ਪੰਜਾਬ

punjab

Punjab electricity Budget: ਪੰਜਾਬ ਦੇ ਲੋਕਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ ਦੀ ਸਹੂਲਤ, ਆਮ ਲੋਕਾਂ ਲਈ ਵੱਡਾ ਐਲਾਨ

By

Published : Mar 10, 2023, 2:51 PM IST

ਸੂਬੇ ਦਾ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨ ਦੌਰਾਨ ਬਿਜਲੀ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਾਲ 2023-24 ਵਾਸਤੇ 7,780 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਹੈ।

Punjab electricity Budget
Punjab electricity Budget: ਪੰਜਾਬ ਦੇ ਲੋਕਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ ਦੀ ਸਹੂਲਤ, ਸਰਕਾਰ ਨੇ ਰੱਖਿਆ ਕਰੋੜਾਂ ਦਾ ਬਜਟ

ਚੰਡੀਗੜ੍ਹ: ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਬਿਜਲੀ ਦੀ ਪੂਰਤੀ ਨੂੰ ਲੈਕੇ ਹਮੇਸ਼ਾ ਸਮੱਸਿਆ ਵਿੱਚ ਰਹਿੰਦਾ ਹੈ, ਪਰ ਇਸ ਵਾਰ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਹੈ ਕਿ ਬੀਤੇ ਵਰ੍ਹੇ 2022 ਵਿੱਚ ਭਾਵੇਂ ਪੰਜਾਬ ਕੋਲੇ ਦੇ ਸੰਕਟ ਨਾਲ ਜੂਝ ਰਿਹਾ ਸੀ ਪਰ ਫਿਰ ਵੀ ਸਰਕਾਰ ਨੇ 14311 ਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਦਿਆਂ ਨਿਰਵਿਘਨ ਬਿਜਲੀ ਲੋਕਾਂ ਦੇ ਘਰਾਂ ਅਤੇ ਖੇਤੀ ਮੋਟਰਾਂ ਲਈ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਨੂੰ ਵੀ ਬਗੈੈਰ ਕਿਸੇ ਰੁਕਾਵਟ ਦੇ 8 ਘੰਟੇ ਲਗਾਤਾਰ ਬਿਜਲੀ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਕਾਮੀਆਂ ਕਾਰਨ ਜਿਹੜੀਆਂ ਕੋਲੇ ਦੀਆਂ ਖਾਣਾਂ ਬੰਦ ਪਈਆਂ ਸਨ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁੜ ਤੋਂ ਸੁਚਾਰੂ ਢੰਗ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੀਐੱਸਪੀਸੀਐੱਲ ਨੂੰ ਲਗਭਗ 250 ਕਰੋੜ ਰੁਪਏ ਦਾ ਸਲਾਨਾ ਫਾਇਦਾ ਹੋਵੇਗਾ।

ਮੁਫ਼ਤ ਬਿਜਲੀ ਲਈ ਕਰੋੜਾਂ ਰੁਪਏ ਦਾ ਬਜਟ:ਸੱਤਾ ਉੱਤੇ ਕਾਬਜ਼ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਮੁਫਤ ਬਿਜਲੀ ਦਾ ਨਾਅਰਾ ਸੁਰਖੀਆਂ ਵਿੱਚ ਸੀ ਅਤੇ ਸਰਕਾਰ ਬਣਨ ਤੋਂ ਮਗਰੋਂ ਆਮ ਆਦਮੀ ਪਾਰਟੀ ਨੇ ਆਪਣੇ ਵਾਅਦੇ ਉੱਤੇ ਅਮਲ ਕਰਦਿਆਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੋਕਾਂ ਨੂੰ ਦਿੱਤੀ। ਇਸ ਦੌਰਾਨ ਅੱਜ ਬਜਟ ਪੇਸ਼ ਕਰਦਿਆਂ ਖ਼ਜ਼ਾਨਾਂ ਮੰਤਰੀ ਨੇ ਕਿਹਾ ਕਿ ਸਾਲ 2022-23 ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ 9064 ਕਰੋੜ ਰੁਪਏ ਖਰਚੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਗੇ ਵੀ ਆਪਣੇ ਬੋਲਾਂ ਉੱਤੇ ਕਾਇਮ ਰਹਿੰਦਿਆਂ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੰਦੀ ਰਹੇਗੀ ਅਤੇ ਸਾਲ 2023-24 ਵਿੱਚ ਮੁਫ਼ਤ ਬਿਜਲੀ ਦੇ ਟੀਚੇ ਨੂੰ ਪੂਰਾ ਕਰਨ ਲਈ 9331 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਗਈ ਹੈ।

ਪੀਐੱਪੀਸੀਐੱਲ ਦਾ ਬਕਾਇਆ ਹੋਵੇਗਾ ਕਲੀਅਰ: ਦੱਸ ਦਈਏ ਪੰਜਾਬ ਸਰਕਾਰ ਨੇ ਬਿਜਲੀ ਸੈਕਟਰ ਅੰਦਰ ਹੋਰ ਮਜ਼ਬੂਤੀ ਅਤੇ ਮਸਲਿਆਂ ਦਾ ਸਥਾਈ ਹੱਲ ਲਈ ਪੀਐੱਸਪੀਸੀਐੱਲ ਨੂੰ ਸੁਧਾਰ-ਅਧਾਰਿਤ ਅਤੇ ਰਿਜ਼ਲਟ-ਲਿੰਕਡ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਸਰਕਾਰ ਆਉਣ ਵਾਲੇ 5 ਸਾਲਾਂ ਵਿੱਚ ਪੀਐੱਸਪੀਸੀਐੱਲ ਨੂੰ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਕਾਇਆ ਸਬਸਿਡੀ ਦੀ ਅਦਾਇਗੀ ਵੀ ਕਰੇਗੀ। ਇਸ ਦੇ ਨਾਲ ਹੀ ਆਰਡੀਐੱਸਐਸ ਤਹਿਤ 9642 ਕਰੋੜ ਰੁਪਏ ਦੀ ਰਕਮ ਨਾਲ ਡਿਸਟ੍ਰੀਬਿਊਸ਼ਨ ਬੁਨਿਆਦੀ ਢਾਂਚੇ ਅਤੇ ਮੀਟਰਿੰਗ ਦੇ ਕੰਮਾਂ ਨੂੰ 5 ਸਾਲਾਂ ਦੀ ਮਿਆਦ ਵਿੱਚ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਜਲੀ ਬਣਾਉਣ ਦੇ ਕੁਦਰਤੀ ਸ੍ਰੋਤਾਂ ਜਿਵੇ ਸੋਲਰ ਉਰਜਾ ਦੇ ਪ੍ਰਾਜੈਕਟਾਂ ਨੂੰ ਵੀ ਪੰਜਾਬ ਸਰਕਾਰ ਜੰਗੀ ਪੱਧਰ ਉੱਤੇ ਸਥਾਪਿਤ ਕਰਕੇ ਸੂਬੇ ਅੰਦਰ ਇਸਤੇਮਾਲ ਕਰੇਗੀ।

ਇਹ ਵੀ ਪੜ੍ਹੋ:Punjab Infrastructure Budget: ਬੁਨਿਆਦੀ ਢਾਂਚੇ ਲਈ ਖ਼ਾਸ ਐਲਾਨ, ਪੜ੍ਹੋ ਕਿਉਂ ਹੋਇਆ ਇਸਦੇ ਐਲਾਨ ਮੌਕੇ ਹੰਗਾਮਾ

ABOUT THE AUTHOR

...view details