ਪੰਜਾਬ

punjab

Congress Reaction On Khaira Arrest: ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਪ੍ਰਤੀਕਿਰਿਆ, ਨੇਤਾਵਾਂ ਨੇ ਕਿਹਾ - ਗ੍ਰਿਫਤਾਰੀ, ਸੱਚ ਬੋਲਣ ਦਾ ਨਤੀਜਾ

By ETV Bharat Punjabi Team

Published : Sep 28, 2023, 12:35 PM IST

Updated : Sep 28, 2023, 4:00 PM IST

ਕਾਂਗਰਸ ਨੇਤਾ ਸੁਖਪਾਲ ਖਹਿਰਾ ਨੂੰ ਅੱਜ ਯਾਨੀ ਵੀਰਵਾਰ ਨੂੰ ਤੜਕੇ 5 ਵਜੇ ਦੇ ਕਰੀਬ ਜਲਾਲਾਬਾਦ ਪੁਲਿਸ ਨੇ ਚੰਡੀਗੜ੍ਹ ਵਿਖੇ ਪਹੁੰਚ ਕੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਕਾਂਗਰਸੀ ਨੇਤਾਵਾਂ ਵਲੋਂ ਪੰਜਾਬ ਸਰਕਾਰ ਉੱਤੇ ਬਦਲਾਖੋਰੀ ਦੀ ਰਾਜਨੀਤੀ (Congress Reaction On Sukhpal Khaira Arrest) ਕੀਤੇ ਜਾਣ ਦੇ ਇਲਜ਼ਾਮ ਲਾਏ ਜਾ ਰਹੇ ਹਨ। ਪੜ੍ਹੋ ਪੂਰੀ ਖ਼ਬਰ।

Congress Reaction On Khaira Arrest
Congress Reaction On Khaira Arrest

ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ, ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਾ: ਕਾਂਗਰਸ ਨੇਤਾ ਰਾਜਾ ਵੜਿੰਗ

ਚੰਡੀਗੜ੍ਹ/ਹੈਦਰਾਬਾਦ ਡੈਸਕ:ਪੰਜਾਬ ਪੁਲਿਸ ਨੇ ਅੱਜ ਤੜਕੇ ਵੱਡੀ ਕਾਰਵਾਈ ਕਰਦਿਆ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਵੱਖ-ਵੱਖ ਕਾਂਗਰਸੀ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ਪੁਲਿਸ (Punjab Police Action On Khaira) ਨੇ ਅੱਜ ਵੀਰਵਾਰ ਨੂੰ ਸਵੇਰੇ ਕਾਰਵਾਈ ਕਰਦਿਆਂ ਖਹਿਰਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਅਤੇ ਫਿਰ ਖਹਿਰਾ ਨੂੰ ਗ੍ਰਿਫ਼ਤਾਰ ਕਰਕੇ ਜਲਾਲਾਬਾਦ ਲੈ ਗਈ। ਦੱਸ ਦੇਈਏ ਕਿ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ (Sukhpal Khaira Arrest) ਗਿਆ ਹੈ।

ਗ੍ਰਿਫਤਾਰੀ ਸੱਚ ਬੋਲਣ ਦਾ ਸਾਈਡ ਇਫੈਕਟ:ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲਏ ਜਾਣ 'ਤੇ ਉਨ੍ਹਾਂ ਦੇ ਪੁੱਤਰ ਮਹਿਤਾਬ ਸਿੰਘ ਦਾ ਕਹਿਣਾ ਹੈ ਕਿ "ਸੁਖਪਾਲ ਸਿੰਘ ਨੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਦਾ ਸ਼ਰਾਬੀ ਚਿਹਰਾ ਨੰਗਾ ਕਰ ਦਿੱਤਾ ਹੈ। ਉਹ ਹਮੇਸ਼ਾ ਪੰਜਾਬ 'ਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ।"

