ਪੰਜਾਬ

punjab

ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ, ਕਿਹਾ- ਪੰਜਾਬ ਅਤੇ ਪੰਥ ਦੋਵਾਂ 'ਚ ਬੈਚੇਨੀ, ਫਰਜ਼ੀ ਸਿੱਖ ਬਣ ਘੁੰਮ ਰਹੇ ਲੋਕ ਸ਼ਾਂਤੀ ਦੇ ਵੈਰੀ

By

Published : Aug 21, 2023, 12:31 PM IST

ਪੰਜਾਬ ਵਿੱਚ ਬਣੇ ਹੜ੍ਹ ਵਰਗੇ ਹਾਲਾਤਾਂ ਅੰਦਰ ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅੱਜ ਪੰਥ ਅਤੇ ਪੰਜਾਬ ਬੈਚੇਨ ਹਨ। ਉਨ੍ਹਾਂ ਸੀਐੱਮ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੌਰਾਨ ਅਸਿੱਧੇ ਤੌਰ ਉੱਤੇ ਨਿਸ਼ਾਨੇ 'ਤੇ ਲਿਆ ਹੈ।

Sunil Jakhar has made a big statement about Punjab and the Sikh panth
ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ

ਚੰਡੀਗੜ੍ਹ: ਕਿਸੇ ਸਮੇਂ ਦਿੱਗਜ ਕਾਂਗਰਸੀ ਆਗੂ ਰਹੇ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਐਕਸ਼ਨ ਵਿੱਚ ਹਨ ਅਤੇ ਵਿਰੋਧੀਆਂ ਨੂੰ ਲਪੇਟਦੇ ਵੀ ਨਜ਼ਰ ਆ ਰਹੇ ਹਨ। ਪੰਜਾਬ ਅੰਦਰ ਮੁੜ ਤੋਂ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਗਰਾਊਂਡ ਜ਼ੀਰੋ ਉੱਤੇ ਪਾਰਟੀ ਵਰਕਰਾਂ ਨਾਲ ਪਹੁੰਚੇ ਹੋਏ ਸਨ, ਇਸ ਦੌਰਾਨ ਉਨ੍ਹਾਂ ਨੇ ਪੰਜਾਬ ਅਤੇ ਪੰਥ ਸਬੰਧੀ ਵੱਡਾ ਬਿਆਨ ਦਿੱਤਾ।

ਜਾਖੜ ਦਾ ਵਿਰੋਧੀਆਂ ਉੱਤੇ ਤੰਜ:ਪੰਜਾਬ ਭਾਜਪਾ ਪ੍ਰਧਾਨ ਨੇ ਸਿੱਧੇ ਸ਼ਬਦਾਂ ਵਿੱਚ ਸੂਬਾ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਚੰਗੀ ਲੀਡਰਸ਼ਿਪ ਦੀ ਜ਼ਰੂਰਤ ਹੈ ਅਤੇ ਲੀਡਰਸ਼ਿਪ ਸਹੀ ਨਾ ਹੋਣ ਕਰਕੇ ਅੱਜ ਪੰਜਾਬ ਅਤੇ ਪੰਥ ਅੰਦਰ ਬੈਚੇਨੀ ਹੈ। ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਇਹ ਵੀ ਕਿਹਾ ਕਿ ਸੂਬੇ ਵਿੱਚ ਅੱਜ ਕਈ ਨਕਲੀ ਸਿੱਖ ਘੁੰਮ ਰਹੇ ਹਨ ਜੋ ਸਿਆਸੀ ਲਾਹੇ ਪਿੱਛੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਜਾਖੜ ਨੇ ਕਿਹਾ ਕਿ ਪੰਜਾਬੀਆਂ ਨੂੰ ਅੱਜ ਅਖੌਤੀ ਸਿੱਖਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

ਹੜ੍ਹ ਪ੍ਰਭਾਵਿਤ ਲੋਕਾਂ ਦੀ ਨਹੀਂ ਹੋਈ ਮਦਦ: ਜਾਖੜ ਨੇ ਸਪੱਸ਼ਟ ਸ਼ਬਦਾਂ ਵਿੱਚ ਹੜ੍ਹ ਪੀੜਤਾਂ ਦਾ ਹਾਲ ਜਾਣਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਹੁਣ ਤੱਕ ਦੀ ਕਾਰਗੁਜ਼ਾਰੀ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਨੇ ਸਟੇਜਾਂ ਤੋਂ ਸਿਰਫ ਚੁਟਕਲਿਆਂ ਵਾਲੇ ਭਾਸ਼ਣ ਹੀ ਸੁਣਾਏ ਪਰ ਕਿਸੇ ਹੜ੍ਹ ਪੀੜਤ ਅਤੇ ਲੋੜਵੰਦ ਦੀ ਮਦਦ ਤੱਕ ਨਹੀਂ ਕੀਤੀ। ਜਾਖੜ ਨੇ ਕਿਹਾ ਕਿ ਜੇਕਰ ਸਰਕਾਰ ਨੇ ਪਹਿਲਾਂ ਤਿਆਰੀਆਂ ਆਰੰਭੀਆਂ ਹੁੰਦੀਆਂ ਤਾਂ ਭਾਰੀ ਬਰਸਾਤ ਕਾਰਣ ਜੋ ਮਾਰੂ ਨੁਕਸਾਨ ਪੰਜਾਬੀਆਂ ਨੇ ਝੱਲਿਆ ਉਹ ਨਾ ਹੁੰਦਾ। ਜਾਖੜ ਨੇ ਇੱਥੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮਦਦ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ ਤਾਂ ਜੋ ਕਰਜ਼ੇ ਦੀ ਮਾਰ ਹੇਠ ਦਬੇ ਲੋਕ ਖੁਦਕੁਸ਼ੀਆਂ ਦੇ ਰਾਹ ਨਾ ਚੁਣਨ। ਇਸ ਦੌਰਾਨ ਜਾਖੜ ਨੇ ਉਨ੍ਹਾਂ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕਰਨ ਵਾਲੇ ਕਾਂਗਰਸੀ ਲੀਡਰਾਂ ਨੂੰ ਚਿਤਾਵਨੀ ਦਿੰਦਿਆਂ ਹੱਦ ਵਿੱਚ ਰਹਿਣ ਲਈ ਕਿਹਾ ਹੈ।

ABOUT THE AUTHOR

...view details