ਪੰਜਾਬ

punjab

ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਦੇਸ਼ ਭਰ ਦੇ ਟਰੱਕ-ਬੱਸ ਡਰਾਈਵਰਾਂ ਵਲੋਂ ਵਿਰੋਧ, ਰੇਲ ਗੱਡੀਆਂ ਤੋਂ ਲੈ ਕੇ ਏਅਰ ਫੋਰਸ ਹੋਵੇਗੀ ਪ੍ਰਭਾਵਿਤ !

By ETV Bharat Punjabi Team

Published : Jan 2, 2024, 12:27 PM IST

Truck Drivers Strike : ਟਰੱਕ, ਟੈਂਕਰ ਤੇ ਬੱਸ ਚਾਲਕਾਂ ਦੇ ਹੜਤਾਲ 'ਤੇ ਜਾਣ ਕਾਰਨ ਦੇਸ਼ ਭਰ ਦੇ 68 ਹਜ਼ਾਰ ਪੈਟਰੋਲ ਪੰਪਾਂ ਉੱਤੇ ਡ੍ਰਾਈ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਇਹ ਹੜਤਾਲ ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਕਾਨੂੰਨ ਹਿੱਟ ਐਂਡ ਰਨ ਦੇ ਵਿਰੋਧ ਵਿੱਚ ਹੈ। ਤੇਲ ਟੈਂਕਰਾਂ ਦੀ ਹੜਤਾਲ ਕਾਰਨ ਰੇਲਵੇ, ਫੌਜ, ਏਅਰ ਫੋਰਸ ਤੇ ਨੇਵੀ ਤੱਕ ਨੂੰ ਵੀ ਪੈਟਰੋਲ-ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋ (Hit And Run Law) ਸਕਦੀ ਹੈ। ਵੇਖੋ ਇਹ ਖਾਸ ਰਿਪੋਰਟ।

Truck Drivers Strike, Bathinda
Truck Drivers Strike

ਹਿੱਟ ਐਂਡ ਰਨ ਕਾਨੂੰਨ ਦਾ ਦੇਸ਼ ਭਰ ਦੇ ਟਰੱਕ-ਬੱਸ ਡਰਾਈਵਰਾਂ ਵਲੋਂ ਵਿਰੋਧ

ਬਠਿੰਡਾ:ਕੇਂਦਰ ਸਰਕਾਰ ਵੱਲੋਂ ਹਿਟ ਐਂਡ ਰਨ ਕਾਨੂੰਨ ਵਿੱਚ ਕੀਤੀ ਗਈ ਸੋਧ ਦਾ ਦੇਸ਼ ਭਰ ਦੇ ਟਰੱਕ-ਟੈਂਕਰ ਤੇ ਬੱਸ ਚਾਲਕਾਂ ਵੱਲੋਂ ਵਿਰੋਧ ਕਰਦੇ ਹੋਏ ਇਕ ਜਨਵਰੀ ਤੋਂ ਚੱਕਾ ਜਾਮ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਹਿਟ ਐਂਡ ਰਨ ਕਾਨੂੰਨ ਵਿੱਚ ਵੱਡੀ ਤਬਦੀਲੀ ਕਰਦੇ ਹੋਏ ਨਵੇਂ ਕਾਨੂੰਨ ਅਨੁਸਾਰ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ, ਤਾਂ ਡਰਾਈਵਰ ਨੂੰ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾਵੇਗਾ। ਜੇਕਰ, ਡਰਾਈਵਰ ਨਹੀਂ ਲੈ ਕੇ ਜਾਂਦਾ ਤਾਂ ਉਸ ਨੂੰ 10 ਸਾਲ ਦੀ ਸਜ਼ਾ ਹੋਵੇਗੀ, ਜੇਕਰ ਡਰਾਈਵਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾ ਵੀ ਦਿੰਦਾ ਹੈ, ਤਾਂ ਉਸ ਦੀ ਸਜ਼ਾ ਘੱਟ ਹੋ ਸਕਦੀ ਹੈ, ਪਰ ਖ਼ਤਮ ਨਹੀਂ ਹੋਵੇਗੀ। ਹੁਣ ਡਰਾਈਵਰ ਦੀ ਜ਼ਮਾਨਤ ਪੁਲਿਸ ਸਟੇਸ਼ਨ ਦੀ ਬਜਾਏ ਅਦਾਲਤ ਰਾਹੀਂ ਹੋਵੇਗੀ ਜਿਸ ਤੋਂ ਸਾਫ ਜ਼ਾਹਿਰ ਕਿ ਡਰਾਈਵਰ ਨੂੰ ਜੇਲ੍ਹ ਜਾਣਾ ਹੀ ਪਵੇਗਾ ਅਤੇ ਪੰਜ ਲੱਖ ਜੁਰਮਾਨਾ ਵੀ ਭਰਨਾ ਪਵੇਗਾ।

