ਪੰਜਾਬ

punjab

Parambans Bunty Romana Arrest: ਯੂਥ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਬੰਟੀ ਰੋਮਾਣਾ ਗ੍ਰਿਫ਼ਤਾਰ, ਜਾਣ ਲਓ ਕੀ ਸੀ ਮਾਮਲਾ

By ETV Bharat Punjabi Team

Published : Oct 26, 2023, 7:17 PM IST

ਮੁਹਾਲੀ ਸਾਇਬਲ ਸੈੱਲ ਪੁਲਿਸ ਵਲੋਂ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੰਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਆਪਣੇ ਸੋਸ਼ਲ ਮੀਡੀਆ 'ਤੇ ਗਾਇਕ ਕੰਵਰ ਸਿੰਘ ਗਰੇਵਾਲ ਦੇ ਗੀਤ ਨਾਲ ਛੇੜਛਾੜ ਕਰਕੇ ਇੱਕ ਵੀਡੀਓ ਸ਼ੇਅਰ ਕੀਤੀ ਗਈ, ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਗਲਤ ਢੰਗ ਨਾਲ ਐਡਿਟ ਕੀਤਾ ਗਿਆ ਹੈ। Parambans Bunty Romana Arrest.

Bunty Romana Arrest
Bunty Romana Arrest

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਬੰਟੀ ਰੋਮਾਣਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਮੁਹਾਲੀ ਪੁਲਿਸ ਨੇ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲਿਆ ਹੈ। ਪੁਲਿਸ ਮੁਤਾਬਕ ਫੇਕ ਵੀਡੀਓ ਸ਼ੇਅਰ ਕਰਨ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। Parambans Bunty Romana Arrest

ਵੀਡੀਓ ਸ਼ੇਅਰ ਕਰਨ ਨੂੰ ਲੈਕੇ ਕਾਰਵਾਈ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੰਟੀ ਰੋਮਾਣਾ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਵਲੋਂ ਗਾਇਕ ਕੰਵਰ ਸਿੰਘ ਗਰੇਵਾਲ ਦੇ ਗੀਤ ਨਾਲ ਛੇੜਛਾੜ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਗੀਤ ਵਿੱਚ ਗਲਤ ਢੰਗ ਨਾਲ ਐਡਿਟ ਕੀਤਾ ਗਿਆ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ, ਜੋ ਕਾਫ਼ੀ ਵਾਇਰਲ ਹੋ ਗਿਆ। ਉਧਰ ਇਸ ਗੀਤ ਨਾਲ ਸੂਬਾ ਸਰਕਾਰ ਦੀ ਖੂਬ ਭੰਡੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਸ ਵੀਡੀਓ ਨੂੰ ਟਵੀਟ ਕਰਨ ਦੇ ਚੱਲਦੇ ਹੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਦੇ ਸਾਈਬਰ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਜਿਸ ਕਾਰਨ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਅਤੇ ਬਾਅਦ ਵਿੱਚ ਉਸਦੀ ਗ੍ਰਿਫਤਾਰੀ ਕੀਤੀ ਗਈ ਹੈ। ਬੰਟੀ ਰੋਮਾਣਾ ਨੂੰ ਸੈਕਟਰ 3 ਤੋਂ ਗ੍ਰਿਫਤਾਰ ਕੀਤਾ ਹੈ

ਸੁਖਬੀਰ ਬਾਦਲ ਨੇ ਦੱਸਿਆ ਸਿਆਸੀ ਬਦਲਾਖੋਰੀ: ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਛੇੜੀ ਗਈ ਸਿਆਸੀ ਬਦਲਾਖੋਰੀ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੂੰ ਕਥਿਤ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਅਤੇ ਪੰਜਾਬੀਆਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀ ਹੈ। ਅਕਾਲੀ ਦਲ ਅਜਿਹੀ ਕਾਰਵਾਈ ਤੋਂ ਡਰੇਗਾ ਨਹੀਂ। ਪਾਰਟੀ ਪਰਮਬੰਸ ਸਿੰਘ ਰੋਮਾਣਾ ਦੇ ਨਾਲ ਖੜ੍ਹੀ ਹੈ।

ਮੁੱਖ ਮੰਤਰੀ ਖਿਲਾਫ਼ ਅਕਾਲੀ ਦਲ ਦੀ ਸ਼ਿਕਾਇਤ: ਕਾਬਿਲੇਗੌਰ ਹੈ ਕਿ ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਈ ਆਗੂਆਂ ਸਮੇਤ ਮੁਹਾਲੀ ਐਸਐਸਪੀ ਦਫ਼ਤਰ ਪੁੱਜੇ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੁਖਬੀਰ ਬਾਦਲ ਨੇ ਮੁਹਾਲੀ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਸਾਹਮਣੇ ਪੁਲਿਸ ਦੇ ਰਵੱਈਏ 'ਤੇ ਇਤਰਾਜ਼ ਜਤਾਇਆ। ਇਸ ਦੇ ਨਾਲ ਹੀ ਅਕਾਲੀ ਦਲ ਵਫਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਸ਼ਿਕਾਇਤ ਵੀ ਦਿੱਤੀ ਗਈ ਤੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਮਾਨ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਤੋਂ ਕਈ ਜਾਅਲੀ ਅਤੇ ਅਪਮਾਨਜਨਕ ਵੀਡੀਓਜ਼ ਅਪਲੋਡ ਹੁੰਦੀਆਂ ਹਨ, ਜਿਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਨ੍ਹਾਂ ਦੀ ਲੀਡਰਸ਼ਿਪ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਗਾਇਕ ਨੇ ਦਿੱਤਾ ਆਪਣਾ ਸਪੱਸ਼ਟੀਕਰਨ:ਜਦਕਿ ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ ਵੀ ਇਸ ਮਾਮਲੇ 'ਚ ਸਫ਼ਾਈ ਦਿੱਤੀ ਸੀ ਕਿ ਉਨ੍ਹਾਂ ਦੇ ਗੀਤ ਨੂੰ ਐਡਿਟ ਕਰਕੇ ਗਲਤ ਪੇਸ਼ ਕੀਤਾ ਗਿਆ ਹੈ, ਜਦਕਿ ਉਨ੍ਹਾਂ ਅਜਿਹਾ ਕੋਈ ਗੀਤ ਨਹੀਂ ਗਾਇਆ। ​​ਗਾਇਕ ਕੰਵਰ ਸਿੰਘ ਗਰੇਵਾਲ ਨੇ ਕਿਹਾ ਕਿ ਵੀਡੀਓ ਜਾਅਲੀ ਤੇ ਸੰਪਾਦਿਤ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੇ ਬਦਲੀ ਹੋਈ ਆਡੀਓ ਨਾਲ ਇਸ ਨੂੰ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਤੇ ਸਕਾਰਾਤਮਕਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।

ABOUT THE AUTHOR

...view details