ਪੰਜਾਬ

punjab

Sukhpal Khaira Drug Case: ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਹੋਈ ਸੁਣਵਾਈ, ਫ਼ੈਸਲਾ ਰੱਖਿਆ ਸੁਰੱਖਿਅਤ

By ETV Bharat Punjabi Team

Published : Oct 12, 2023, 4:01 PM IST

ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ ਹੈ। ਜਿਸ 'ਚ ਹਾਈਕੋਰਟ ਵਲੋਂ ਖਹਿਰਾ ਦੀ ਜ਼ਮਾਨਤ ਨੂੰ ਲੈਕੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। (Sukhpal Khaira Drug Case)

Sukhpal Khaira Drug Case
Sukhpal Khaira Drug Case

ਚੰਡੀਗੜ੍ਹ:ਪਿਛਲੇ ਕਈ ਦਿਨਾਂ ਤੋਂ ਨਸ਼ਾ ਤਸਕਰੀ ਦੇ ਇੱਕ ਪੁਰਾਣੇ ਮਾਮਲੇ 'ਚ ਜੇਲ੍ਹ 'ਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਲੋਂ ਜ਼ਮਾਨਤ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਗਈ ਸੀ। ਜਿਸ ਨੂੰ ਲੈਕੇ ਹਾਈਕੋਰਟ 'ਚ ਇਸ ਦੀ ਸੁਣਵਾਈ ਵੀ ਹੋਈ ਅਤੇ ਜੱਜ ਵਲੋਂ ਜ਼ਮਾਨਤ ਨੂੰ ਲੈਕੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ। ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ 3 ਦਿਨਾਂ ਤੱਕ ਚੱਲਣ ਮਗਰੋਂ ਦੋਵਾਂ ਪੱਖਾਂ ਦੀ ਬਹਿਸ ਸੁਣ ਕੇ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ। (Sukhpal Khaira Drug Case)

ਹਾਈਕੋਰਟ ਵਲੋਂ ਫ਼ੈਸਲਾ ਸੁਰੱਖਿਅਤ: ਕਾਬਿਲੇਗੌਰ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਆਪਣੇ 'ਤੇ ਹੋਈ ਕਾਰਵਾਈ ਅਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ। ਉਧਰ ਇਸ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਤੱਕ ਡਰੱਗ ਮਨੀ ਪਹੁੰਚਦੀ ਸੀ। ਜਿਸ ਸਬੰਧੀ ਚਰਚਾਵਾਂ ਨੇ ਕਿ ਈਡੀ ਵਲੋਂ ਇਸ ਮਾਮਲੇ ਵਿਚ ਸੁਖਪਾਲ ਖਹਿਰਾ ਖਿਲਾਫ਼ 80 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਉਸ ਨੂੰ ਹੀ ਅਧਾਰ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਸਰਕਾਰ ਤੋਂ ਮੰਗਿਆ ਸੀ ਜਵਾਬ: ਦੱਸ ਦਈਏ ਕਿ ਹਾਈਕੋਰਟ ਵਲੋਂ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ। ਜਿਸ 'ਚ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦਿਆਂ ਇਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਖਹਿਰਾ ਦੇ ਵਕੀਲ ਨੇ ਦਾਇਰ ਪਟੀਸ਼ਨ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ, ਫਿਰ ਵੀ ਇਸ ਮਾਮਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ।

SIT ਦੀ ਰਿਪੋਰਟ ਦੇ ਆਧਾਰ 'ਤੇ ਗ੍ਰਿਫਤਾਰੀ: ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਖਿਲਾਫ 2015 ਦੇ ਇਕ ਪੁਰਾਣੇ ਡਰੱਗ ਮਾਮਲੇ 'ਚ ਜਾਂਚ ਚੱਲ ਰਹੀ ਸੀ। ਹੁਣ ਉਸ ਨੂੰ ਡੀਆਈਜੀ ਦੀ ਅਗਵਾਈ ਵਾਲੀ ਐਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਐਸਆਈਟੀ ਵਿੱਚ ਦੋ ਐਸਐਸਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ, ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ ਅਤੇ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ।

ਸਾਲ 2015 'ਚ ਦਰਜ ਹੋਇਆ ਸੀ ਕੇਸ:ਸਾਲ 2015 ਵਿੱਚ ਜਲਾਲਾਬਾਦ ਪੁਲਿਸ ਨੇ ਮਾਰਕੀਟ ਕਮੇਟੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ 'ਚੋਂ 1 ਕਿਲੋ ਤੋਂ ਵਧੇਰੇ ਹੈਰੋਇਨ, ਸੋਨੇ ਦੇ ਬਿਸਕੁਟ, ਇੱਕ ਦੇਸੀ 315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਹੋਈ ਸੀ। ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਦਾ ਨਾਂ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ। ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ, ਨਿੱਜੀ ਸਹਾਇਕ , ਯੂਕੇ ਨਿਵਾਸੀ ਚਰਨਜੀਤ ਕੌਰ ਅਤੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ ਨੌਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਵਲੋਂ ਰਾਹਤ ਦੇ ਦਿੱਤੀ ਗਈ ਸੀ।

ABOUT THE AUTHOR

...view details