ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਚੋਣਾਂ ਦੇ ਸਮੇਂ ਨੂੰ ਤਬਦੀਲ ਕਰਨ ਦੀ ਅਪੀਲ ਕੀਤੀ ਹੈ। ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੁੱਖ ਕਮਿਸ਼ਨਰ ਜਸਟਿਸ ਐਸ. ਐਸ ਸਾਰੋਂ ਨੂੰ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਸਮੇਂ ਨੂੰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਵੋਟਾਂ ਦੀ ਰਜਿਸਟਰੇਸ਼ਨ ਦਾ ਸਮਾਂ ਤਿੰਨ ਮਹੀਨੇ ਵਧਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਮੁੱਖ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਇਸ ਸਬੰਧ ਵਿਚ ਮੰਗ ਪੱਤਰ ਸੌਂਪਿਆ, ਨਾਲ ਹੀ ਜਸਟਿਸ ਸਾਰੋਂ ਨੂੰ ਸਿੱਖ ਕੌਮ ਦੇ ਮੈਂਬਰਾਂ ਵੱਲੋਂ ਵੋਟਰਾਂ ਦੀ ਰਜਿਸਟਰੇਸ਼ਨ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।
ਪੇਂਡੂ ਖੇਤਰ ਨਾਲ ਸਬੰਧਤ ਲੋਕਾਂ ਦੀਆਂ ਮੁਸ਼ਕਿਲਾਂ : ਐੱਸਐੱਸ ਸਾਰੋਂ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਕਿਸਾਨ ਆਪਣੀ ਝੋਨੇ ਦੀ ਫ਼ਸਲ ਦੀ ਕਟਾਈ ਵਿੱਚ ਰੁੱਝੇ ਹੋਏ ਹਨ ਅਤੇ ਹੁਣ ਕਣਕ ਦੀ ਬਿਜਾਈ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਸਿੱਖ ਭਾਈਚਾਰਾ ਬੰਦੀ ਛੋੜ ਦਿਵਸ ਅਤੇ ਸ਼ਹੀਦੀ ਪੰਦਰਵਾੜਾ ਵੀ ਮਨਾਏਗਾ। ਉਹਨਾਂ ਕਿਹਾ ਕਿ ਦਸੰਬਰ ਦੇ ਦੂਜੇ ਅੱਧ ਵਿਚ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਮਨਾਉਂਦੀ ਹੈ। ਉਹਨਾਂ ਦਿਨਾਂ ਵਿੱਚ ਵੀ ਲੋਕ ਰੁਝੇਵੇਂ ਵਿੱਚ ਹੁੰਦੇ ਹਨ। ਇਸ ਕਾਰਨ ਚੋਣਾਂ ਦੇ ਸਮੇਂ 'ਚ ਤਬਦੀਲੀ ਜਰੁਰੀ ਹੈ।