ਫਿਰੋਜ਼ਪੁਰ:ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਾਛੀਆਂ ਮੁਹੱਲੇ ਵਿੱਚ ਰਹਿਣ ਵਾਲੇ ਦੁਕਾਨਦਾਰ ਰਾਜ ਕੁਮਾਰ ਨੂੰ ਗੈਂਗਸਟਰ ਲੰਡਾ ਹਰੀਕੇ (Gangster Landa Harike) ਵੱਲੋਂ ਧਮਕੀ ਮਿਲੀ ਹੈ। ਦੁਕਾਨਦਾਰ ਲੰਡਾ ਹਰੀਕੇ ਦਾ ਨਾਮ ਲੈ ਕੇ ਕਈ ਦਿਨਾਂ ਤੋਂ ਕੋਈ ਅਣਪਛਾਤਾ 15 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ। ਜਿਸ ਨੂੰ ਲੈ ਕੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਕਰਿਆਨਾ ਦੁਕਾਨਦਾਰ ਰਾਜ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਵਪਾਰੀ ਵਰਗ 'ਚ ਭਾਰੀ ਰੋਸ ਹੈ।
ਗੈਂਗਸਟਰ ਲੰਡਾ ਹਰੀਕੇ ਦੇ ਨਾਮ ਤੋਂ ਮੰਗੀ ਗਈ ਫਿਰੌਤੀ: ਪੀੜਤ ਰਾਜਕੁਮਾਰ ਅਤੇ ਜਵਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਲੰਡਾ ਹਰੀਕੇ ਦੇ ਨਾਮ ਤੋਂ ਉਸ ਕੋਲੋਂ ਕਈ ਦਿਨਾਂ ਤੋਂ 15 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਸੀ ਪਰ ਉਸ ਦੇ ਵੱਲੋਂ ਰੰਗਦਾਰੀ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਦੁਕਾਨਦਾਰ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਗੈਂਗਸਟਰਾਂ ਨੂੰ ਕੋਈ ਖੌਫ ਨਹੀਂ ਹੈ ਅਤੇ ਉਹ ਸ਼ਰੇਆਮ ਗੋਲ਼ੀਆਂ ਦਾਗ ਕੇ ਰੰਗਦਾਰੀਆਂ ਵਸੂਲ ਰਹੇ ਹਨ ਅਤੇ ਪੁਲਿਸ ਉਨ੍ਹਾਂ ਉੱਤੇ ਕਾਬੂ ਨਹੀਂ ਕਰ ਰਹੀ।