ਪੰਜਾਬ

punjab

ਪੁੱਤ ਅਤੇ ਨੂੰਹ ਦੇ ਯੂ-ਟਰਨ ਤੋਂ ਬਾਅਦ ਵੱਡੇ ਬਾਦਲ ਦਾ ਕੂਹਣੀ ਮੋੜ

By

Published : Sep 19, 2020, 10:53 PM IST

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਿਆਨ ਜਾਰੀ ਕਰਕੇ ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਵਾਸਤੇ ਵਜ਼ੀਰੀ ਤਿਆਗਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਮਾਣ ਹੈ ਜਦੋਂ ਲਕੀਰ ਖਿੱਚੀ ਗਈ ਤਾਂ ਅਕਾਲੀ ਦਲ ਸਹੀ ਪਾਸੇ ਖੜਾ ਹੈ।

Parkash singh Badal's reaction to Harsimrat Kaur Badal's resignation
ਪੁੱਤ ਅਤੇ ਨੂੰਹ ਦੇ ਯੂ-ਟਰਨ ਤੋਂ ਬਾਅਦ ਵੱਡੇ ਬਾਦਲ ਦਾ ਕੂਹਣੀ ਮੋੜ

ਚੰਡੀਗੜ੍ਹ: ਅਕਾਲੀ ਦਲ ਦੇ ਘਾਗ ਆਗੂ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਦੇ ਕਸੂਤੇ ਫਸੇ ਕਿਸਾਨਾਂ ਨੂੰ ਬਚਾਉਣ ਵਾਸਤੇ ਲਏ ਮਜ਼ਬੂਤ ਤੇ ਸਿਧਾਂਤਕ ਸਟੈਂਡ 'ਤੇ ਬੇਹੱਦ ਤਸੱਲੀ ਤੇ ਮਾਣ ਮਹਿਸੂਸ ਕੀਤਾ।

ਬਾਦਲ ਨੇ ਕਿਹਾ ਕਿ ਉਸ ਨੂੰ ਖੁਸ਼ੀ ਤੇ ਮਾਣ ਹੈ ਕਿ ਜਦੋਂ ਵੀ ਲੋੜ ਪਈ ਤਾਂ ਉਸ ਦੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਹੋਰ ਦਬੇ ਕੁਚਲੇ ਵਰਗਾਂ ਲਈ ਨਿਆਂ ਦਾ ਝੰਡਾ ਬੁਲੰਦ ਕੀਤਾ ਹੈ। ਇਹ ਝੰਡਾ ਅਕਾਲੀ ਦਲ ਦੇ ਸਭਿਆਚਾਰ ਤੇ ਮੁਹਿੰਮਾਂ ਦੀ ਪਛਾਣ ਹੈ ਤੇ ਇਹ ਹਮੇਸ਼ਾ ਲਹਿਰਾਉਂਦਾ ਹੋਇਆ ਬਹੁਤ ਮਾਣਮੱਤਾ ਮਹਿਸੂਸ ਹੈ। ਬਾਦਲ ਨੇ ਕਿਹਾ ਕਿ ਅਕਾਲੀਆਂ ਦਾ ਹਮੇਸ਼ਾ ਅਹੁਦਿਆਂ ਦੀ ਖਿੱਚ ਤਿਆਗਣ ਤੇ ਸਿਧਾਂਤਾਂ ਲਈ ਡੱਟਣ ਦਾ ਇਤਿਹਾਸ ਰਿਹਾ ਹੈ। ਅਹੁਦਿਆਂ ਦੀ ਖਿੱਚ ਇੱਕ ਅਕਾਲੀ ਲਈ ਕੁਝ ਵੀ ਨਹੀਂ।

ਬਾਦਲ ਨੇ ਕੇਂਦਰ ਸਰਕਾਰ ਵਿੱਚੋਂ ਬਾਹਰ ਆਉਣ 'ਤੇ ਕਿਸਾਨਾਂ ਲਈ ਡੱਟਣ ਦੇ ਫੈਸਲੇ ਨੂੰ ਪਾਰਟੀ ਦੇ ਸਿਧਾਂਤਾਂ ਲਈ ਡੱਟਣ ਦੇ ਲੰਬੇ ਇਤਿਹਾਸ ਦਾ ਇੱਕ ਮਾਣਮੱਤਾ ਤੇ ਇਤਿਹਾਸਕ ਪਲ ਕਰਾਰ ਦਿੱਤਾ ਤੇ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤੇ ਪਾਰਟੀ ਹਮੇਸ਼ਾ ਲੋਕਾਂ ਵੱਲ ਹੁੰਦੀ ਹੈ।

ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਲੱਖਣ ਤੇ ਮਾਣ ਮੱਤਾ ਵਿਰਸਾ ਅੱਗੇ ਲਿਜਾਇਆ ਜਾਵੇਗਾ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਡੱਟ ਕੇ ਖੜੀ ਹੈ। ਅਕਾਲੀ ਦਲ ਨੇ ਹਮੇਸ਼ਾ ਸਹੀ ਅਧਿਕਾਰਾਂ ਦੀ ਰਾਖੀ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਦੀਆਂ ਪੰਥਕ ਰਵਾਇਤਾਂ ਨੂੰ ਬੁਲੰਦ ਰੱਖਿਆ ਹੈ ਅਤੇ ਸਾਡੀ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਸਤੇ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਮਗਰੋਂ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਰਵਾਇਤ ਮਜ਼ਬੂਤੀ ਨਾਲ ਤੇ ਬਿਨਾਂ ਕਿਸੇ ਸਮਝੌਤੇ 'ਤੇ ਅੱਗੇ ਲਿਜਾਈ ਜਾਵੇਗੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਇਕਲੌਤੀ ਪ੍ਰਤੀਨਿਧ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇ ਉਸ ਲਈ ਕੋਈ ਵੀ ਚੀਜ਼ ਸਿਧਾਂਤਾਂ ਅਤੇ ਲੋਕਾਂ ਖਾਸ ਤੌਰ 'ਤੇ ਕਿਸਾਨਾਂ, ਖੇਤ ਮਜ਼ਬੂਤਾਂ ਤੇ ਹੋਰ ਗਰੀਬ ਵਰਗਾਂ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ, ਦੇ ਹਿੱਤਾਂ ਨਾਲੋਂ ਵੱਧ ਕੇ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਇਸ ਫੈਸਲੇ 'ਤੇ ਉਹ ਕਿੰਨੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ।

ਬਾਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਲਈ ਦਲੇਰੀ ਨਾਲ ਬੋਲਣ ਤੇ ਉਨ੍ਹਾਂ ਨਾਲ ਉਨ੍ਹਾਂ ਦੀ 'ਭੈਣ ਤੇ ਧੀ' ਵਜੋਂ ਖੜੇ ਹੋਣ ਦਾ ਵਾਅਦਾ ਕਰਨ ਦੀ ਵੀ ਵਧਾਈ ਦਿੱਤੀ। ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਨੂੰ ਵੀ ਇਸ ਦਲੇਰਾਨਾ, ਇਤਿਹਾਸ ਤੇ ਸਿਧਾਂਤਕ ਸਟੈਂਡ ਦੀ ਵਧਾਈ ਦਿੱਤੀ ਤੇ ਉਸਦੀ ਸ਼ਲਾਘਾ ਕੀਤੀ।

ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਵਾਸਤੇ ਕਾਨੂੰਨ ਵਾਸਤੇ ਜ਼ਿਆਦਾ ਵਿਸਥਾਰਿਤ ਸਲਾਹ ਮਸ਼ਵਰਾ ਹੋਣਾ ਚਾਹੀਦਾ ਸੀ ਖਾਸ ਤੌਰ 'ਤੇ ਕਿਸਾਨਾਂ ਤੇ ਹੋਰ ਹਿੱਸੇਦਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀ ਜੋ ਹਮੇਸ਼ਾ ਕਿਸਾਨਾਂ ਦੀ ਆਵਾਜ਼ ਰਹੀਆਂ ਨਾਲ ਇਸ ਦੀ ਚਰਚਾ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਣ ਵਾਸਤੇ ਕੋਈ ਢੁਕਵਾਂ ਹੱਲ ਕੱਢੇ ਜਾਣ ਲਈ ਪੁਲ ਵਜੋਂ ਕੰਮ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਜਦੋਂ ਅਜਿਹਾ ਸੰਭਵ ਨਜ਼ਰ ਨਹੀਂ ਆਇਆ ਤਾਂ ਫਿਰ ਇੱਕ ਲਕੀਰ ਖਿੱਚਣੀ ਪਈ ਤੇ ਸ਼੍ਰੋਮਣੀ ਅਕਾਲੀ ਦਲ ਲਕੀਰ ਦੇ ਸਹੀ ਪਾਸੇ ਨਜ਼ਰ ਆਇਆ ਤੇ ਉਸ ਨੇ ਉਹੀ ਕੀਤਾ ਜੋ ਕਿ ਮਾਣ ਭਰਿਆ ਵਿਰਸਾ ਮੰਗ ਕਰਦਾ ਹੈ, ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋਵੇ।

ਇਸ ਦੇ ਨਾਲ ਹੀ ਬਾਦਲ ਨੇ ਸਮੂਹ ਪੰਜਾਬੀਆਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਨਿਆਂ ਲਈ ਇਸ ਸੰਘਰਸ਼ ਵਿੱਚ ਕਿਸਾਨਾਂ ਦਾ ਡੱਟ ਕੇ ਸਾਥ ਦੇਣ।

ABOUT THE AUTHOR

...view details