ਪੰਜਾਬ

punjab

NIA raids in 6 states, 51 locations: ਪੰਜਾਬ ਸਣੇ 6 ਸੂਬਿਆਂ 'ਚ ਐਨਆਈਏ ਦੀ ਛਾਪੇਮਾਰੀ, ਖਾਲਿਸਤਾਨ ਤੇ ਗੈਂਗਸਟਰ ਨੈਕਸਸ ਉੱਤੇ ਵੱਡੀ ਕਾਰਵਾਈ

By ETV Bharat Punjabi Team

Published : Sep 27, 2023, 8:47 AM IST

Updated : Sep 27, 2023, 10:33 AM IST

NIA raids in Punjab: ਐਨਆਈਏ ਵਲੋਂ ਖਾਲਿਸਤਾਨ ਤੇ ਗੈਂਗਸਟਰ ਨੈਕਸਸ ਨੂੰ ਤੋੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਪੰਜਾਬ ਸਣੇ 6 ਸੂਬਿਆਂ 'ਚ ਮੁੜ ਐਨਆਈਏ ਨੇ 51 ਦੇ ਕਰੀਬ ਥਾਵਾਂ 'ਤੇ ਰੇਡ ਕੀਤੀ ਹੈ। (NIA Big Action in Punjab)

NIA raids in 6 states
NIA raids in 6 states

ਬਠਿੰਡਾ ਵਿੱਚ ਛਾਪੇਮਾਰੀ

ਚੰਡੀਗੜ੍ਹ:ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਗੈਂਗਸਟਰ ਅਤੇ ਖਾਲਿਸਤਾਨੀ ਗੱਠਜੋੜ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਰੀਬ 51 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। NIA ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਡੀਲਰਾਂ ਵਿਚਕਾਰ ਗੱਠਜੋੜ ਨੂੰ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। NIA ਦੀ ਇਹ ਕਾਰਵਾਈ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਹੈ।

ਪੰਜਾਬ 'ਚ 30 ਥਾਵਾਂ 'ਤੇ ਐਨਆਈਏ: ਐਨਆਈਏ ਦੀ ਟੀਮ ਪੰਜਾਬ ਵਿੱਚ ਵੱਧ ਤੋਂ ਵੱਧ 30 ਥਾਵਾਂ ’ਤੇ ਮੌਜੂਦ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿੱਚ 13, ਹਰਿਆਣਾ ਵਿੱਚ 4, ਉੱਤਰਾਖੰਡ ਵਿੱਚ 2, ਦਿੱਲੀ-ਐਨਸੀਆਰ ਅਤੇ ਯੂਪੀ ਵਿੱਚ 1-1 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਦੇ ਸੂਤਰਾਂ ਮੁਤਾਬਕ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਅਤੇ ਗੈਂਗਸਟਰ ਹਵਾਲਾ ਚੈਨਲ ਰਾਹੀਂ ਭਾਰਤ 'ਚ ਬੈਠੇ ਆਪਣੇ ਕਰਿੰਦਿਆਂ ਨੂੰ ਨਸ਼ੇ ਅਤੇ ਹਥਿਆਰਾਂ ਦੀ ਫੰਡਿੰਗ ਕਰ ਰਹੇ ਹਨ। ਗੈਂਗਸਟਰ-ਖਾਲਿਸਤਾਨੀਆਂ ਦੀ ਇਸ ਫੰਡਿੰਗ ਚੇਨ ਨੂੰ ਖਤਮ ਕਰਨ ਲਈ NIA ਦੀ ਕਾਰਵਾਈ ਜਾਰੀ ਹੈ।

ਮੋਗਾ 'ਚ ਇੰਨ੍ਹਾਂ ਥਾਵਾਂ 'ਤੇ ਰੇਡ: ਮੋਗਾ ਦੀ ਗੱਲ ਕਰੀਏ ਤਾਂ ਪਿੰਡ ਤਖਤੂਪੁਰਾ ਵਿੱਚ ਇੱਕ ਸ਼ਰਾਬ ਦੇ ਠੇਕੇਦਾਰ ਦੇ ਘਰ NIA ਦੀ ਤੜਕਸਾਰ ਰੇਡ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਅਰਸ਼ ਡਾਲਾ ਵੱਲੋਂ ਇਸ ਠੇਕੇਦਾਰ ਤੋਂ ਫਿਰੌਤੀ ਮੰਗੀ ਗਈ ਸੀ ਅਤੇ ਫਿਰੌਤੀ ਦੀ ਕੁੱਝ ਰਕਮ ਇਸ ਠੇਕੇਦਾਰ ਵਲੋਂ ਅਰਸ਼ ਡਾਲਾ ਨੂੰ ਦੇ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਐਨਆਈਏ ਨੇ ਇਸ ਥਾਂ 'ਤੇ ਰੇਡ ਕੀਤੀ ਹੈ।

