ਪੰਜਾਬ

punjab

ਬਾਬੇ ਨਾਨਕ ਦੀ ਤੱਕੜੀ ਨਾਲੇ ਅਕਾਲੀ ਦਲ ਦੀ ਤੱਕੜੀ ਦੀ ਤੁਲਨਾ ਦਾ ਹਰਸਿਮਰਤ ਕੌਰ ਬਾਦਲ 'ਤੇ ਇਲਜ਼ਾਮ, ਸੀਐੱਮ ਮਾਨ ਨੇ ਐੱਸਜੀਪੀਸੀ ਪ੍ਰਧਾਨ ਤੋਂ ਪੁੱਛਿਆ ਸਵਾਲ

By ETV Bharat Punjabi Team

Published : Jan 18, 2024, 12:32 PM IST

Updated : Jan 18, 2024, 1:35 PM IST

ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਵਿੱਚ ਰੈਲੀ ਦੇ ਸੰਬੋਧਨ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਨਾਲ ਰਲਾਉਣ ਦੇ ਇਲਜ਼ਾਮ ਲੱਗੇ ਹਨ। ਮੁੱਖ ਮੰਤਰੀ ਪੰਜਾਬ ਨੇ ਜਿੱਥੇ ਐੱਸਜੀਪੀਸੀ ਪ੍ਰਧਾਨ ਨੂੰ ਆਪਣੇ ਅੰਦਾਜ਼ ਵਿੱਚ ਇਸ ਮਾਮਲੇ ਨੂੰ ਲੈਕੇ ਨਿਸ਼ਾਨੇ ਉੱਤੇ ਲਿਆ ਉੱਥੇ ਹੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਬਿਆਨ ਉੱਤੇ ਸਵਾਲ ਖੜ੍ਹੇ ਕੀਤੇ ਹਨ।

statement of MP Harsimrat Kaur Badal
ਸੀਐੱਮ ਮਾਨ ਨੇ ਐੱਸਜੀਪੀਸੀ ਪ੍ਰਧਾਨ ਤੋਂ ਪੁੱਛਿਆ ਸਵਾਲ

ਚੰਡੀਗੜ੍ਹ: ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੀ 12 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੱਚ ਨੂੰ ਤੋਲਣ ਲਈ ਵਰਤੀ ਗਈ ਤੱਕੜੀ ਦਾ ਜ਼ਿਕਰ ਕੀਤਾ ਗਿਆ। ਤੱਕੜੀ ਦੇ ਇਸ ਜ਼ਿਕਰ ਨੂੰ ਹੁਣ ਸਿਆਸਤ ਦਾ ਮੁੱਦਾ ਬਣਾਇਆ ਜਾ ਰਿਹਾ ਹੈ।

ਸੀਐੱਮ ਮਾਨ ਦਾ ਵਾਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਮ ਐਕਸ ਰਾਹੀਂ ਜਿੱਥੇ ਇਸ ਬਿਆਨ ਨੂੰ ਅਧਾਰ ਬਣਾ ਕੇ ਹਰਸਿਮਰਤ ਕੌਰ ਬਾਦਲ ਨੂੰ ਟਾਰਗੇਟ ਕੀਤਾ ਉੱਥੇ ਹੀ ਐੱਸਜੀਪੀਸੀ ਦੇ ਪ੍ਰਧਾਨ ਨੂੰ ਵੀ ਤੰਜ ਭਰੇ ਲਹਿਜੇ ਵਿੱਚ ਸਵਾਲਾਂ ਦੇ ਘੇਰੇ ਅੰਦਰ ਲਿਆ। ਉਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦਾ ਵਲੰਟੀਅਰ ਕਰਾਰ ਦਿੰਦਿਆਂ ਖੁੱਲ੍ਹਾ ਚੈਲੰਜ ਕੀਤਾ ਹੈ। ਸੀਐੱਮ ਮਾਨ ਨੇ ਕਿਹਾ ਹੈ ਕਿ ਅਕਾਲੀ ਲੀਡਰ ਹਰਸਿਮਰਤ ਬਾਦਲ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਧਾਮੀ ਕੁਝ ਬੋਲਣਗੇ। ਜਾਂ ਫਿਰ ਮੇਰੇ ਬਿਆਨ ਨੂੰ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦੱਸਣਗੇ।

ਮਾਘੀ ਮੇਲਾ ਤੇ ਬੀਬਾ ਹਰਸਿਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸੑੀ ਹਰਜਿੰਦਰ ਧਾਮੀ ਜੀ(SGPC) ਕੁੱਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ…ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ਚ ਦਖਲ ਨਾ ਦੇਵੇ..ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ: ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਹਰਸਿਮਰਤ ਬਾਦਲ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਤੇ ਨਿਰਾਧਾਰ ਬਿਆਨਾਂ ਰਾਹੀਂ ਹਰੇਕ ਸਿੱਖ ਦੇ ਹਿਰਦੇ ਨੂੰ ਠੇਸ ਪੁੱਜੀ ਹੈ ਪਰ ਸ਼੍ਰੋਮਣੀ ਕਮੇਟੀ ਇਸ ਮਸਲੇ ਉਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਦਿਸਦਾ ਹੈ ਕਿ ਧਾਮੀ ਅਕਾਲੀ ਦਲ ਖ਼ਾਸ ਤੌਰ ਉਤੇ ਬਾਦਲ ਪਰਿਵਾਰ ਦੇ ਇਕ ਵਫ਼ਾਦਾਰ ਵਲੰਟੀਅਰ ਤੋਂ ਵੱਧ ਕੁੱਝ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗੀਂ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੇ ਆਕਾਵਾਂ ਦੀਆਂ ਸਾਰੀਆਂ ਗਲਤੀਆਂ ਵੱਲੋਂ ਅੱਖਾਂ ਮੀਟ ਲਈਆਂ ਹਨ, ਜਿਸ ਕਾਰਨ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੱਜ ਰਹੀ ਹੈ।

