ਪੰਜਾਬ

punjab

Ludhiana Encounter: 19 ਸਾਲ ਪਹਿਲਾਂ ਚੋਰੀ ਕਰਕੇ ਅਪਰਾਧ ਜਗਤ ਵਿੱਚ ਸ਼ਾਮਲ ਹੋਇਆ ਮ੍ਰਿਤਕ ਮੁਲਜ਼ਮ 24 ਅਪਰਾਧਿਕ ਮਾਮਲਿਆਂ 'ਚ ਸੀ ਲੋੜੀਂਦਾ

By ETV Bharat Punjabi Team

Published : Dec 14, 2023, 9:16 PM IST

ਲੁਧਿਆਣਾ 'ਚ ਹੋਏ ਗੈਂਗਸਟਰ ਦੇ ਐਨਕਾਊਂਟਰ ਨੂੰ ਲੈਕੇ ਪੰਜਾਬ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ 'ਚ ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 19 ਸਾਲ ਪਹਿਲਾਂ ਚੋਰੀ ਕਰਕੇ ਅਪਰਾਧ ਜਗਤ ਵਿੱਚ ਸ਼ਾਮਲ ਹੋਇਆ ਮ੍ਰਿਤਕ ਮੁਲਜ਼ਮ 24 ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਸੀ।

ਲੁਧਿਆਣਾ ਐਨਕਾਊਂਟਰ
ਲੁਧਿਆਣਾ ਐਨਕਾਊਂਟਰ

ਚੰਡੀਗੜ੍ਹ: ਲੁਧਿਆਣਾ ਵਿਖੇ ਪੁਲਿਸ ਮੁਕਾਬਲੇ ਵਿੱਚ ਬਦਨਾਮ ਅਪਰਾਧੀ ਸੁਖਦੇਵ ਸਿੰਘ ਉਰਫ਼ ਵਿੱਕੀ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ, ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ ਲੁਧਿਆਣਾ ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿੱਚ ਮ੍ਰਿਤਕ ਅਪਰਾਧੀ ਦੇ ਅਗਲੇ-ਪਿਛਲੇ ਸਬੰਧੀ ਦਾ ਪਤਾ ਲਗਾਉਣ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ। ਦੱਸਣਯੋਗ ਹੈ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਵਧੀਕ ਡੀਸੀਪੀ ਜ਼ੋਨ 4 ਤੁਸ਼ਾਰ ਗੁਪਤਾ, ਵਧੀਕ ਡੀਸੀਪੀ (ਡੀ) ਰੁਪਿੰਦਰ ਕੌਰ ਸਰਾਂ ਅਤੇ ਐਸਐਚਓ ਡਿਵੀਜ਼ਨ ਨੰਬਰ 7 ਸੁਖਦੇਵ ਸਿੰਘ ਮੈਂਬਰਾਂ ਵਜੋਂ ਸ਼ਾਮਲ ਹਨ।

ਚੋਰੀ ਦੀ ਵਾਰਦਾਤ ਨਾਲ ਅਪਰਾਧ ਜਗਤ 'ਚ ਸ਼ਾਮਲ: ਆਈ.ਜੀ.ਪੀ ਹੈੱਡਕੁਆਰਟਰ ਜੋ ਕਿ ਕਮਿਸ਼ਨਰ ਆਫ਼ ਪੁਲਿਸ (ਸੀਪੀ) ਲੁਧਿਆਣਾ ਕੁਲਦੀਪ ਸਿੰਘ ਚਾਹਲ ਦੇ ਨਾਲ ਅੱਜ ਇੱਥੇ ਪੁਲਿਸ ਹੈਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਅਪਰਾਧੀ ਨੇ 2004 ਵਿੱਚ ਚੋਰੀ ਦੀ ਛੋਟੀ ਜਿਹੀ ਵਾਰਦਾਤ ਨਾਲ 19 ਸਾਲ ਪਹਿਲਾਂ ਅਪਰਾਧ ਜਗਤ ਵਿੱਚ ਕਦਮ ਰੱਖਿਆ ਸੀ ਅਤੇ ਇਸ ਤੋਂ ਬਾਅਦ ਉਸਨੇ ਘਿਨਾਉਣੇ ਅਪਰਾਧਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ, ਮ੍ਰਿਤਕ ਸੁਖਦੇਵ ਵਿੱਕੀ ਘੱਟੋ-ਘੱਟ 24 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਜ਼ਿਆਦਾਤਰ ਇਰਾਦਾ ਕਤਲ, ਡਕੈਤੀ, ਚੋਰੀ, ਲੁੱਟ-ਖੋਹ, ਜਬਰੀ ਵਸੂਲੀ, ਐਨਡੀਪੀਐਸ ਕੇਸਾਂ ਆਦਿ ਸ਼ਾਮਲ ਹਨ।

ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ: ਇਸ ਸਬੰਧੀ ਜਾਣਕਾਰੀ ਮੁਤਾਬਿਕ ਬੁੱਧਵਾਰ ਸ਼ਾਮ ਨੂੰ ਲੁਧਿਆਣਾ ਦੇ ਪਿੰਡ ਪੰਜੇਟਾ ਵਿਖੇ ਕੋਹਾੜਾ ਮਾਛੀਵਾੜਾ ਰੋਡ 'ਤੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮ੍ਰਿਤਕ ਅਪਰਾਧੀ ਸੁਖਦੇਵ ਸਿੰਘ ਉਰਫ ਵਿੱਕੀ ਵਾਸੀ ਲੁਧਿਆਣਾ ਮਾਛੀਵਾੜਾ ਮਾਰਿਆ ਗਿਆ ਸੀ। ਉਸ ਦੇ ਤਿੰਨ ਸਾਥੀਆਂ, ਯੂਪੀ ਅਧਾਰਤ ਆਰੀਅਨ ਸਿੰਘ ਉਰਫ਼ ਰਾਜਾ (21), ਜੋ ਮੌਜੂਦਾ ਸਮੇਂ ਲੁਧਿਆਣਾ ਦੇ ਮੋਤੀ ਨਗਰ ਵਿੱਚ ਰਹਿ ਰਿਹਾ ਹੈ, ਸੁਨੀਲ ਕੁਮਾਰ (21) ਵਾਸੀ ਖੁਸ਼ੀ ਨਗਰ, ਯੂਪੀ ਅਤੇ ਬਲਵਿੰਦਰ ਸਿੰਘ (27) ਵਾਸੀ ਮਾਛੀਵਾੜਾ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਏਐਸਆਈ ਮੁਕਾਬਲੇ ਦੌਰਾਨ ਜ਼ਖ਼ਮੀ:ਪੁਲਿਸ ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਏ.ਐਸ.ਆਈ. ਦਲਜੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਦੋਂ ਕਿ ਸੀ.ਆਈ.ਏ.-2 ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਬੇਅੰਤ ਸਿੰਘ ਜੁਨੇਜਾ, ਜੋ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ, ਉਦੋਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੀ ਛਾਤੀ ਨੇੜੇ ਬਲੁੱਟ ਪਰੂਫ ਜੈਕਟ ‘ਤੇ ਗੋਲੀ ਲੱਗੀ।