ਬਠਿੰਡਾ 'ਚ ਇੰਨ੍ਹਾਂ ਇਲਾਕਿਆਂ 'ਚ ਨੱਪੀ ਪੈੜ: ਇਸ ਤਰ੍ਹਾਂ ਬਠਿੰਡਾ ਦੀ ਗੱਲ ਕਰੀਏ ਤਾਂ ਐਨਆਈਏ ਨੇ ਬਠਿੰਡਾ ਦੇ ਕਸਬਾ ਮੌੜ ਮੰਡੀ ਨਾਲ ਸੰਬੰਧਿਤ ਪਿੰਡ ਜੇਠੂਕੇ ਵਿਖੇ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਘਰ ਰੇਡ ਕੀਤੀ ਹੈ। ਇਸ ਦੇ ਨਾਲ ਹੀ ਐਨਆਈਏ ਦੀ ਦੂਸਰੀ ਟੀਮ ਵਲੋਂ ਗੈਂਗਸਟਰ ਹੈਰੀ ਮੌੜ ਦੇ ਘਰ ਮੌੜ ਮੰਡੀ 'ਚ ਵੀ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਕਿ ਗੈਂਗਸਟਰ ਹੈਰੌ ਮੌੜ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਹਾਲੇ ਹੋਰ ਜਾਣਕਾਰੀ ਆਉਣ ਦੀ ਉਡੀਕ ਹੈ।

ਬਰਨਾਲਾ 'ਚ ਕਈ ਥਾਵਾਂ 'ਤੇ ਮਾਰਿਆ ਛਾਪਾ: ਐੱਨਆਈਏ ਵੱਲੋਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿੱਚ ਛਾਪਾ ਮਾਰਿਆ ਗਿਆ। ਐਨਆਈਏ ਦੀ ਟੀਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਰਸ਼ਨ ਸਿੰਘ ਦੇ ਘਰ ਪੁੱਜੀ ਸੀ, ਪਰ ਘਰ ਵਿੱਚ ਕੋਈ ਨਾ ਮਿਲਣ ਕਾਰਨ ਟੀਮ ਵਾਪਸ ਪਰਤ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਦਾ ਪਰਿਵਾਰ ਪਿਛਲੇ 8 ਸਾਲਾਂ ਤੋਂ ਪਿੰਡ ਵਿੱਚ ਨਹੀਂ ਰਹਿ ਰਿਹਾ ਹੈ ਅਤੇ ਸੰਗਰੂਰ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਚਲਾ ਗਿਆ ਹੈ। ਦੱਸ ਦਈਏ ਕਿ ਐੱਨਆਈਏ ਦੀ ਟੀਮ ਅੱਜ ਤੜਕੇ 3 ਵਜੇ ਦਰਸ਼ਨ ਸਿੰਘ ਦੇ ਪਰਿਵਾਰ ਦੀ ਜਾਂਚ ਲਈ ਪਹੁੰਚੀ ਸੀ, ਪਰ ਪਿੰਡ ਦਾ ਕੋਈ ਵਿਅਕਤੀ ਨਾ ਮਿਲਣ ਕਾਰਨ ਟੀਮ ਨੂੰ ਵਾਪਸ ਪਰਤਣਾ ਪਿਆ।

ਫਰੀਦਕੋਟ 'ਚ ਐਨਆਈਏ ਦੀ ਰੇਡ

ਫਰੀਦਕੋਟ ਵਿੱਚ ਵੀ ਛਾਪਾ:ਗੈਂਗਸਟਰ ਅਤੇ ਖਾਲਿਸਤਾਨੀ ਗੱਠਜੋੜ ਦੇ ਸਾਹਮਣੇ ਆਉਣ ਤੋਂ ਬਾਅਦ NIA ਦੀ ਟੀਮ ਨੇ ਅੱਜ ਫਰੀਦਕੋਟ 'ਚ ਵੀ ਛਾਪੇਮਾਰੀ ਕੀਤੀ। ਫਰੀਦਕੋਟ 'ਚ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਭਰਾ ਕਰਮਜੀਤ ਸਿੰਘ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ NIA ਨੇ ਪਿੰਡ ਜਿਊਣ ਸਿੰਘ ਵਾਲਾ 'ਚ ਵੀ ਛਾਪੇਮਾਰੀ ਕੀਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਦੇ ਸਬੰਧ ਗਰਮ ਖਿਆਲੀਆਂ ਦੇ ਨਾਲ ਦੱਸੇ ਜਾ ਰਹੇ ਹਨ।