ਡਰਾਈਵਰਾਂ ਦੇ ਸਵਾਲ:ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਹਿੱਟ ਐਂਡ ਰਨ ਕਾਨੂੰਨ ਦਾ ਦੇਸ਼ ਭਰ ਦੇ ਟਰੱਕ, ਟੈਂਕਰ ਅਤੇ ਬੱਸ ਡਰਾਈਵਰਾਂ ਵੱਲੋਂ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਨ੍ਹਾਂ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ 5 ਤੋਂ 7 ਹਜ਼ਾਰ ਰੁਪਏ ਪ੍ਰਤੀ ਮਹੀਨੇ ਤਨਖਾਹ ਉੱਤੇ ਡਰਾਈਵਰ ਦੀ ਨੌਕਰੀ ਕਰਦੇ ਹਨ। ਜੇਕਰ ਉਨ੍ਹਾਂ ਤੋਂ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਉਹ 5 ਲੱਖ ਰੁਪਏ ਦਾ ਜ਼ੁਰਮਾਨਾ ਕਿਸ ਤਰ੍ਹਾਂ ਭਰਨਗੇ। ਜਿਸ ਤਰ੍ਹਾਂ ਹਿੱਟ ਐਂਡ ਰਨ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ ਅਤੇ ਡਰਾਈਵਰ ਨੂੰ ਅਦਾਲਤ ਰਾਹੀਂ ਜ਼ਮਾਨਤ ਮਿਲੇਗੀ, ਤਾਂ ਕਿੰਨਾ ਸਮਾਂ ਤਾਂ ਉਸ ਨੂੰ ਅਦਾਲਤ ਤੋਂ ਜ਼ਮਾਨਤ ਲੈਣ ਦੀ ਲੱਗ ਜਾਵੇਗਾ ਅਤੇ ਫਿਰ ਕੇਸ ਸ਼ੁਰੂ ਹੋਣ ਅਤੇ ਸਜ਼ਾ ਹੋਣ ਤੱਕ ਡਰਾਈਵਰ ਨੂੰ ਅਦਾਲਤ ਦੇ ਚੱਕਰ ਕੱਟਣੇ ਪੈਣਗੇ ਅਤੇ ਸਜ਼ਾ ਹੋਣ ਉਪਰੰਤ ਡਰਾਈਵਰ ਤੇ ਪਰਿਵਾਰ ਅਤੇ ਮਾਂ ਪਿਓ ਦਾ ਕੀ ਬਣੇਗਾ?

ਪ੍ਰਦਰਸ਼ਨਕਾਰੀ ਡਰਾਈਵਰਾਂ ਵਲੋਂ ਵਿਰੋਧ

ਸੜਕ ਹਾਦਸਿਆਂ ਵਿੱਚ ਗ਼ਲਤੀ ਛੋਟੀ ਗੱਡੀ ਵਾਲਿਆਂ ਦੀ ਵੀ ਹੁੰਦੀ:ਹੜਤਾਲ ਉੱਤੇ ਚੱਲ ਰਹੇ ਡਰਾਈਵਰਾਂ ਸਤਨਾਮ ਸਿੰਘ, ਜੈਸਲਮੇਰ ਤੋਂ ਟੈਂਕਰ ਚਾਲਕ ਅਰਸ਼ਦ ਖਾਨ ਤੇ ਟੈਂਕਰ ਚਾਲਕ ਜਸਵੰਤ ਸਿੰਘ ਨੇ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਬਣਦਾ ਕਦਮ ਨਹੀਂ ਚੁੱਕਿਆ ਗਿਆ, ਇਹ ਹੜਤਾਲ ਇਸ ਤਰ੍ਹਾਂ ਚੱਲੇਗੀ। ਪ੍ਰਦਰਸ਼ਨਕਾਰੀ ਡਰਾਈਵਰਾਂ ਦਾ ਕਹਿਣਾ ਹੈ ਕਿ ਹਰ ਸੜਕ ਹਾਦਸੇ ਵਿੱਚ ਟਰੱਕ ਜਾਂ ਟੈਂਕਰ ਡਰਾਈਵਰ ਦੀ ਗ਼ਲਤੀ ਨਹੀਂ ਹੁੰਦੀ, ਪਰ ਛੋਟੀ ਗੱਡੀ ਦੀ ਗ਼ਲਤੀ ਨਾ ਕੱਢ ਕੇ, ਦੋਸ਼ ਹਮੇਸ਼ਾ ਵੱਡੀ ਗੱਡੀ ਦੇ ਡਰਾਈਵਰਾਂ ਉੱਤੇ ਲਾ ਦਿੱਤਾ ਜਾਂਦਾ ਹੈ।

ਕੀ ਕਹਿੰਦਾ ਨਵਾਂ ਕਾਨੂੰਨ ?

ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਉੱਥੇ ਆਮ ਪਬਲਿਕ ਵੱਲੋਂ ਜਿੱਥੇ ਡਰਾਈਵਰਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਉੱਥੇ ਹੀ ਗੱਡੀਆਂ ਨੂੰ ਅੱਗ ਤੱਕ ਲਗਾ ਦਿੱਤੀ ਜਾਂਦੀ ਹੈ, ਪਰ ਹੁਣ ਨਵੇਂ ਹਿਟ ਐਂਡ ਰਨ ਕਾਨੂੰਨ ਵਿੱਚ ਕੀਤੇ ਗਏ ਬਦਲਾਅ ਕਾਰਨ ਜਿੱਥੇ ਡਰਾਈਵਰਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾਉਣੀ ਪਵੇਗੀ, ਉੱਥੇ ਹੀ ਅਦਾਲਤ ਦੇ ਨਾਲ-ਨਾਲ ਜੇਲ੍ਹ ਵੀ ਜਾਣਾ ਪਵੇਗਾ, ਜੋ ਕਿ ਸਰਾਸਰ ਨਾ ਇਨਸਾਫੀ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਵਿੱਚ ਕੀਤੇ ਗਏ ਬਦਲਾਵ ਵਾਪਸ ਨਾ ਲਏ ਗਏ ਤਾਂ ਇਹ ਹੜਤਾਲ ਤਿੰਨ ਦਿਨਾਂ ਤੋਂ ਵਧਾ ਕੇ ਲੰਬੀ ਵੀ ਲੈ ਜਾਈ ਜਾ ਸਕਦੀ ਹੈ।

ਪੈਟਰੋਲ ਪੰਪ ਪ੍ਰਭਾਵਿਤ ਹੋ ਰਹੇ

ਰੇਲ ਗੱਡੀਆਂ ਤੋਂ ਲੈ ਕੇ ਏਅਰ ਫੋਰਸ ਹੋਵੇਗੀ ਪ੍ਰਭਾਵਿਤ:ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਇਕ ਜਨਵਰੀ ਤੋਂ ਦੇਸ਼ ਭਰ ਵਿੱਚ ਤੇਲ ਟੈਂਕਰ ਚਾਲਕਾਂ ਦੇ ਹੜਤਾਲ ਉੱਤੇ ਚਲੇ ਜਾਣ ਕਾਰਨ ਭਾਰਤ ਦੇ 68 ਹਜ਼ਾਰ ਦੇ ਕਰੀਬ ਪੈਟਰੋਲ ਪੰਪਾਂ ਉੱਤੇ ਡ੍ਰਾਈ ਹੋਣ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਜੇਕਰ ਆਉਂਦੇ ਸਮੇਂ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਸਮਾਪਤ ਨਾ ਹੋਈ, ਤਾਂ ਵੱਖ ਵੱਖ ਡੀਪੂਆਂ ਤੋਂ ਰੇਲਵੇ,ਆਰਮੀ ਅਤੇ ਏਅਰ ਫੋਰਸ ਨੂੰ ਹੋਣ ਵਾਲੀ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਠੱਪ ਹੋ ਜਾਵੇਗੀ ਅਤੇ ਆਮ ਲੋਕਾਂ ਨੂੰ ਵੀ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ ਅਤੇ ਹਰ ਚੀਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਆਸਾਰ ਪੈਦਾ ਹੋ ਜਾਣਗੇ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਟਰੱਕ ਅਤੇ ਤੇਲ ਟੈਂਕਰ ਚਾਲਕਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਇਸ ਦਾ ਬਣਦਾ ਹੱਲ ਕੱਢਣਾ ਚਾਹੀਦਾ ਹੈ। ਨਹੀਂ ਦੇਸ਼ ਭਰ ਵਿੱਚ ਢੋਆ ਢੁਆਈ ਦੇ ਨਾਲ ਆਮ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ABOUT THE AUTHOR

...view details