ਥਾਣਾ ਕੂੰਮ ਕਲਾਂ ਵਿਖੇ ਮਾਮਲਾ ਦਰਜ: ਪੁਲਿਸ ਵੱਲੋਂ ਇੰਸਪੈਕਟਰ ਬੇਅੰਤ ਜੁਨੇਜਾ ਦੇ ਬਿਆਨ ਦੇ ਅਧਾਰ ‘ਤੇ ਐਫਆਈਆਰ ਨੰਬਰ 146 ਮਿਤੀ 13.12.2023 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, 353, 333, 332 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਲੁਧਿਆਣਾ ਦੇ ਥਾਣਾ ਕੂੰਮ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਮ੍ਰਿਤਕ ਕੋਲੋਂ ਅਸਲਾ ਬਰਾਮਦ: ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮ੍ਰਿਤਕ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਅਤੇ ਇੱਕ ਮੈਗਜ਼ੀਨ, ਇੱਕ ਜਿੰਦਾ ਕਾਰਤੂਸ ਅਤੇ ਤਿੰਨ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਦਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਉੱਤੇ ਉਹ ਜਾ ਰਿਹਾ ਸੀ, ਵੀ ਜ਼ਬਤ ਕੀਤਾ ਗਿਆ ਹੈ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਆਈ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਠੋਸ ਯਤਨ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪੁਲਿਸ ਕਈ ਮਡਿਊਲਾਂ ਨੂੰ ਕਰ ਚੁੱਕੀ ਕਾਬੂ: ਜ਼ਿਕਰਯੋਗ ਹੈ ਕਿ 6 ਅਪ੍ਰੈਲ, 2022 ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਗਠਨ ਤੋਂ ਲੈ ਕੇ ਹੁਣ ਤੱਕ, ਪੰਜਾਬ ਪੁਲਿਸ ਦੀਆਂ ਫੀਲਡ ਯੂਨਿਟਾਂ ਦੇ ਨਾਲ ਮਿਲ ਕੇ ਇਸ ਸਪੈਸ਼ਲ ਫੋਰਸ ਨੇ 906 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ 9 ਨੂੰ ਮਾਰਮੁਕਾ ਕੇ 293 ਗੈਂਗਸਟਰ/ਅਪਰਾਧੀ ਮਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 921 ਹਥਿਆਰ ਤੇ 197 ਵਾਹਨ ਵੀ ਬਰਾਮਦ ਕੀਤੇ ਗਏ ਹਨ।

ਤਾਜ਼ਾ ਅਪਰਾਧਾਂ ਵਿੱਚ ਮ੍ਰਿਤਕ ਸੁਖਦੇਵ ਵਿੱਕੀ ਦੀ ਸ਼ਮੂਲੀਅਤ: ਪੁਲਿਸ ਅਧਿਕਾਰੀ ਨੇ ਦੱਸਿਆ ਕਿ 8 ਦਸੰਬਰ 2023 ਨੂੰ ਮੁਲਜ਼ਮ ਸੁਖਦੇਵ ਵਿੱਕੀ ਨੇ ਆਪਣੇ ਸਾਥੀ ਨਾਲ ਜਮਾਲਪੁਰ ਇਲਾਕੇ ਵਿੱਚ ਇੱਕ ਮੈਡੀਕਲ ਸਟੋਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਬੰਦੂਕ ਦੀ ਨੋਕ ‘ਤੇ ਸਟੋਰ ਦੇ ਮਾਲਕ ਤੋਂ 1.25 ਲੱਖ ਰੁਪਏ, 2 ਮੋਬਾਈਲ ਫ਼ੋਨ ਅਤੇ ਇੱਕ ਲੈਪਟਾਪ ਲੁੱਟ ਲਿਆ ਅਤੇ ਮੁਲਜ਼ਮ ਨੇ ਸ਼ਿਕਾਇਤਕਰਤਾ ‘ਤੇ ਗੋਲੀ ਚਲਾ ਕੇ ਉਸ ਨੂੰ ਫੱਟੜ ਵੀ ਕਰ ਦਿੱਤਾ। ਇਸ ਦੇ ਨਾਲ ਹੀ 10 ਦਸੰਬਰ, 2023 ਨੂੰ ਮੁਲਜ਼ਮ ਸੁਖਦੇਵ ਵਿੱਕੀ ਨੇ ਆਪਣੇ ਤਿੰਨ ਸਾਥੀਆਂ ਨਾਲ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 5 ਵਾਰਦਾਤਾਂ ਜਿਹਨਾਂ ਵਿੱਚ ਮੋਟਰਸਾਈਕਲ ਖੋਹਣਾ, ਮਨੀ ਐਕਸਚੇਂਜਰ, ਜਨਰਲ ਸਟੋਰ, ਕਿਰਾਨਾ ਸਟੋਰ ਅਤੇ ਇੱਕ ਸ਼ਰਾਬ ਦੇ ਠੇਕੇ ‘ਤੇ 4 ਹਥਿਆਰਬੰਦ ਡਕੈਤੀਆਂ ਸ਼ਾਮਲ ਸਨ, ਨੂੰ ਅੰਜਾਮ ਦਿੱਤਾ ਅਤੇ ਇੱਕ ਵਿਅਕਤੀ ‘ਤੇ ਗੋਲੀ ਵੀ ਚਲਾਈ।

ABOUT THE AUTHOR

...view details