ਪੰਜਾਬ

punjab

ਫਾਜ਼ਿਲਕਾ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, ਪ੍ਰਿਯਮਦੀਪ ਕੌਰ ਜਲਦ ਬਣੇਗੀ ਵਿਗਿਆਨਿਕ

By

Published : Jul 3, 2023, 4:26 PM IST

ਫਾਜ਼ਿਲਕਾ ਦੇ ਕਸਬਾ ਮੰਡੀ ਰੋਡਾਂਵਾਲੀ ਦੀ ਪ੍ਰਿਯਮਦੀਪ ਕੌਰ ਨੇ ਪੰਜਾਬ ਦਾ ਮਾਣ ਪੂਰੇ ਭਾਰਤ ਵਿੱਚ ਵਧਾਇਆ ਹੈ। ਪ੍ਰਿਯਮਦੀਪ ਕੌਰ ਜਲਦ ਵਿਗਿਆਨਿਕ ਬਣਨ ਜਾ ਰਹੀ ਹੈ। ਪ੍ਰਿਯਮਦੀਪ ਕੌਰ ਪੂਰੇ ਦੇਸ਼ ਵਿੱਚੋਂ ਚੁਣੇ ਗਏ 21 ਵਿਦਿਆਰਥੀਆਂ ਦੀ ਲਿਸਟ ਵਿੱਚ ਆਪਣਾ ਸਥਾਨ ਪੱਕਾ ਕਰਨ ਵਿੱਚ ਕਾਮਯਾਬ ਰਹੇ ਨੇ।

Primydeep Kaur of Fazilka will become a scientist
ਫਾਜ਼ਿਲਕਾ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, ਪ੍ਰਿਯਮਦੀਪ ਕੌਰ ਜਲਦ ਬਣੇਗੀ ਵਿਗਿਆਨਿਕ

ਫਾਜ਼ਿਲਕਾ: ਕਹਿੰਦੇ ਨੇ ਜੇਕਰ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕੇ ਮਿਲਣ ਤਾਂ ਉਹ ਮੁੰਡਿਆਂ ਨਾਲੋਂ ਵੀ ਵੱਧ ਕੇ ਹਰ ਖੇਤਰ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਦੀਆਂ ਨੇ। ਅਜਿਹਾ ਹੀ ਕੁੱਝ ਕਰਕੇ ਦਿਖਾਇਆ ਹੈ ਫਾਜ਼ਿਲਕਾ ਦੇ ਇੱਕ ਛੋਟੇ ਜਹੇ ਕਸਬੇ ਮੰਡੀ ਰੋਡਾਂਵਾਲੀ ਦੀ ਧੀ ਪ੍ਰਿਯਮਦੀਪ ਕੌਰ ਨੇ। ਦਰਅਸਲ ਪ੍ਰਿਯਮਦੀਪ ਕੌਰ ਬਹੁਤ ਜਲਦ ਵਿਦਿਆਨਿਕ ਬਣਨ ਜਾ ਰਹੇ ਨੇ ਅਤੇ ਦੇਸ਼ ਭਰ ਤੋਂ ਚੁਣੇ ਗਏ 21 ਹੋਣਹਾਰ ਵਿਦਿਆਰਥੀਆਂ ਵਿੱਚ ਉਸ ਦਾ ਨਾਂਅ ਵੀ ਸ਼ੁਮਾਰ ਹੈ।

