ਪੰਜਾਬ

punjab

ਖੜੀ ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਦਾ ਵਧਿਆ ਰੁਝਾਨ, ਕਿਸਾਨਾਂ ਨੇ ਦੱਸੇ ਫਾਇਦੇ ਤੇ ਨੁਕਸਾਨ ਤੇ ਝਾੜ 'ਤੇ ਵੀ ਦੱਸਿਆ ਕੀ ਪੈਂਦਾ ਅਸਰ

By ETV Bharat Punjabi Team

Published : Nov 23, 2023, 8:05 PM IST

Direct sowing of wheat in stubble: ਕਿਸਾਨਾਂ 'ਚ ਦਿਨ ਪਰ ਦਿਨ ਖੜੀ ਪਰਾਲੀ 'ਚ ਕਣਕ ਦੀ ਸਿੱਧੀ ਬਿਜਾਈ ਦਾ ਰੁਝਾਨ ਵੱਧ ਰਿਹਾ ਹੈ, ਜਿਸ 'ਚ ਕਿਸਾਨਾਂ ਦਾ ਕਹਿਣਾ ਕਿ ਇਸ ਨਾਲ ਜਿਥੇ ਤੇਲ ਦੀ ਬੱਚਤ ਹੁੰਦੀ ਹੈ ਤਾਂ ਉਥੇ ਹੀ ਸਮੇਂ ਦੀ ਵੀ ਬੱਚਤ ਰਹਿੰਦੀ ਹੈ ਤੇ ਕਣਕ ਦੇ ਝਾੜ ਪਰ ਵੀ ਕੋਈ ਅਸਰ ਨਹੀਂ ਪੈਂਦਾ।

ਖੜੀ ਪਰਾਲੀ ਵਿੱਚ ਬਿਜਾਈ
ਖੜੀ ਪਰਾਲੀ ਵਿੱਚ ਬਿਜਾਈ

ਖੜੀ ਪਰਾਲੀ ਵਿੱਚ ਬਿਜਾਈ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਤੇ ਖੇਤੀਬਾੜੀ ਅਫ਼ਸਰ

ਬਠਿੰਡਾ:ਇੰਨੀ ਦਿਨੀ ਪੰਜਾਬ ਵਿੱਚ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉੱਥੇ ਖੇਤੀਬਾੜੀ ਵਿਭਾਗ ਵੱਲੋਂ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਖੜੀ ਪਰਾਲੀ ਵਿੱਚ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਪਿੰਡ ਗਹਿਰੀ ਦੇ ਬਹੁ ਗਿਣਤੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੜੀ ਪਰਾਲੀ ਵਿੱਚ ਹੀ ਸਿੱਧੀ ਬਜਾਈ ਕੀਤੀ ਜਾ ਰਹੀ ਹੈ।

ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ: ਇਸ ਦੌਰਾਨ ਗੱਲਬਾਤ ਕਰਦਿਆਂ ਖੜੀ ਪਰਾਲੀ ਵਿੱਚ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਫਸਲ ਦੀ ਬਿਜਾਈ ਵਿੱਚ ਵੀ ਖਰਚਾ ਬਹੁਤ ਘੱਟ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਮ ਕਣਕ ਨੂੰ ਚਾਰ ਵਾਰ ਪਾਣੀ ਲਗਾਉਣਾ ਪੈਂਦਾ ਹੈ ਪਰ ਖੜੀ ਪਰਾਲੀ ਵਿੱਚ ਕਣਕ ਦੀ ਬਿਜਾਈ ਕਰਨ 'ਤੇ ਸਿਰਫ ਤਿੰਨ ਵਾਰੀ ਫਸਲ ਨੂੰ ਪਾਣੀ ਲਗਾਉਣਾ ਪੈਂਦਾ ਹੈ।

ਸਮੇਂ ਦੀ ਬੱਚਤ ਵੀ ਕਰਦੀ ਸਿੱਧੀ ਬਿਜਾਈ:ਕਿਸਾਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ ਦੀ ਵੱਡੀ ਪੱਧਰ 'ਤੇ ਬੱਚਤ ਹੁੰਦੀ ਹੈ ਕਿਉਂਕਿ ਖੜੀ ਪਰਾਲੀ ਵਿੱਚ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਖੇਤ ਨੂੰ ਸਾਫ ਕਰਨ ਦੀ ਲੋੜ ਨਹੀਂ ਪੈਂਦੀ। ਇਸ ਨਾਲ ਲੇਬਰ ਵੀ ਘੱਟ ਪੈਂਦੀ ਹੈ ਤੇ ਸਮੇਂ ਦੀ ਬਚਤ ਹੁੰਦੀ ਹੈ ਕਿਉਂਕਿ ਝੋਨਾ ਵੱਡਣ ਸਾਰ ਹੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਸਿੱਧੀ ਬਿਜਾਈ ਕਰਨ ਦੇ ਨਾਲ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਪਰਾਲੀ ਤੋਂ ਹੀ ਰੇਹ ਤਿਆਰ ਹੋ ਜਾਂਦੀ ਹੈ, ਜੋ ਕਿ ਕਣਕ ਦੇ ਬੀਜ ਨੂੰ ਹੋਰਨਾਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ ਅਤੇ ਖੜੀ ਪਰਾਲੀ ਵਿੱਚ ਸਿੱਧੀ ਬਿਜਾਈ ਗਈ ਕਣਕ ਜਲਦੀ ਨਾਲ ਪੁੰਗਰਦੀ ਹੈ, ਜਿਸ ਕਾਰਨ ਝਾੜ 'ਤੇ ਕੋਈ ਫਰਕ ਨਹੀਂ ਪੈਂਦਾ ਅਤੇ ਤੂੜੀ ਦਾ ਝਾੜ ਵੀ ਪੂਰਾ ਨਿਕਲਦਾ ਹੈ।

