ਪੰਜਾਬ

punjab

ਪਿੰਡ ਚੀਮਾਂ 'ਚ 250 ਏਕੜ ਕਣਕ ਦੀ ਫਸਲ ਨੂੰ ਪਈ ਸੁੰਡੀ

By

Published : Dec 13, 2019, 7:59 PM IST

ਪਰਾਲੀ ਨਾ ਸਾੜਨ ਕਰਕੇ ਕਣਕ ਦੀ ਫਸਲ 'ਤੇ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਪਿੰਡ ਚੀਮਾਂ ਵਿੱਚ 250 ਏਕੜ ਕਣਕ ਦੀ ਫਸਲ 'ਤੇ ਸੁੰਡੀ ਦਾ ਮਾਰ ਪੈ ਗਈ ਹੈ।

ਕਣਕ ਨੂੰ ਸੁੰਡੀ
ਕਣਕ ਨੂੰ ਸੁੰਡੀ

ਬਰਨਾਲਾ: ਝੋਨੇ ਦੀ ਪਰਾਲੀ 'ਚ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨੀ ਦੀ ਫ਼ਸਲ ਸੁੰਡੀ ਦੀ ਮਾਰ ਨਾਲ ਤਬਾਹ ਹੋ ਚੁੱਕੀ ਹੈ। ਪੀੜਤ ਕਿਸਾਨਾਂ ਦੀ ਸਾਰ ਲੈਣ ਨਾ ਖੇਤੀਬਾੜੀ ਅਧਿਕਾਰੀ ਬਹੁੜੇ ਨਾ ਹੀ ਕੋਈ ਹੋਰ ਪ੍ਰਸ਼ਾਸਨ ਦਾ ਅਧਿਕਾਰੀ ਆਇਆ। ਲੱਖਾਂ ਰੁਪਏ ਦੀ ਬਰਬਾਦ ਹੁੰਦੀ ਫ਼ਸਲ ਨੂੰ ਦੇਖ ਕੇ ਕਿਸਾਨਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਹਨ।

ਵੇਖੋ ਵੀਡੀਓ

ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਤਹਿਤ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਬੀਜਣ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਫ਼ਸਲ 'ਤੇ ਸੁੰਡੀ ਦਾ ਹਮਲਾ ਹੋ ਗਿਆ ਹੈ, ਜਿਸ ਕਰਕੇ ਪੀੜਤ ਕਿਸਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜਿੱਥੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਕੱਲੇ ਪਿੰਡ ਚੀਮਾ 'ਚ ਕਿਸਾਨਾਂ ਦੀ 250 ਏਕੜ ਦੇ ਕਰੀਬ ਸੁੰਡੀ ਨੇ ਕਣਕ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ, ਇਨ੍ਹਾਂ ਵਿੱਚ ਇੱਕ ਕਿਸਾਨ ਦੀ ਠੇਕੇ 'ਤੇ ਲਈ 126 ਏਕੜ ਫ਼ਸਲ 'ਤੇ ਸੁੰਡੀ ਨੇ ਮਾਰ ਕੀਤੀ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਉਨ੍ਹਾਂ ਨੂੰ ਪਰਾਲੀ ਦੀ ਸੰਭਾਲ ਲਈ 2500 ਪ੍ਰਤੀ ਏਕੜ ਦਾ ਮੁਆਵਜ਼ਾ ਤਾਂ ਕੀ ਦੇਣਾ ਸੀ, ਬਲਕਿ ਉਨ੍ਹਾਂ ਦੀ ਹੁਣ ਕੋਈ ਸਾਰ ਤੱਕ ਨਹੀਂ ਲਈ ਜਾ ਰਹੀ ਹੈ।

ਇਸ ਸਬੰਧੀ ਪੀੜਤ ਕਿਸਾਨ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਵਲੋਂ 126 ਕਿੱਲੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਸਰਕਾਰੀ ਹਦਾਇਤਾਂ ਤਹਿਤ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਕੀਤੀ ਗਈ ਸੀ ਪਰ ਕਣਕ ਦੀ ਫ਼ਸਲ 'ਤੇ ਸੁੰਡੀ ਦਾ ਹਮਲਾ ਹੋਇਆ ਹੈ, ਜਿਸ ਕਾਰਨ ਉਸਦਾ ਸਾਰੇ ਖ਼ਰਚੇ ਪਾ ਕੇ 1 ਕਰੋੜ ਦੇ ਕਰੀਬ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਨੇ ਪਹਿਲਾਂ ਪਰਾਲੀ ਵਿੱਚ ਕਣਕ ਬੀਜਣ ਲਈ ਮਹਿੰਗੇ ਸੰਦ ਲਏ। ਇਸਤੋਂ ਬਾਅਦ ਕਣਕ ਦਾ ਬੀਜ, ਰੇਅ, ਸਪਰੇਅ ਆਦਿ ਦੇ ਕਾਫ਼ੀ ਖ਼ਰਚਿਆਂ ਤੋਂ ਇਲਾਵਾ ਕਰੀਬ 65 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਲਈ ਹੋਈ ਹੈ, ਜਿਸ ਕਰਕੇ ਉਨ੍ਹਾਂ ਨੂੰ ਇਸ ਫ਼ਸਲ ਤੋਂ ਠੇਕਾ ਵਾਪਸ ਮੁੜਨ ਦੀ ਆਸ ਵੀ ਦਿਖ਼ਾਈ ਨਹੀਂ ਦੇ ਰਹੀ। ਉਨ੍ਹਾਂ ਕੋਲ ਇਸ ਫ਼ਸਲ ਨੂੰ ਵਾਹੁਣ ਤੋਂ ਬਿਨ੍ਹਾਂ ਕੋਈ ਹੋਰ ਹੱਲ ਦਿਖ਼ਾਈ ਨਹੀਂ ਦੇ ਰਿਹਾ।

