ਪੰਜਾਬ

punjab

Arjun Babuta Qualified For Olympics: ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੈਰਿਸ ਓਲੰਪਿਕਸ ਲਈ ਕੀਤਾ ਕੁਆਲੀਫਾਈ, ਤਿਆਰੀ ਲਈ ਮਿਲਣਗੇ 15 ਲੱਖ ਰੁਪਏ

By ETV Bharat Punjabi Team

Published : Oct 27, 2023, 6:58 PM IST

ਅਰਜੁਨ ਬਬੂਟਾ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇਕ ਸੋਨੇ ਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਖੇਡ ਮੰਤਰੀ ਮੀਤ ਹੇਅਰ ਨੇ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਤੀਜੇ ਪੰਜਾਬੀ ਨਿਸ਼ਾਨੇਬਾਜ਼ ਨੂੰ ਵਧਾਈ ਦਿੱਤੀ ਹੈ। ਓਲੰਪਿਕਸ ਕੁਆਲੀਫ਼ਾਈ ਕਰਨ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਦਿੱਤੇ ਜਾਣਗੇ।

Asian Shooting Championship, Arjun Babuta
Arjun Babuta

ਚੰਡੀਗੜ੍ਹ: ਪੰਜਾਬ ਦੇ ਉਭਰਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਅਰਜੁਨ ਨੇ ਅੱਜ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫ਼ਲ ਦੇ ਟੀਮ ਵਰਗ ਵਿੱਚ ਸੋਨੇ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ।

ਪੈਰਿਸ ਓਲੰਪਿਕਸ ਦਾ ਕੋਟਾ ਹਾਸਲ ਕਰਨ ਵਾਲਾ ਅਰਜੁਨ ਬਬੂਟਾ ਤੀਜਾ ਪੰਜਾਬੀ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਬਾਦ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਪੈਰਿਸ ਓਲੰਪਿਕਸ ਦਾ ਕੋਟਾ ਹਾਸਲ ਕਰਨ ਵਾਲੇ 10 ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਅਰਜੁਨ ਬਬੂਟਾ ਤੀਜਾ ਪੰਜਾਬੀ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਤੇ ਰਾਜੇਸ਼ਵਰੀ ਕੁਮਾਰੀ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ। ਭਾਰਤੀ ਹਾਕੀ ਟੀਮ ਵੀ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜਿੱਤ ਕੇ ਸਿੱਧਾ ਕੁਆਲੀਫਾਈ ਹੋ ਗਈ ਹੈ ਜਿਸ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਣੇ 10 ਪੰਜਾਬੀ ਖਿਡਾਰੀ ਹਨ।

ਪ੍ਰਤੀ ਖਿਡਾਰੀ ਨੂੰ ਮਿਲਣਗੇ 15 ਲੱਖ: ਮੀਤ ਹੇਅਰ ਨੇ ਮੁਹਾਲੀ ਰਹਿੰਦੇ ਜਲਾਲਾਬਾਦ ਦਾ ਜੰਮਪਲ ਅਰਜੁਨ ਬਬੂਟਾ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਛੋਟੀ ਉਮਰ ਦੇ ਇਸ ਨਿਸ਼ਾਨੇਬਾਜ਼ ਨੇ ਪਿਛਲੇ ਸਾਲ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਤਹਿਤ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਤਿਆਰੀ ਲਈ ਸੂਬਾ ਸਰਕਾਰ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇਵੇਗੀ।

ABOUT THE AUTHOR

...view details