ਪੰਜਾਬ

punjab

ਨਵਜੋਤ ਸਿੱਧੂ ਦਾ ਮੁੱਖ ਮੰਤਰੀ ਮਾਨ 'ਤੇ ਇਲਜ਼ਾਮ, ਕਿਹਾ- ਮੁੱਖ ਮੰਤਰੀ ਝੂਠੇ ਦਾਵਿਆਂ ਨਾਲ ਕਰ ਰਹੇ ਪੰਜਾਬੀਆਂ ਨੂੰ ਗੁੰਮਰਾਹ

By ETV Bharat Punjabi Team

Published : Dec 16, 2023, 5:38 PM IST

Navjot Sidhu Targeted CM Bhagwant Mann: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵਲੋਂ ਰੈਲੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਸਿੱਧੂ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧਦੇ ਨਜ਼ਰ ਆਏ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਮੁਰਗੀਖਾਨਾ ਖੋਲ੍ਹਣ ਦੀ ਸਲਾਹ ਤੱਕ ਦੇ ਦਿੱਤੀ।

ਨਵਜੋਤ ਸਿੱਧੂ
ਨਵਜੋਤ ਸਿੱਧੂ

ਨਵਜੋਤ ਸਿੱਧੂ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਬਠਿੰਡਾ: ਸਿਆਸਤ ਦੇ ਤੇਜ਼ ਤਰਾਰ ਲੀਡਰ ਅਤੇ ਕਾਂਗਰਸ ਸਰਕਾਰ 'ਚ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਪਹੁੰਚੇ, ਜਿਥੇ ਉਨ੍ਹਾਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਜਿਕਰ ਜੋਗ ਹੈ ਕਿ 17 ਦਸੰਬਰ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕਸਬਾ ਮਹਿਰਾਜ ਦੀ ਦਾਣਾ ਮੰਡੀ ਵਿਖੇ ਨਵਜੋਤ ਸਿੱਧੂ ਵੱਲੋਂ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ ਜਾਣਾ ਹੈ।

ਸਰਕਾਰ ਕੋਲ ਤਨਖਾਹਾਂ ਦੇਣ ਨੂੰ ਵੀ ਪੈਸਾ ਨਹੀਂ: ਇਸ ਮੌਕੇ ਉਨਾਂ ਪੰਜਾਬ ਸਰਕਾਰ ਨੂੰ ਹਰ ਫਰੰਟ 'ਤੇ ਘੇਰਦਿਆਂ ਦੋਸ਼ ਲਾਏ ਕੇ ਮੁੱਖ ਮੰਤਰੀ ਮਾਨ ਝੂਠੇ ਦਾਵਿਆਂ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਪੱਲੇ ਧੇਲਾ ਵੀ ਨਹੀਂ ਕਿਉਂਕਿ ਮੁਲਾਜ਼ਮ ਹੜਤਾਲਾਂ 'ਤੇ ਹਨ, ਦਫਤਰਾਂ ਵਿੱਚ ਕੰਮਕਾਜ਼ ਠੱਪ ਹਨ, ਸਰਕਾਰ ਕੋਲ ਪੈਨਸ਼ਨ, ਸ਼ਗਨ ਸਕੀਮ ਅਤੇ ਇਥੋਂ ਤੱਕ ਕਿ ਤਨਖਾਹਾਂ ਦੇਣ ਨੂੰ ਵੀ ਪੈਸਾ ਨਹੀਂ ਹੈ। ਸਿੱਧੂ ਨੇ ਕਿਹਾ ਕਿ ਹੋਰ ਤਾਂ ਹੋਰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਇਆ ਹੋਰਨਾਂ ਸੂਬਿਆਂ ਵਿੱਚ ਪਾਰਟੀ ਦੇ ਪ੍ਰਚਾਰ ਲਈ ਖਰਚ ਕਰ ਦਿੱਤਾ ਪਰ ਪਾਰਟੀ ਨੂੰ ਨੋਟਾ(NOTA) ਤੋਂ ਵੀ ਘੱਟ ਵੋਟ ਪਈ। ਜਿਸ ਕਰਕੇ ਨੈਸ਼ਨਲ ਅਖਵਾਉਂਦੀ ਪਾਰਟੀ ਦਾ ਪੂਰੀ ਦੁਨੀਆਂ ਵਿੱਚ ਜਲੂਸ ਨਿਕਲ ਚੁੱਕਿਆ ਹੈ।

