ਚੰਡੀਗੜ੍ਹ:ਪਿਛਲੇ 27 ਸਾਲ ਤੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਜੇਲ੍ਹ ਅੰਦਰ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਸੁਪਰੀਮ ਕੋਰਟ ਨੇ 11 ਸਾਲ ਪਹਿਲਾਂ ਪਾਈ ਗਈ ਰਹਿਮ ਦੀ ਅਪੀਲ ਉੱਤੇ ਕੋਈ ਰਾਹਤ ਨਹੀਂ ਦਿੱਤੀ। ਬਲਵੰਤ ਸਿੰਘ ਰਾਜੋਆਣਾ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਜਾਵੇ। ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲਣ ਸਬੰਧੀ ਅੱਜ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ । ਸੁਪਰੀਮ ਕੋਰਟ ਨੇ ਅੰਤਿਮ ਫੈਸਲਾ ਕੇਂਦਰੀ ਗ੍ਰਹਿ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।
ਬੰਦੀ ਸਿੰਘਾਂ ਵਿੱਚ ਸ਼ੁਮਾਰ ਬਲਵੰਤ ਸਿੰਘ ਰਾਜੋਆਣਾ:ਪੰਜਾਬ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਅਜਿਹੇ ਸਿੱਖ ਕੈਦੀ ਹਨ ਜੋ ਭਾਰਤੀ ਕਾਨੂੰਨ ਮੁਤਾਬਿਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਨ੍ਹਾਂ ਦੀ ਰਿਹਾਈ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਇਸੇ ਸ਼੍ਰੇਣੀ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਵੀ ਨਾਂਅ ਸ਼ੁਮਾਰ ਹੈ। ਰਾਜੋਆਣਾ ਵੀ ਪਿਛਲੇ 27 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੀਐੱਮ ਕਤਲ ਕੇਸ ਵਿੱਚ ਸੁਣਾਈ ਗਈ ਸੀ ਪਰ ਵੱਖ-ਵੱਖ ਕਾਰਨਾਂ ਕਰਕੇ ਅੱਜ ਤੱਕ ਉਸ ਦੀ ਫਾਂਸੀ ਟਲੀ ਰਹੀ ਹੈ।
ਕੌਣ ਹਨ ਬੰਦੀ ਸਿੰਘ ?: 1980-90 ਦੇ ਸਿੱਖ ਸੰਘਰਸ਼ ਜਾਂ ਇਸ ਤੋਂ ਬਾਅਦ ਦੇ ਸਮੇਂ ਦੌਰਾਨ ਅਜ਼ਾਦ ਸਿੱਖ ਰਾਜ ਲਈ ਸਰਗਰਮੀ ਨਾਲ ਜੁੜੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ‘ਸਿਆਸੀ ਸਿੱਖ ਬੰਦੀ’ ਜਾਂ ‘ਬੰਦੀ ਸਿੰਘ’ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਜਿਹੜੇ ਸਿੰਘਾਂ ਨੂੰ ਉਮਰ ਕੈਦ ਦੀਆਂ ਸਜਾਵਾਂ ਸੁਣਾਈਆਂ ਗਈਆਂ ਹਨ ਉਹਨਾਂ ਨੂੰ ਉਮਰ-ਕੈਦੀ ਬੰਦੀ ਸਿੰਘ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਉਮਰਕੈਦੀ ਬੰਦੀ ਸਿੰਘਾਂ 'ਚੋਂ ਜਿਨ੍ਹਾਂ ਨੇ ਆਪਣੀ ਬਣਦੀ ਘੱਟੋ-ਘੱਟ ਮਿਆਦੀ ਸਜਾ ਪੂਰੀ ਕਰ ਲਈ ਹੈ ਉਹਨਾਂ ਦੀ ਰਿਹਾਈ ਦੀ ਗੱਲ ਚੱਲਦੀ ਰਹੀ ਹੈ। ਇਸ ਅਰਸੇ ਦੌਰਾਨ ਵੱਖ-ਵੱਖ ਸਮੇਂ ਵੱਖ-ਵੱਖ ਰੂਪਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਧਿਰਾਂ ਵੱਲੋਂ ਸਰਗਰਮੀ ਕੀਤੀ ਜਾਂਦੀ ਰਹੀ ਹੈ। ਇਸ ਦੌਰਾਨ ਸਬੰਧਤ ਸਰਕਾਰਾਂ ਵੱਲੋਂ ਕੁੱਝ ਉਮਰ ਕੈਦੀ ਬੰਦੀ ਸਿੰਘ ਬਿਨਾਂ ਸੰਘਰਸ਼ ਤੋਂ ਅਤੇ ਕੁਝ ਉਮਰ ਕੈਦੀ ਬੰਦੀ ਸਿੰਘ ਸੰਘਰਸ਼ ਤੋਂ ਬਾਅਦ ਰਿਹਾਅ ਵੀ ਕੀਤੇ ਗਏ।
ਮੁਹਾਲੀ 'ਚ ਇਨਸਾਫ਼ ਮੋਰਚਾ:ਦੱਸ ਦਈਏ ਅਜੋਕੇ ਸਮੇਂ ਵਿੱਚ ਵੀ ਮੁਹਾਲੀ ਦੇ ਵਾਈਪੀਐੱਸ ਚੌਂਕ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਚੱਲ ਰਿਹਾ ਹੈ। ਭਾਵੇਂ ਕਿ ਬਲਵੰਤ ਸਿੰਘ ਰਾਜੋਆਣਾ ਆਪਣੇ ਬਿਆਨਾਂ ਨਾਲ ਖੁੱਦ ਨੂੰ ਇਸ ਮੋਰਚੇ ਤੋਂ ਵੱਖ ਦੱਸਦੇ ਰਹੇ ਹਨ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਸ ਦਾ ਇਸ ਸਿਆਸੀ ਮੋਰਚੇ ਨਾਲ ਕੋਈ ਨਾਤਾ ਨਹੀਂ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪੱਕਾ ਕਾਰਕੁੰਨ ਹੈ। ਇਸ ਸਭ ਦੇ ਬਾਵਜੂਦ ਬਲਵੰਤ ਸਿੰਘ ਰਾਜੋਆਣਾ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਇਨਸਾਫ਼ ਮੋਰਚੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:CM Beant Singh murder case: ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲੀ ਕੋਈ ਰਾਹਤ, ਅੰਤਿਮ ਫੈਸਲਾ ਕੇਂਦਰੀ ਗ੍ਰਹਿ ਵਿਭਾਗ ਦੇ ਹਵਾਲੇ