ ਦੇ ਅੰਦਰ ਉਹਨਾਂ ਵੱਲੋਂ 240 ਕਿਲੋ ਦੀ ਡੈਡ ਲਿਫਟ ਲਗਾ ਕੇ ਜਿੱਥੇ ਗੋਲਡ ਮੈਡਲ ਆਪਣੇ ਨਾਂ ਕੀਤਾ ਗਿਆ ਹੈ, ਉੱਥੇ ਹੀ ਕੌਮੀ ਰਿਕਾਰਡ ਵੀ ਤੋੜ ਦਿੱਤਾ ਗਿਆ ਹੈ ਜੋ ਕਿ ਸਾਲ 2019 ਦੇ ਵਿੱਚ 200 ਕਿਲੋ ਦਾ ਸੀ। ਰਸ਼ੀਆ ਤੋਂ ਭਾਰਤ ਪੁੱਜਣ ਤੋਂ ਬਾਅਦ ਉਹਨਾਂ ਦਾ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਾਈਫ ਸਟਾਈਲ ਵੈਲਨੈਸ ਫਿਟਨੈਸ ਸੈਂਟਰ 'ਚ ਸਨਮਾਨਿਤ ਕੀਤਾ ਗਿਆ।

ਦੇਸੀ ਖੁਰਾਕ ਨਾਲ ਗੋਰਿਆਂ ਨੂੰ ਦਿੱਤੀ ਮਾਤ: ਇਸ ਮੌਕੇ ਅਵਤਾਰ ਸਿੰਘ ਲਲਤੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਹਨਾਂ ਦੇ ਮੁਕਾਬਲੇ ਗੋਰਿਆਂ ਦੇ ਨਾਲ ਹੋਏ ਹਨ ਅਤੇ ਉਹਨਾਂ ਨੇ ਦੇਸੀ ਖੁਰਾਕ ਦੇ ਨਾਲ ਹੀ ਗੋਰਿਆਂ ਨੂੰ ਮਾਤ ਦਿੱਤੀ ਹੈ। 57 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ, ਹੁਣ ਉਹਨਾਂ ਵੱਲੋਂ ਯੂਐਸਏ ਦੇ ਵਿੱਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਓਲੰਪੀਅਨ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਵਿਸ਼ਵ ਰਿਕਾਰਡ 275 ਕਿਲੋ ਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਰੱਬ ਦੀ ਮਿਹਰ ਰਹੀ ਤਾਂ ਉਹ ਰਿਕਾਰਡ ਵੀ ਤੋੜ ਦੇਣਗੇ। ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਵੀ ਉਹਨਾਂ ਦੇ ਵਿੱਚ ਪੂਰਾ ਦਮ ਹੈ ਤੇ ਉਹ ਮੈਡਲ ਲਿਆ ਸਕਦੇ ਹਨ।

ਨਸ਼ਿਆਂ ਤੋਂ ਬਚਣ ਲਈ ਲੋੜ ਹੈ ਕਿ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਹੋਈਏ। ਦੇਸੀ ਖੁਰਾਕ ਖਾ ਕੇ ਗੋਰਿਆਂ ਨੂੰ ਪਿਛੇ ਛੱਡਿਆ ਹੈ ਤੇ ਹੁਣ ਅਗਲੇ ਸਾਲ ਅਮਰੀਕਾ 'ਚ ਹੋਣ ਵਾਲੀ ਵਿਸ਼ਵ ਓਲੰਪੀਅਨ ਚੈਂਪੀਅਨਸ਼ਿਪ ਨਜ਼ਰ ਹੈ, ਜਿਥੇ ਵਿਸ਼ਵ ਰਿਕਾਰਡ 275 ਕਿਲੋ ਡੈਡ ਲਿਫਟ ਦਾ ਹੈ ਅਤੇ ਰੱਬ ਨੇ ਚਾਹਿਆ ਤਾਂ ਇਹ ਰਿਕਾਰਡ ਤੋੜ ਕੇ ਭਾਰਤ ਦੀ ਝੋਲੀ ਇੱਕ ਹੋਰ ਗੋਲਡ ਲੈ ਕੇ ਆਵਾਂਗਾ। ਅਵਤਾਰ ਸਿੰਘ ਲਲਤੋਂ, ਖਿਡਾਰੀ, ਪਾਵਰ ਲਿਫਟਰ