ਪਿਤਾ ਦੀ ਗ੍ਰਿਫਤਾਰੀ, ਉਨ੍ਹਾਂ ਵਲੋਂ ਆਪ ਦਾ ਚਿਹਰਾ ਬੇਨਕਾਬ ਕਰਨ ਦਾ ਨਤੀਜਾ: ਮਹਿਤਾਬ ਸਿੰਘ

ਮਹਿਤਾਬ ਸਿੰਘ ਨੇ ਕਿਹਾ ਕਿ, "ਜਦੋਂ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ, ਤਾਂ ਅਜਿਹਾ ਹੀ ਹੁੰਦਾ ਹੈ। ਇਹ ਮੇਰੇ ਪਿਤਾ ਦੀ 5 ਸਾਲਾਂ ਵਿੱਚ ਦੂਜੀ ਗ੍ਰਿਫਤਾਰੀ ਹੈ। ਇਹ ਸੱਚ ਬੋਲਣ ਦਾ ਸਾਈਡ ਇਫੈਕਟ ਹੈ। ਇਸ ਗ੍ਰਿਫਤਾਰੀ ਲਈ 2015 ਦੀ ਐਫਆਈਆਰ ਵਰਤੀ ਗਈ ਹੈ, ਉਹ ਐਫ.ਆਈ.ਆਰ. ਲਈ ਅਦਾਲਤ ਨੇ ਸਾਨੂੰ ਬੁਲਾਇਆ ਸੀ ਅਤੇ ਅਸੀਂ ਉਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਸੁਪਰੀਮ ਕੋਰਟ ਨੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਸੀ।"

ਅਸੀ ਪੂਰੇ ਪਰਿਵਾਰ ਦੇ ਨਾਲ ਖੜੇ: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ ਉਹ ਖਹਿਰਾ ਦੇ ਪਰਿਵਾਰ ਨਾਲ ਖੜੇ ਹਨ।

ਕਾਂਗਰਸ ਮੇਰਾ ਪਰਿਵਾਰ ਹੈ। ਹਰ ਲੀਡਰ ਅਤੇ ਵਰਕਰ ਨਾਲ ਚਟਾਨ ਵਾਂਗ ਖੜਾ ਹਾਂ। ਅੱਜ ਸਵੇਰੇ ਸੁਖਪਾਲ ਖਹਿਰਾ ਜੀ ਘਰ ਪਰਿਵਾਰ ਨਾਲ ਮਿਲਕੇ ਅਗਲੀ ਕੰਨੂਨੀ ਲੜਾਈ ਲਈ ਵਿਚਾਰ ਵਟਾਂਦਰਾ ਕੀਤਾ।

- ਰਾਜਾ ਵੜਿੰਗ, ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ

ਕਾਂਗਰਸ ਹਾਈਕਮਾਨ ਵੀ ਖਹਿਰਾ ਦੇ ਨਾਲ: ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਵੇਂ ਪੰਜਾਬ ਪੁਲਿਸ ਨੇ ਇਹ ਕਦਮ ਚੁੱਕਿਆ ਹੈ, ਇਹ ਜੰਗਲ ਰਾਜ ਹੈ। ਜਿਸ ਮਾਮਲੇ ਵਿੱਚ ਕੋਰਟ ਨੇ ਸਟੇ ਲਾਈ ਹੈ, ਉਸ ਵਿੱਚ ਕੁਝ ਨਹੀਂ ਹੈ, ਇਸ ਤੋਂ ਪਹਿਲਾਂ ਕੋਈ ਨਾਮ ਨਹੀਂ ਆਇਆ ਹੈ। ਅੱਠ ਸਾਲ ਬਾਅਦ ਗ੍ਰਿਫਤਾਰੀ ਕਰਨਾ ਗ਼ਲਤ ਹੈ, ਜਦਕਿ ਸੁਖਪਾਲ ਖਹਿਰਾ ਨਸ਼ਾ ਨਹੀਂ ਵੇਚਦੇ। ਸੀਨੀਅਰ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੇ ਵੀ ਮੇਰੇ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਕਿਹਾ ਹੈ ਕਿ ਅਸੀਂ ਸੁਖਪਾਲ ਖਹਿਰਾ ਦੇ ਨਾਲ ਹਾਂ ਅਤੇ ਤੁਸੀ ਪੁਰਜ਼ੋਰ ਇਹ ਲੜਾਈ ਲੜੋ।

