ਪੰਜਾਬ

punjab

Moosewala Murder Case: ਸਚਿਨ ਥਾਪਨ ਨੇ ਕੀਤੇ ਅਹਿਮ ਖੁਲਾਸੇ, ਦੁਬਈ ਵਿੱਚ ਘੜ੍ਹੀ ਗਈ ਸੀ ਸਿੱਧੂ ਦੇ ਕਤਲ ਦੀ ਵਿਓਂਤ

By

Published : Aug 2, 2023, 12:53 PM IST

ਬੀਤੇ ਦਿਨੀਂ ਗੈਂਗਸਟਰ ਸਚਿਨ ਥਾਪਨ ਨੂੰ ਦੁਬਈ ਪੁਲਿਸ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਮਗਰੋਂ ਥਾਪਨ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ ਗਿਆ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਕਸਟਡੀ ਵਿੱਚ ਸਚਿਨ ਥਾਪਨ ਨੇ ਮੂਸੇਵਾਲਾ ਕਤਲਕਾਂਡ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ।

Sachin Thapan Important revelations to Delhi Police in Moosewala Murder Case
ਸਚਿਨ ਥਾਪਨ ਨੇ ਕੀਤੇ ਅਹਿਮ ਖੁਲਾਸੇ, ਦੁਬਈ ਵਿੱਚ ਘੜ੍ਹੀ ਗਈ ਸੀ ਸਿੱਧੂ ਦੇ ਕਤਲ ਦੀ ਵਿਓਂਤ

ਚੰਡੀਗੜ੍ਹ ਡੈਸਕ : ਦੁਬਈ ਦੇ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਤੋਂ ਦੁਬਈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਸਚਿਨ ਥਾਪਨ ਨੂੰ ਬੀਤੇ ਦਿਨੀਂ ਭਾਰਤ ਲਿਆਂਦਾ ਗਿਆ। ਭਾਰਤ ਵਿੱਚ ਸਚਿਨ ਦੀ ਕਸਟਡੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦਿੱਤੀ ਗਈ ਸੀ। ਇਸ ਦੌਰਾਨ ਸਪੈਸ਼ਲ ਸੈੱਲ ਦੀ ਕਸਟਡੀ ਵਿੱਚ ਸਚਿਨ ਥਾਪਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਸੂਤਰਾਂ ਅਨੁਸਾਰ ਮੂਸੇਵਾਲਾ ਕਤਲਕਾਂਡ ਵਿੱਚ ਸਚਿਨ ਥਾਪਨ ਦਾ ਅਹਿਮ ਰੋਲ ਹੈ ਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਰਲ਼ ਕੇ ਸਚਿਨ ਨੇ ਮੂਸੇਵਾਲਾ ਦੇ ਕਤਲ ਦੀ ਵਿਓਂਤ ਘੜ੍ਹੀ ਸੀ।

ਜੇਲ੍ਹ ਤੋਂ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ ਲਾਰੈਂਸ ਬਿਸ਼ਨੋਈ :ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦਿੱਤੇ ਬਿਆਨ ਵਿੱਚ ਸਚਿਨ ਥਾਪਨ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਸਾਜ਼ਿਸ਼ ਦੁਬਈ 'ਚ ਰਚੀ ਗਈ ਸੀ, ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਵਿਉਂਤਬੰਦੀ ਕੀਤੀ ਜਾ ਰਹੀ ਸੀ, ਉਸ ਸਮੇਂ ਗੈਂਗਸਟਰ ਲਾਰੈਂਸ ਵੀ ਜੇਲ੍ਹ ਤੋਂ ਫ਼ੋਨ 'ਤੇ ਉਸ ਨਾਲ ਲਗਾਤਾਰ ਸੰਪਰਕ ਵਿੱਚ ਸੀ।

ਸਪੈਸ਼ਲ ਸੈੱਲ ਨੂੰ ਦਿੱਤੇ ਬਿਆਨ ਵਿੱਚ ਸਚਿਨ ਥਾਪਨ ਨੇ ਇਹ ਵੀ ਦੱਸਿਆ ਕਿ ਉਹ ਗੈਂਗਸਟਰ ਵਿਕਰਮ ਬਰਾੜ ਨੂੰ ਪਹਿਲੀ ਵਾਰ ਦੁਬਈ ਵਿੱਚ ਮਿਲਿਆ ਸੀ। ਇਸ ਤੋਂ ਬਾਅਦ ਉਹ ਕਰੀਬ ਡੇਢ ਮਹੀਨਾ ਵਿਕਰਮ ਬਰਾੜ ਦੇ ਫਲੈਟ ਵਿੱਚ ਰਿਹਾ। ਇੱਥੋਂ ਉਹ ਅਜ਼ਰਬਾਈਜਾਨ ਲਈ ਰਵਾਨਾ ਹੋ ਗਿਆ। ਗੈਂਗਸਟਰ ਸਚਿਨ ਨੇ ਪੁਲਿਸ ਨੂੰ ਦੱਸਿਆ ਹੈ ਕਿ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸਾਰੇ ਪੈਸੇ ਅਤੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਸੀ।

ਦੱਸ ਦਈਏ ਕਿ ਸਚਿਨ ਥਾਪਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਕਤਲ ਤੋਂ ਕੁਝ ਸਮਾਂ ਪਹਿਲਾਂ ਉਹ ਜਾਅਲੀ ਪਾਸਪੋਰਟ 'ਤੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵਿਦੇਸ਼ ਭੱਜ ਗਿਆ ਸੀ। ਮੂਸੇਵਾਲਾ ਕਤਲ ਕੇਸ ਦੀ ਐਫਆਈਆਰ ਅਤੇ ਚਾਰਜਸ਼ੀਟ ਦੋਵਾਂ ਵਿੱਚ ਉਸਦਾ ਨਾਮ ਦਰਜ ਹੈ। ਦਿੱਲੀ ਪੁਲਿਸ ਮੁਤਾਬਕ ਸਚਿਨ ਨੇ ਹਰਿਆਣਾ ਦੇ ਉਨ੍ਹਾਂ ਸ਼ੂਟਰਾਂ ਨੂੰ ਬੋਲੇਰੋ ਮੁਹੱਈਆ ਕਰਵਾਈ ਸੀ, ਜੋ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਦੁਬਈ ਸਥਿਤ ਦਿੱਲੀ ਦੇ ਇਕ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਵੀ ਮੰਗੀ ਸੀ। ਕਾਰੋਬਾਰੀ ਦਾ ਨਾਂ ਗੈਲਨ ਦੱਸਿਆ ਜਾ ਰਿਹਾ ਹੈ। ਟੀ-10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੀ ਕਾਲ ਰਿਕਾਰਡਿੰਗ ਚਰਚਾ 'ਚ ਸੀ। ਸਚਿਨ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਗਿਆ ਹੈ।

ABOUT THE AUTHOR

...view details