ਮੁੱਖ ਮੰਤਰੀ ਹੁਣ ਖੁਦ ਮੁਰਗੀਖਾਨਾ ਕਿਉਂ ਨਹੀਂ ਖੋਲ੍ਹਦੇ: ਨਵਜੋਤ ਸਿੱਧੂ ਨੇ ਕਿਹਾ ਕਿ ਇਥੋਂ ਤੱਕ ਕਿ ਲੋਕ ਸਭਾ ਵਿੱਚ ਵੀ ਇੰਨ੍ਹਾਂ ਦਾ ਇੱਕ ਹੀ ਮੈਂਬਰ ਤੇ ਉਹ ਵੀ ਕਾਂਗਰਸ ਦਾ ਮੰਗਵਾ ਲੋਕ ਸਭਾ ਮੈਂਬਰ ਹੈ। ਜਿਸ ਕਰਕੇ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ, ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਦੂਸਰੀਆਂ ਸਰਕਾਰਾਂ 'ਤੇ ਬਿਆਨਬਾਜ਼ੀ ਨਾਲ ਹਮਲੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਵਾਬ ਦੇਣ ਕਿ ਹੁਣ ਖੁਦ ਮੁਰਗੀਖਾਨਾ ਕਿਉਂ ਨਹੀਂ ਖੋਲ੍ਹਦੇ, ਇੰਨੀ ਸਕਿਓਰਿਟੀ ਕਿਉਂ ਲਈ ਹੋਈ ਹੈ ਕਿ ਜਿੱਥੇ ਜਾਣਾ ਉਥੋਂ ਦੇ ਸਕੂਲ ਬੰਦ ਕਰਵਾ ਦੇਣੇ ਅਤੇ ਸੜਕਾਂ ਜਾਮ ਕਰਵਾ ਦੇਣੀਆਂ, ਕੀ ਇਹ ਹੀ ਆਮ ਆਦਮੀ ਦੀ ਸਰਕਾਰ ਹੈ।

ਸਰਕਾਰ ਆਪਣੇ ਆਕਾਵਾਂ ਨੂੰ ਦੇ ਰਹੀ ਕਰੋੜਾਂ ਰੁਪਏ: ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਚਾਹੇ ਤਾਂ ਕੇਬਲ,ਸ਼ਰਾਬ ਅਤੇ ਮਾਈਨਿੰਗ ਵਿੱਚ ਕਰੋੜਾਂ ਰੁਪਏ ਕਮਾ ਸਕਦੀ ਹੈ ਪਰ ਸਰਕਾਰ ਦੀ ਨੀਤੀਆਂ ਠੀਕ ਨਹੀਂ ਹੈ ਅਤੇ ਸਰਕਾਰ ਅੰਦਰਲੇ ਖਾਤੇ ਆਪਣੇ ਆਕਾਵਾਂ ਨੂੰ ਕਰੋੜਾਂ ਰੁਪਏ ਦੇ ਰਹੀ ਹੈ, ਜਿਸ ਦਾ ਸਬੂਤ ਕੇਬਲ ,ਸ਼ਰਾਬ ਅਤੇ ਮਾਈਨਿੰਗ ਦੀ ਜਾਂਚ ਵਿੱਚ ਸਾਹਮਣੇ ਆ ਸਕਦੇ ਹਨ। ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਦੇ ਮਾਮਲੇ 'ਤੇ ਐਨਜੀਟੀ ਕੋਲ ਸ਼ਿਕਾਇਤ ਕਰਨ ਦਾ ਐਲਾਨ ਕੀਤਾ ਹੈ।

ਕਾਨੂੰਨ ਵਿਵਸਥਾ ਸਣੇ ਇੰਨ੍ਹਾਂ ਮੁੱਦਿਆਂ 'ਤੇ ਚੁੱਕੇ ਸਵਾਲ: ਇਸ ਮੌਕੇ ਉਨਾਂ ਨਸ਼ਿਆਂ, ਬੇਅਦਬੀ ਦੀਆਂ ਘਟਨਾਵਾਂ, ਕੇਵਲ, ਸ਼ਰਾਬ, ਮਾਈਨਿੰਗ ਦੇ ਮਾਮਲਿਆਂ 'ਤੇ ਚੋਣਾਂ ਵੇਲੇ ਕੀਤੇ ਵਾਅਦਿਆਂ ਦੇ ਉਲਟ ਕੰਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਵੀ ਸਿਆਸਤ, ਪੁਲਿਸ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਕੰਮ ਕਰ ਰਿਹਾ ਹੈ, ਜਿਸ ਨੂੰ ਤੋੜਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਵੀ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਪੰਜਾਬ 'ਚ ਵਾਰਦਾਤਾਂ ਹੋ ਰਹੀਆਂ ਹਨ ਅਤੇ ਨੌਜਵਾਨਾਂ ਦੇ ਕਤਲ ਹੋ ਰਹੇ ਹਨ ਪਰ ਮਾਨ ਸਰਕਾਰ ਵਲੋਂ ਕਾਨੂੰਨ ਵਿਵਸਥਾ ਨੂੰ ਸਹੀ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।