ਪੰਜਾਬ ਪੁਲਿਸ ਦਾ ਗ਼ਲਤ ਰਵੱਈਆ ਹਰ ਪਾਸੇ ਮਸ਼ਹੂਰ :ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, "ਅੱਜ ਸਵੇਰੇ ਜੋ ਸਾਡੇ ਐਮਐਲਏ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਪੁਲਿਸ ਕੋਲ ਕੋਈ ਅਰੈਸਟ ਵਾਰੰਟ ਨਹੀਂ ਸੀ। ਯੂਟੀ ਪੁਲਿਸ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ। ਲੋਕਲ ਪੁਲਿਸ ਨਾਲ ਜਾ ਕੇ ਹੀ ਪੰਜਾਬ ਪੁਲਿਸ ਚੰਡੀਗੜ੍ਹ ਵਿੱਚ ਕਿਸੇ ਦੇ ਘਰ ਜਾ ਕੇ ਕਾਰਵਾਈ ਕਰ ਸਕਦੀ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਪੁਲਿਸ ਦੀ ਗ਼ਲਤ ਕਾਰਵਾਈ ਕਰਕੇ ਜਲੰਧਰ ਵਿੱਚ ਢਿੱਲੋ ਭਰਾਵਾਂ ਨੂੰ ਖੁਦਕੁਸ਼ੀ ਕਰਨੀ ਪਈ। ਉਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਮੁਕਤਸਰ ਵਿਖੇ ਵਕੀਲ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦਾ ਵੈਸ਼ੀਆਨਾ ਰਵੱਈਆ ਹਮੇਸ਼ਾ ਸਾਹਮਣੇ ਆਈਆਂ ਹਨ ਤੇ ਹਰ ਪਾਸੇ ਮਸ਼ਹੂਰ ਹੈ।"

ਪੰਜਾਬ ਪੁਲਿਸ ਦਾ ਗ਼ਲਤ ਰਵੱਈਆ ਹਰ ਪਾਸੇ ਮਸ਼ਹੂਰ : ਪ੍ਰਤਾਪ ਬਾਜਵਾ

ਬਾਜਵਾ ਨੇ ਕਿਹਾ ਕਿ, "ਮੈਂ ਇਸ ਘਟਨਾ ਦੀ (ਖਹਿਰਾ ਦੀ ਗ੍ਰਿਫਤਾਰੀ) ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਉੱਤੇ ਚੱਲਣ ਵਾਲੀ ਸਰਕਾਰ, ਅਸਲ ਵਿੱਚ ਉਨ੍ਹਾਂ ਦੇ ਸਿਧਾਂਤਾਂ ਦੇ ਉਲਟ ਕੰਮ ਕਰ ਰਹੀ ਹੈ। ਪਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅਪਣੀ ਪਾਰਟੀ ਦੇ ਹਰ ਵਰਕਰ ਨਾਲ ਖੜੇ ਹਾਂ।"

ਆਪ ਮੰਤਰੀ ਨੇ ਕਿਹਾ- SIT ਦੀ ਜਾਂਚ ਮੁਤਾਬਕ ਹੋਈ ਕਾਰਵਾਈ:ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ 'ਤੇ ਕਿਹਾ ਕਿ ਇਹ ਕਾਰਵਾਈ ਐਸ.ਆਈ.ਟੀ ਦੀ ਜਾਂਚ ਰਿਪੋਰਟ ਅਨੁਸਾਰ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਪੁਲਿਸ ਨੇ ਜੋ ਕੀਤਾ ਉਹ ਕਾਨੂੰਨ ਅਨੁਸਾਰ ਹੈ। ਭਗਵੰਤ ਮਾਨ ਦੀ ਸਰਕਾਰ ਦੀ ਪਹਿਲ ਨਸ਼ਾ ਮੁਕਤ ਪੰਜਾਬ ਹੈ। ਇਸ ਲਈ ਕੋਈ ਵੀ ਹੋਵੇ, ਚਾਹੇ ਉਹ ਪਾਰਟੀ ਦਾ ਕੋਈ ਵੀ ਮੈਂਬਰ ਹੋਵੇ, ਕਾਨੂੰਨ ਸਭ ਲਈ ਬਰਾਬਰ ਹੋਵੇਗਾ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।"