ਬਾਦਲਾਂ ਦੇ ਹੱਥਾਂ ਦੀ ਕਠਪੁਤਲੀ:ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਇਹ ਬਿਆਨ ਮਾਘੀ ਮੌਕੇ ਆਇਆ ਪਰ ਇਸ ਸਮੁੱਚੇ ਮਸਲੇ ਉੱਤੇ ਧਾਮੀ ਦੀ ਗੁੱਝੀ ਚੁੱਪ ਨਾਲ ਇਹ ਗੱਲ ਪੁਖ਼ਤਾ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਤੋਂ ਵੱਧ ਕੁੱਝ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਨੀ ਕਿੰਨੀ ਮਾੜੀ ਗੱਲ ਹੈ ਕਿ ਬਾਦਲ ਪਰਿਵਾਰ ਦੀਆਂ ਕਾਰਵਾਈਆਂ ਪੂਰੀ ਤਰ੍ਹਾਂ ਸਿੱਖੀ ਰਹਿਤ ਮਰਿਆਦਾ ਦੇ ਉਲਟ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨ੍ਹਾਂ ਵਿੱਚ ਕੁੱਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ। ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਸੰਗਤ ਉਨ੍ਹਾਂ ਨੂੰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਦੀ ਨੀਤੀ ਲਈ ਮੁਆਫ਼ ਨਹੀਂ ਕਰੇਗੀ ਅਤੇ ਢੁੱਕਵਾਂ ਸਬਕ ਸਿਖਾਏਗੀ।

ਮੁੱਖ ਮੰਤਰੀ ਨੇ ਧਾਮੀ ਨੂੰ ਚੁਣੌਤੀ ਦਿੱਤੀ ਕਿ ਉਹ ਮੀਡੀਆ ਸਾਹਮਣੇ ਆਉਣ ਅਤੇ ਆਪਣੇ ਆਕਾਵਾਂ ਅਤੇ ਅਕਾਲੀ ਦਲ ਦਾ ਇਨ੍ਹਾਂ ਘਟੀਆ ਹਰਕਤਾਂ ਲਈ ਬਚਾਅ ਕਰਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਉਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਇਲਜ਼ਾਮ ਲਾਉਂਦੀ ਰਹੀ ਹੈ ਪਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਅਕਾਲੀ ਦਲ ਵਿੱਚ ਹਾਵੀ ਇਸ ਪਰਿਵਾਰ ਦੇ ਹੱਥ-ਟੋਕੇ ਵਜੋਂ ਕੰਮ ਕਰ ਰਹੇ ਹਨ।

ਰਵਨੀਤ ਬਿੱਟੂ ਦਾ ਵੀ ਵਾਰ: ਮਾਮਲੇ ਉੱਤੇ ਕਾਂਗਰਸ ਦੇ ਲੋਕ ਸਭ ਮੈਂਬਰ ਰਵਨੀਤ ਬਿੱਟੂ ਵੀ ਤੰਜ ਕੱਸਣ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਜੇ ਅੱਜ ਹਰਸਿਮਰਤ ਕੌਰ ਬਾਦਲ ਨੇ ਬਾਬੇ ਨਾਨਕ ਦੀ ਮਹਾਨ ਤੱਕੜੀ ਨਾਲ ਆਪਣੇ ਚੋਣ ਨਿਸ਼ਾਨ ਨੂੰ ਰੱਖਿਆ ਹੈ ਤਾਂ ਕੋਈ ਵੀ ਧਾਰਮਿਕ ਆਗੂ ਬਿਆਨ ਨਹੀਂ ਦੇ ਰਿਹਾ। ਜੇਕਰ ਕੱਲ੍ਹ ਨੂੰ ਕੋਈ ਕਾਂਗਰਸੀ ਲੀਡਰ ਇਹ ਕਹਿ ਦੇਵੇ ਕਿ ਕਾਂਗਰਸ ਦਾ ਚੋਣ ਨਿਸ਼ਾਨ ਪੰਜਾ ਬਾਬੇ ਨਾਨਕ ਵੱਲੋਂ ਪੱਥਰ ਰੋਕਣ ਲਈ ਵਰਤਿਆ ਗਿਆ ਪੰਜਾ ਹੈ ਤਾਂ ਹਰ ਪਾਸੇ ਵਿਵਾਦ ਸ਼ੁਰੂ ਹੋ ਜਾਣਗੇ।

Last Updated : Jan 18, 2024, 1:35 PM IST

ABOUT THE AUTHOR

...view details