ਮਜੀਠੀਆ ਤੇ ਸੁਖਬੀਰ ਬਾਦਲ ਨੂੰ ਲੈਕੇ ਆਖੀ ਇਹ ਗੱਲ: ਇਸ ਮੌਕੇ ਨਵਜੋਤ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਭੇਜੇ ਸੰਮਨਾਂ 'ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਦਾਦੇ ਪੜਦਾਦਿਆਂ ਦੇ ਨਾਮ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਸਰਕਾਰ ਨੂੰ ਕੰਮ ਕਰਨੇ ਪੈਣਗੇ ਪਰ ਇੰਨ੍ਹਾਂ ਵੱਲੋਂ ਚੋਣਾਂ ਦੇ ਸਮੇਂ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਾ ਕਰਕੇ, ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਕੋਲ ਕਰਨ ਲਈ ਕੁਝ ਵੀ ਨਹੀਂ ਹੈ। ਇਸ ਮੌਕੇ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਾਦਲ ਰਾਜ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਮੇਤ ਕੀਤੇ ਕੰਮਾਂ ਰਾਹੀਂ ਹੋਈਆਂ ਗਲਤੀਆਂ ਦੀ ਮੁਆਫੀ ਮੰਗਣ 'ਤੇ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਮੁਆਫੀ ਮੰਗ ਕੇ ਆਪਣੇ ਗੁਨਾਹ ਕਬੂਲ ਕਰ ਲਹੇ ਹਨ। ਹੁਣ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ 'ਤੇ ਕਾਰਵਾਈ ਕਰਨ।

ਕੇਂਦਰ ਤੋਂ ਕਰੋੜਾਂ ਦੀਆਂ ਗ੍ਰਾਂਟਾਂ ਲੈਣ 'ਚ ਫੇਲ੍ਹ ਹੋਈ ਸਰਕਾਰ: ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਿੱਸੇ ਦਾ 40 ਫੀਸਦੀ ਪੈਸਾ ਪਾ ਕੇ ਕੇਂਦਰ ਸਰਕਾਰ ਤੋਂ ਵੱਖ-ਵੱਖ ਸਕੀਮਾਂ ਦਾ ਕਰੋੜਾਂ ਰੁਪਏ ਦੀਆਂ ਗਰਾਂਟਾਂ ਲੈਣ ਵਿੱਚ ਵੀ ਫੇਲ੍ਹ ਸਾਬਤ ਹੋਈ ਹੈ। ਕੇਂਦਰ ਸਰਕਾਰ ਵੱਲੋਂ 6 ਹਜ਼ਾਰ ਕਰੋੜ ਰੁਪਏ ਦੀਆਂ ਗਰਾਂਟਾਂ 'ਤੇ ਰੋਕ ਵੀ ਲਾਈ ਹੈ ਅਤੇ ਲਗਾਤਾਰ ਕਰਜ਼ਾ ਚੱਕ ਕੇ ਆਰਥਿਕ ਬੋਝ ਵਧਾਇਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹੋਣ ਵਾਲੇ ਸੰਭਾਵੀ ਗੱਠਜੋੜ 'ਤੇ ਬੋਲਦਿਆਂ ਕਿਹਾ ਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹਰ ਗੱਲ ਕਰਨੀ ਜਾਇਜ਼ ਹੈ ਕਿਉਂਕਿ ਸੰਵਿਧਾਨ ਨੂੰ ਬਚਾਉਣ ਲਈ ਹੀ ਸਿਆਸਤ ਹੁੰਦੀ ਹੈ।

ਰੈਲੀ 'ਚ ਕਾਂਗਰਸੀ ਲੀਡਰਾਂ ਦੇ ਸਵਾਲ 'ਤੇ ਗੋਲ-ਮੋਲ ਜਵਾਬ: ਇਸ ਮੌਕੇ ਨਵਜੋਤ ਸਿੱਧੂ ਨੇ ਪੰਜਾਬ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਮਹਿਰਾਜ ਰੈਲੀ ਵਿੱਚ ਪਹੁੰਚਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਉਹਨਾਂ ਨੂੰ ਕਾਂਗਰਸ ਦੀ ਲੀਡਰਸ਼ਿਪ ਨਾਲ ਦੂਰੀਆਂ ਅਤੇ ਇਸ ਰੈਲੀ ਸਬੰਧੀ ਸੱਦਾ ਨਾ ਦੇਣ ਦੇ ਪੁੱਛੇ ਸਵਾਲ ਨੂੰ ਵੀ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਦੇ ਨਿਮਾਣੇ ਵਰਕਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਪਰ ਕਦੇ ਹਾਲਾਤ ਅਜਿਹੇ ਵੀ ਹੁੰਦੇ ਹਨ ਕਿ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਵੀ ਉਹਨਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਜਾਂਦਾ।

ABOUT THE AUTHOR

...view details