ਆਪ ਵਲੋਂ ਪ੍ਰੈਸ ਕਾਨਫਰੰਸ:ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵਲੋਂ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਖਹਿਰਾ ਨੂੰ ਸੰਮਨ ਜਾਰੀ ਨਹੀਂ ਕਰ ਸਕਦੀ, ਸਿੱਧੀ ਕਾਰਵਾਈ ਪੰਜਾਬ ਪੁਲਿਸ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਰਦੇ ਹੋਏ ਇਹ ਸਾਹਮਣੇ ਆਈ ਹੈ ਕਿ ਨਸ਼ਾ ਤਸਕਰਾਂ ਵਿੱਚ ਖਹਿਰਾ ਦੀ ਸ਼ਮੂਲੀਅਤ ਹੈ। ਮਾਲਵਿੰਦਰ ਨੇ ਕਿਹਾ ਕਿ ਇਸ ਪਿੱਛੇ ਕੋਈ ਸਿਆਸੀ ਬਦਲੇ ਦੀ ਭਾਵਨਾ ਨਹੀ ਹੈ। ਸਰਕਾਰ ਦੇ ਆਦੇਸ਼ਾਂ ਤਹਿਤ ਨਸ਼ੇ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਕਾਂਗਰਸ ਨੇ ਅਪਣੀ ਸਰਕਾਰ ਵੇਲ੍ਹੇ ਮਜੀਠੀਆਂ 'ਤੇ ਵੀ ਇੰਝ ਕੀਤੀ ਸੀ ਕਾਰਵਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਚੀਮਾ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਤਾਂ ਇਸ ਤਰ੍ਹਾਂ ਬਿਕਰਮ ਮਜੀਠੀਆਂ ਨੂੰ ਨਸ਼ਾ ਤਸਕਰ ਦੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਅੰਦਰ ਬੰਦ ਕੀਤਾ ਸੀ ਜਿਸ ਦਾ ਪਰਿਵਾਰ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਨੇਤਾ ਸੁਖਪਾਲ ਖਹਿਰਾ ਨਾਲ ਵੀ ਅਜਿਹਾ ਹੋਇਆ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਵੰਡੇਟਾ ਪੌਲਟਿਕਸ ਨਾ ਕਰੇ।

ਸਰਕਾਰ ਵੰਡੇਟਾ ਪੌਲਟਿਕਸ ਨਾ ਕਰੇ ਆਪ ਸਰਕਾਰ: ਡਾ. ਦਲਜੀਤ ਚੀਮਾ

ਕੀ ਬੋਲੇ ਸਾਬਕਾ ਮੁੱਖ ਮੰਤਰੀ : ਸੁਖਪਾਲ ਖਹਿਰਾ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਆਪ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਇਹ ਸਰਕਾਰ ਸਿਰਫ਼ ਜ਼ਿੱਦਾ ਹੀ ਪੁਗਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਜੋ ਵੀ ਕਾਰਵਾਈ ਅੱਜ ਖਹਿਰਾ ਖਿਲਾਫ ਹੋਈ ਹੈ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਖਿਲਾਫ ਡਟ ਕੇ ਖੜੇ ਹਾਂ।