ਪਹਿਲਾਂ ਵੀ ਤੋੜ ਚੁੱਕੇ ਰਿਕਾਰਡ:ਅਵਤਾਰ ਸਿੰਘ ਲਲਤੋਂ ਪਹਿਲਾਂ ਵੀ ਕਈ ਰਿਕਾਰਡ ਬਣਾ ਚੁੱਕੇ ਹਨ, ਉਹ ਭਾਰਤ ਦੇ ਇਕਲੌਤੇ ਪਾਵਰ ਲਿਫਟਿੰਗ ਕਰਨ ਵਾਲੇ 57 ਸਾਲ ਦੇ ਖਿਡਾਰੀ ਹਨ। ਜਿੰਨ੍ਹਾਂ ਨੇ ਵਿਸ਼ਵ ਚੈਂਪੀਅਸ਼ਿਪ 'ਚ ਇਕ ਤੋਂ ਬਾਅਦ ਇਕ ਲਗਾਤਾਰ 2 ਗੋਲਡ ਮੈਡਲ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ। ਅਵਤਾਰ ਸਿੰਘ ਲਲਤੋਂ ਸ਼ੁਰੂ ਤੋਂ ਖੇਡਾਂ ਵਾਲ ਸਮਰਪਿਤ ਰਹੇ ਹਨ। ਉਨ੍ਹਾਂ ਨੇ ਹਾਲ ਹੀ ਦੇ ਵਿੱਚ ਸਿੰਘਾਪੁਰ 'ਚ ਹੋਈਆਂ ਖੇਡਾਂ 'ਚ ਵੀ ਮੈਡਲ ਹਾਸਿਲ ਕੀਤਾ ਸੀ। ਅਵਤਾਰ ਸਿੰਘ ਲਲਤੋਂ ਹੁਣ 57 ਸਾਲ ਦੇ ਹਨ, ਪਾਵਰ ਲਿਫਟਿੰਗ ਲੀਗ ਦੇ ਵਿੱਚ ਵੀ ਉਨ੍ਹਾਂ ਨੇ ਪਿਛਲੇ ਮਹੀਨੇ ਗੋਲਡ ਮੈਡਲ ਹਾਸਿਲ ਕੀਤਾ ਸੀ।

ਨੌਜਵਾਨਾਂ ਦੇ ਲਈ ਪ੍ਰੇਰਨਾ:ਅਵਤਾਰ ਸਿੰਘ ਲਲਤੋਂ 57 ਸਾਲ ਦੀ ਉਮਰ 'ਚ ਦੇਸ਼ ਦੇ ਲਈ ਮੈਡਲ ਲਿਆ ਕੇ ਪੰਜਾਬ ਅਤੇ ਦੇਸ਼ ਦਾ ਨਾਂ ਚਮਕਾ ਰਹੇ ਹਨ, ਉਹ ਨੌਜਵਾਨਾਂ ਦੇ ਲਈ ਪ੍ਰੇਰਨਾ ਹਨ। ਅਵਤਾਰ ਸਿੰਘ ਲਲਤੋਂ ਦੇਸੀ ਖੁਰਾਕ ਖਾ ਕੇ ਇਹ ਉਪਲਬਧੀ ਹਾਸਿਲ ਕਰ ਰਹੇ ਹਨ। ਉਹ ਹੁਣ ਅਗਲੇ ਸਾਲ 2024 ਚ ਪਾਵਰ ਲਿਫਟਿੰਗ ਦੀ ਅਮਰੀਕਾ ਓਲੰਪੀਅਨ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਵਿਸ਼ਵ ਰਿਕਾਰਡ ਵੀ ਤੋੜ ਦੇਣਗੇ। ਉਹਨਾਂ ਕਿਹਾ ਕਿ ਵਿਸ਼ਵ ਰਿਕਾਰਡ 275 ਕਿਲੋ ਡੈਡ ਲਿਫਟ ਦਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਉਸ ਨੂੰ ਤੋੜ ਕੇ ਹੀ ਭਾਰਤ ਦੀ ਝੋਲੀ ਦੇ ਵਿੱਚ ਵਿਸ਼ਵ ਰਿਕਾਰਡ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਹੋਈਏ।

ABOUT THE AUTHOR

...view details