ਪੰਜਾਬ ਦੀ ਇਕਲੌਤੀ ਵਿਗਿਆਨੀ: ਪ੍ਰਿਯਮਦੀਪ ਕੌਰ ਪੜ੍ਹਾਈ ਵਿੱਚ ਆਪਣੇ ਹੁਨਰ ਦਾ ਸਬੂਤ ਲਗਾਤਾਰ ਦਿੰਦੇ ਰਹੇ ਨੇ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਹੋਣ ਦਾ ਮਾਣ ਵੀ ਹਾਸਲ ਹੈ। ਪ੍ਰਿਯਮਦੀਪ ਕੌਰ ਨੇ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਐਪਟੀਟਿਊਡ ਟੈਸਟ ਵਿੱਚ ਭਾਗ ਲੈ ਕੇ ਪੂਰੇ ਭਾਰਤ ਵਿੱਚੋਂ 15ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਉਹ ਭਾਭਾ ਪਰਮਾਣੂ ਖੋਜ ਕੇਂਦਰ ਮੁੰਬਈ ਵਿੱਚ ਇੱਕ ਵਿਗਿਆਨੀ ਵਜੋਂ ਕੰਮ ਕਰੇਗੀ। ਇਸ ਪ੍ਰੀਖਿਆ ਲਈ ਦੇਸ਼ ਭਰ ਤੋਂ 300 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਸ ਵਿੱਚ ਇੰਟਰਵਿਊ ਤੋਂ ਬਾਅਦ 21 ਵਿਗਿਆਨੀਆਂ ਦੀ ਚੋਣ ਕੀਤੀ ਗਈ। ਪ੍ਰਿਯਮਦੀਪ ਕੌਰ ਨੂੰ ਪੰਜਾਬ ਦੀ ਇਕਲੌਤੀ ਵਿਗਿਆਨੀ ਹੋਣ ਦਾ ਮਾਣ ਹਾਸਲ ਹੈ। ਪ੍ਰਿਅਮਦੀਪ ਕੌਰ ਨੇ ਮੁੱਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਟਾਪਰ ਵਜੋਂ ਬੀ.ਐਸ.ਸੀ ਅਤੇ ਐਮ.ਐਸ.ਸੀ ਦੀ ਡਿਗਰੀ ਹਾਸਲ ਕੀਤੀ ਹੈ।

ਮਾਪਿਆਂ ਨੂੰ ਧੀ ਉੱਤੇ ਮਾਣ: ਪ੍ਰਿਯਮਦੀਪ ਕੌਰ ਇਸ ਕਾਮਯਾਬੀ ਉੱਤੇ ਜਿੱਥੇ ਪੂਰੇ ਪੰਜਾਬ ਨੂੰ ਮਾਣ ਹੈ ਉੱਥੇ ਹੀ ਘਰ ਵਿੱਚ ਵੀ ਜਸ਼ਨ ਦਾ ਮਾਹੌਲ ਹੈ। ਪ੍ਰਿਯਮਦੀਪ ਕੌਰ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਪੜ੍ਹ-ਲਿਖ ਕੇ ਨੌਕਰੀ ਨਹੀਂ ਕਰ ਸਕੇ ਪਰ ਉਸ ਨੇ ਹਮੇਸ਼ਾ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਅਤੇ ਸਫਲ ਹੋਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਦੇਸ਼ ਲਈ ਨਵੀਆਂ ਖੋਜਾਂ ਕਰਕੇ ਇਲਾਕੇ ਦਾ ਨਾਂ ਰੌਸ਼ਨ ਕਰੇਗੀ ਅਤੇ ਦੇਸ਼ ਦਾ ਮਾਣ ਵੀ ਵਧਾਏਗੀ। ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਮਾਪੇ ਹਮੇਸ਼ਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਾਮਯਾਬ ਹੋਣ, ਇਸ ਲਈ ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਹਮੇਸ਼ਾ ਮਿਹਨਤ ਕਰਨ ਅਤੇ ਅੱਜ ਬੱਚੀ ਦੀ ਮਿਹਨਤ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਵਿਗਿਆਨੀ ਬਣ ਕੇ ਬੂਰ ਪਾਇਆ ਹੈ। ਪ੍ਰਿਯਮਦੀਪ ਕੌਰ ਦੇ ਮਾਪਿਆਂ ਨੇ ਸਭ ਨੂੰ ਅਪੀਲ ਕੀਤੀ ਕਿ ਕੁੜੀਆਂ ਨੂੰ ਮੁੰਡਿਆਂ ਵਾਂਗੀ ਸਿੱਖਿਅਤ ਕਰਨ ਤਾਂ ਜੋ ਉਹ ਖੁਦ ਨੂੰ ਸਬਿਤ ਕਰਕੇ ਲੋਕਾਂ ਦੀ ਸੋਚ ਬਦਲ ਸਕਣ।

ABOUT THE AUTHOR

...view details