ਸੁਖਪਾਲ ਖਹਿਰਾ ਗ੍ਰਿਫਤਾਰੀ ਨੂੰ ਲੈ ਕੇ ਬੋਲੇ ਸਾਬਕਾ ਸੀਐਮ- ਆਪ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ
ਭਾਜਪਾ ਦਾ ਪ੍ਰਤੀਕਰਮ- ਖਹਿਰਾ ਦੀ ਗ੍ਰਿਫਤਾਰੀ, ਯਾਨੀ ਪੰਜਾਬ ਸਰਕਾਰ ਵਲੋਂ ਡੈਮੋਕ੍ਰੇਸੀ ਦਾ ਕਤਲ

ਭਾਜਪਾ ਦਾ ਪ੍ਰਤੀਕਰਮ- ਡੈਮੋਕ੍ਰੇਸੀ ਦਾ ਕਤਲ :ਭਾਜਪਾ ਆਗੂ ਫਤਿਹਜੰਗ ਬਾਜਵਾ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਉੱਤੇ ਬੋਲਦਿਆ ਕਿਹਾ ਕਿ, "ਇਹ ਡੈਮੋਕ੍ਰੇਸੀ ਦਾ ਕਤਲ ਹੈ। ਮੈਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦਾ ਹੈ।" ਬਾਜਵਾ ਨੇ ਕਿਹਾ ਜੋ ਇਹ ਕਾਰਵਾਈ ਪੰਜਾਬ ਪੁਲਿਸ ਨੇ ਕੀਤੀ ਹੈ, ਇਸ ਦਾ ਨਤੀਜਾ ਪੰਜਾਬ ਦੇ ਲੋਕਾਂ ਵਲੋਂ ਦਿੱਤਾ ਜਾਵੇਗਾ। ਇਹ ਸਰਕਾਰ ਨਹੀਂ ਚਾਹੁੰਦੀ ਕਿ ਸਾਡਾ ਝੂਠ ਸਾਹਮਣੇ ਆਵੇ। ਇਸ ਲਈ ਸੱਚ ਬੋਲਣ ਵਾਲੇ ਨੂੰ ਅੰਦਰ ਕਰ ਰਹੇ ਹਨ। ਇਨ੍ਹਾਂ ਦੀ ਸਰਕਾਰ ਨੇ ਕਰਜ਼ਾ ਲਿਆ ਹੈ ਜਿਸ ਨੂੰ ਭਾਜਪਾ ਅਤੇ ਕਾਂਗਰਸ ਦੇ ਸਿੱਧੂ ਵਲੋਂ ਨਸ਼ਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਇਹ ਸਭ ਕਰਵਾ ਰਹੀ ਹੈ।

ਆਪ ਸਰਕਾਰ ਵਿਰੋਧੀ ਨੇਤਾਵਾਂ 'ਤੇ ਕਾਰਵਾਈ ਕਰ ਰਹੀ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ‘ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ, ‘ਮੈਨੂੰ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਯਾਦ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਮੈਨੂੰ ਪੁਲਿਸ ਦਿਓ ਤੇ ਦੇਖੋ ਮੈਂ ਕੀ ਕਰਾਂਗਾ’, ਤਾਂ ਹੁਣ ਉਹ ਇਹ ਸਭ ਕਰ ਰਹੇ ਹਨ। ਜੇਕਰ ਕਿਸੇ 'ਤੇ ਦੋਸ਼ ਲੱਗੇ ਹਨ, ਤਾਂ ਉਸ ਨੂੰ ਪਹਿਲਾਂ ਤਲਬ ਕਰਕੇ ਜਾਂਚ 'ਚ ਸ਼ਾਮਲ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਉਹ ਜਵਾਬ ਨਹੀਂ ਦਿੰਦਾ ਤਾਂ ਉਸ ਨੂੰ ਗ੍ਰਿਫਤਾਰ ਕਰੋ, ਪੰਜਾਬ ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ। ਵਿਰੋਧੀ ਨੇਤਾਵਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਉਹ ਸਰਕਾਰ ਦੇ ਖਿਲਾਫ ਬੋਲ ਰਹੇ ਹਨ।"

Last Updated :Sep 28, 2023, 4:00 PM IST

ABOUT THE AUTHOR

...view details