ਇਸਤੋਂ ਇਲਾਵਾ ਕਿਸਾਨ ਕੇਵਲ ਸਿੰਘ ਨੇ ਦੱਸਿਆ ਉਨ੍ਹਾਂ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਕਰੀਬ 30-35 ਏਕੜ 'ਚ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਬੀਜੀ ਜਾਂਦੀ ਹੈ। ਪਰ ਇਸ ਵਾਰ ਸੁੰਡੀ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸ਼ਨ ਵੀ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਕਿਸਾਨ ਹਰਬੰਸ ਸਿੰਘ ਨੇ ਕਿਹਾ ਕਿ 30 ਏਕੜ ਕਣਕ ਦੀ ਫ਼ਸਲ ਹੈਪੀਸੀਡਰ ਨਾਲ ਬੀਜੀ ਸੀ, ਪਰ ਸੁੰਡੀ ਨੇ ਫ਼ਸਲ ਦਾ ਉਜਾੜਾ ਕਰ ਦਿੱਤਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਖ਼ਰਾਬ ਹੋ ਰਹੀ ਫ਼ਸਲ ਦਾ ਉਨ੍ਹਾਂ ਨੂੰ ਯੋਗ ਮੁਆਵਜ਼ਾ ਦੇਵੇ।

ਇਸ ਸਬੰਧੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਕਿਹਾ ਕਿ ਇਕੱਲੇ ਚੀਮਾ ਪਿੰਡ ਵਿੱਚ 250 ਤੋਂ 300 ਏਕੜ ਕਣਕ ਦੀ ਫ਼ਸਲ ਸੁੰਡੀ ਦੀ ਮਾਰ ਹੇਠ ਆਈ ਹੈ। ਪਹਿਲਾਂ ਤਾਂ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਨਾ ਮਚਾਉਣ ਲਈ ਕਹਿੰਦਾ ਸੀ ਅਤੇ ਹੁਣ ਜਦੋਂ ਪਰਾਲੀ ਨਾ ਮਚਾਉਣ ਵਾਲੇ ਕਿਸਾਨਾਂ ਦੀ ਫ਼ਸਲ 'ਤੇ ਸੁੰਡੀ ਦੀ ਮਾਰ ਪਈ ਹੈ ਤਾਂ ਖੇਤੀਬਾੜੀ ਵਿਭਾਗ ਸਮੇਤ ਪ੍ਰਸ਼ਾਸ਼ਨ ਪਾਸਾ ਵੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਕਿਸਾਨ ਯੂਨੀਅਨ ਵਲੋਂ ਖੇਤੀਬਾੜੀ ਦਫ਼ਤਰਾਂ, ਡੀਸੀ ਦਫ਼ਤਰਾਂ ਦਾ ਘਿਰਾਉ ਕਰਕੇ ਸੰਘਰਸ਼ ਵਿੱਢਿਆ ਜਾਵੇਗਾ।

ਇਹ ਵੀ ਪੜੋ: UK Election Result: ਬੋਰਿਸ ਜਾਨਸਨ ਦੀ ਪਾਰਟੀ ਨੇ ਜਿੱਤੀਆਂ ਆਮ ਚੋਣਾਂ, PM ਮੋਦੀ ਨੇ ਦਿੱਤੀ ਵਧਾਈ

ਇਸ ਸਬੰਧੀ ਖੇਤੀਬਾੜੀ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਸੁੰਡੀ ਪੀੜਤ ਕਿਸਾਨਾਂ ਦੇ ਖੇਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸਦੇ ਹੱਲ ਲਈ ਯੂਨੀਵਰਸਿਟੀ ਦੀ ਸ਼ਿਫ਼ਾਰਸ ਸਪਰੇਅ ਕਰਵਾਈ ਜਾ ਰਹੀ ਹੈ। ਪੀੜਤ ਕਿਸਾਨਾਂ ਨੂੰ ਮੁਆਵਜ਼ੇ ਸਬੰਧੀ ਅਜੇ ਵਿਭਾਗ ਜਾਂ ਸਰਕਾਰ ਵਲੋਂ ਕੋਈ ਨੋਟੀਫ਼ਿਕੇਸ਼ਨ ਉਹਨਾਂ ਨੂੰ ਨਹੀਂ ਮਿਲਿਆ।

Intro:ਬਰਨਾਲਾ।

ਕਣਕ ਦੀ ਫਸਲ ਨੂੰ ਸੁੰਡੀ ਪੈਣ ਕਾਰਨ ਕਿਸਾਨਾਂ ਦੀ 250bਏਕੜ ਫਸਲ ਹੋਈ ਬਰਬਾਦ


Body:ਕਣਕ ਦੀ ਫਸਲ ਨੂੰ ਸੁੰਡੀ ਪੈਣ ਕਾਰਨ ਕਿਸਾਨਾਂ ਦੀ 250bਏਕੜ ਫਸਲ ਹੋਈ ਬਰਬਾਦ


Conclusion:ਬਰਨਾਲਾ ਤੋਂ ਲਖਵੀਰ ਚੀਮਾ

ABOUT THE AUTHOR

...view details