ਫਿਰੋਜ਼ਪੁਰ 'ਚ ਐਨਆਈਏ ਦੀ ਰੇਡ

ਫਿਰੋਜ਼ਪੁਰ 'ਚ ਵੀ ਐਨਆਈਏ ਦੀ ਦਸਤਕ: ਇਸ ਦੇ ਨਾਲ ਹੀ ਐਨਆਈਏ ਵਲੋਂ ਫਿਰੋਜ਼ਪੁਰ 'ਚ ਅੱਤਵਾਦੀ ਅਰਸ਼ਦੀਪ ਡਾਲਾ ਦੇ ਐਸੋਸੀਏਟ ਜੋਨਸ ਉਰਫ਼ ਜੋਰਾ ਦੇ ਘਰ ਮੱਛੀ ਮੰਡੀ 'ਚ ਵੀ ਰੇਡ ਕੀਤੀ ਗਈ। ਇਹ ਰੇਡ ਸਵੇਰੇ ਤੜਕਸਾਰ ਕਰੀਬ ਪੰਜ ਵਜੇ ਤੋਂ ਚੱਲ ਰਹੀ ਸੀ, ਜਿਸ 'ਚ ਐਨਆਈਏ ਵਲੋਂ ਜੋਨਸ ਉਰਫ਼ ਜੋਰਾ ਨੂੰ ਗ੍ਰਿਫ਼ਤਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਕਿ ਜੋਨਸ ਉਰਫ਼ ਜੋਰਾ ਮਜ਼ਦੂਰੀ ਦਾ ਕੰਮ ਕਰਦਾ ਹੈ।

ਖਾਲਿਸਤਾਨ ਤੇ ਗੈਂਸਗਟਰ ਨੈਕਸਸ ਤੋੜਨ ਦੇ ਯਤਨ: NIA ਦੀ ਜਾਂਚ ਵਿੱਚ ਖਾਲਿਸਤਾਨ-ISI ਅਤੇ ਗੈਂਗਸਟਰਾਂ ਦੇ ਗਠਜੋੜ ਦੇ ਕਈ ਇਨਪੁਟ ਇਕੱਠੇ ਕੀਤੇ ਗਏ ਹਨ। ਹੁਣ ਤੱਕ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਅਤੇ ਖਾਲਿਸਤਾਨੀਆਂ ਤੋਂ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ-ਖਾਲਿਸਤਾਨੀ ਗੱਠਜੋੜ ਦੀ ਵਰਤੋਂ ਅੱਤਵਾਦੀ ਫੰਡਿੰਗ, ਹਥਿਆਰਾਂ ਦੀ ਸਪਲਾਈ ਦੇ ਨਾਲ-ਨਾਲ ਵਿਦੇਸ਼ੀ ਧਰਤੀ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ। NIA ਨੇ ਹੁਣ ਖਾਲਿਸਤਾਨੀ ਸਮਰਥਕਾਂ ਅਤੇ ਵਿਦੇਸ਼ੀ ਧਰਤੀ ਤੋਂ ਸਰਗਰਮ ਗੈਂਗਸਟਰਾਂ 'ਤੇ ਵੱਡਾ ਹਮਲਾ ਸ਼ੁਰੂ ਕਰ ਦਿੱਤਾ ਹੈ।

ਕੇਂਦਰੀ ਸੁਰੱਖਿਆ ਬਲ ਦੇ ਜਵਾਨ ਵੀ ਮੌਜੂਦ: ਰਾਜਸਥਾਨ 'ਚ ਹਨੂੰਮਾਨਗੜ੍ਹ, ਝੁੰਝਨੂ, ਗੰਗਾਨਗਰ ਅਤੇ ਜੋਧਪੁਰ ਸਮੇਤ ਖਾਲਿਸਤਾਨੀ ਹਮਦਰਦਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ NIA ਦੀ ਇੱਕ ਵੱਡੀ ਛਾਪੇਮਾਰੀ ਕੀਤੀ ਹੈ। ਇਹ ਆਪ੍ਰੇਸ਼ਨ ਦੇਰ ਰਾਤ ਸ਼ੁਰੂ ਹੋਇਆ ਅਤੇ ਆਪਰੇਸ਼ਨ ਦੌਰਾਨ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਵੀ ਮੌਜੂਦ ਸਨ।

ਭਾਰਤ ਤੇ ਕੈਨੇਡਾ ਵਿਚਾਲੇ ਤਲਖ਼ੀ:NIA ਦੀ ਇਹ ਕਾਰਵਾਈ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਖਾਲਿਸਤਾਨ ਦੇ ਮੁੱਦੇ 'ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਦਰਅਸਲ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ 'ਚ ਜੂਨ ਮਹੀਨੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਨੂੰ ਕੈਨੇਡੀਅਨ ਨਾਗਰਿਕ ਦੱਸਦਿਆਂ ਉਸ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਵੀ ਕੱਢ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਿਆ। ਇਸ ਦੇ ਨਾਲ ਹੀ ਜਵਾਬੀ ਕਾਰਵਾਈ ਵਿੱਚ ਨਵੀਂ ਦਿੱਲੀ ਵਿੱਚ ਕੈਨੇਡੀਅਨ ਡਿਪਲੋਮੈਟ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

Last Updated : Sep 27, 2023, 10:33 AM IST

ABOUT THE AUTHOR

...view details