ਖੜੀ ਪਰਾਲੀ 'ਚ ਸਿੱਧੀ ਬਿਜਾਈ ਕਰਨ ਨਾਲ ਮੁਨਾਫ਼ਾ ਹੀ ਹੁੰਦਾ ਹੈ। ਇਸ ਨਾਲ ਜਿਥੇ ਪੈਸੇ, ਸਮਾਂ ਤੇ ਤੇਲ ਦੀ ਬੱਚਤ ਹੁੰਦੀ ਹੈ, ਉਥੇ ਹੀ ਕਣਕ ਦੇ ਝਾੜ 'ਚ ਵੀ ਕੋਈ ਅਸਰ ਨਹੀਂ ਪੈਂਦਾ ਅਤੇ ਪਰਾਲੀ ਕਣਕ ਲਈ ਨਦੀਨਾਂ ਦਾ ਕੰਮ ਕਰਦੀ ਹੈ।-ਕਿਸਾਨ, ਪਿੰਡ ਗਹਿਰੀ, ਬਠਿੰਡਾ

ਸਿੱਧੀ ਬਿਜਾਈ ਨਾਲ ਤੇਲ ਦੀ ਬੱਚਤ:ਇਸ ਦੇ ਨਾਲ ਹੀ ਕਿਸਾਨਾਂ ਨੇ ਦੱਸਿਆ ਕਿ ਸਮੇਂ ਦੇ ਨਾਲ-ਨਾਲ ਤੇਲ ਦੀ ਵੀ ਵੱਡੀ ਬੱਚਤ ਹੁੰਦੀ ਹੈ ਕਿਉਂਕਿ ਜੇਕਰ ਕਿਸਾਨ ਖੇਤ ਨੂੰ ਤਿਆਰ ਕਰਕੇ ਫਿਰ ਕਣਕ ਦੀ ਬਿਜਾਈ ਕਰਦਾ ਹੈ ਤਾਂ ਉਸ ਨੂੰ ਵੱਡਾ ਖਰਚਾ ਤੇਲ ਉੱਪਰ ਕਰਨਾ ਪੈਂਦਾ ਹੈ। ਕਿਸਾਨਾਂ ਦਾ ਵੱਡੀ ਪੱਧਰ 'ਤੇ ਹੈਪੀ ਸੀਡਰ, ਸਮਾਰਟ ਸੀਡਰ ਅਤੇ ਜੀਰੋ ਡਰਿਲ ਨਾਲ ਖੜੀ ਪਰਾਲੀ ਵਿੱਚ ਕਣਕ ਦੀ ਬਿਜਾਈ ਕਰਨ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਦੂਸਰੇ ਪਾਸੇ ਜੇਕਰ ਉਨਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਵਾਈਆਂ ਜਾਂਦੀਆਂ ਹਨ ਤਾਂ ਕਈ-ਕਈ ਦਿਨ ਉਹਨਾਂ ਦੇ ਖੇਤਾਂ ਵਿੱਚੋਂ ਪਰਾਲੀ ਦੀਆਂ ਉਹ ਗੱਠਾਂ ਨਹੀਂ ਚੁੱਕੀਆਂ ਜਾਂਦੀਆਂ, ਜਿਸ ਕਾਰਨ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ।

ਹੁਣ ਸਿੱਧੀ ਬਿਜਾਈ ਲਈ ਕਿਸਾਨ ਹੋ ਰਹੇ ਜਾਗਰੂਕ: ਉਧਰ ਦੂਸਰੇ ਪਾਸੇ ਖੇਤੀਬਾੜੀ ਅਫਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਤੇਜ਼ੀ ਨਾਲ ਘਟੇ ਹਨ, ਉੱਥੇ ਹੀ ਦੂਸਰੇ ਪਾਸੇ ਕਿਸਾਨਾਂ ਦਾ ਰੁਝਾਨ ਖੜੀ ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ ਵੱਲ ਵਧਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਵੱਡਾ ਕਾਰਨ ਪਰਾਲੀ ਤੋਂ ਤਿਆਰ ਹੋਣ ਵਾਲੀ ਖਾਦ ਹੈ, ਜਿਸ ਕਾਰਨ ਕਣਕ 'ਤੇ ਨਦੀਨ ਨਾਸ਼ਕ ਕਰਨ ਦੀ ਬਹੁਤ ਘੱਟ ਲੋੜ ਪੈਂਦੀ ਹੈ, ਤੇ ਨਾਲ ਹੀ ਜਿਥੇ ਪਾਣੀ ਅਤੇ ਤੇਲ ਦੀ ਬੱਚਤ ਹੁੰਦੀ ਹੈ ਤਾਂ ਉਥੇ ਹੀ ਲੇਬਰ ਬਹੁਤ ਘੱਟ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਝਾਅ 'ਤੇ ਕਣਕ ਦੇ ਬੀਜ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਹਨਾਂ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ।

ABOUT THE AUTHOR

...view details