ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦਿੰਦਾ ਹੋਇਆ ਅੰਮ੍ਰਿਤਸਰ:ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਵੱਡੀ ਤੋਂ ਵੱਡੀ ਵਾਰਦਾਤ ਕਰਨ ਲੱਗਿਆਂ ਸਮਾਂ ਨਹੀਂ ਲਾਉਂਦੇ। ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ ਨਜ਼ਦੀਕ ਗੰਦੇ ਨਾਲੇ ਦੇ ਵਿੱਚੋਂ ਪੁਲਿਸ ਨੂੰ ਏਟੀਐਮ ਮਸ਼ੀਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਪੁਲਿਸ ਵੱਲੋਂ ਦੋ ਪ੍ਰਵਾਸੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਸ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਦਾ ਲੋਹਾ ਕੱਟ ਰਹੇ ਸਨ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਵਲੋ ਜੇਸੀਬੀ ਦੀ ਮਦਦ ਨਾਲ ਏਟੀਐਮ ਮਸ਼ੀਨ ਨੂੰ ਗੰਦੇ ਨਾਲੇ ਤੋਂ ਬਾਹਰ ਕੱਢਿਆ ਗਿਆ।
ਸਥਾਨਕ ਵਾਸੀਆਂ ਨੇ ਪੁਲਿਸ ਨੂੰ ਕੀਤਾ ਸੂਚਿਤ: ਇਸ ਸਬੰਧੀ ਸਾਥਨੀ ਵਾਸੀ ਅਜੇ ਨੇ ਦੱਸਿਆ ਕਿ ਪਾਮ ਬਾਗ਼ ਨੇੜੇ ਡਰੇਨ ਦੀ ਪੁਲੀ ਕੋਲ ਤਿੰਨ ਲੜਕੇ ਹਥੌੜੇ ਅਤੇ ਛੀਨੀ ਨਾਲ ਕੋਈ ਚੀਜ਼ ਤੋੜ ਰਹੇ ਸਨ, ਜਿਸ ਨਾਲ ਜ਼ੋਰਦਾਰ ਆਵਾਜ਼ ਆ ਰਹੀ ਸੀ। ਜਦੋਂ ਉਸ ਨੇ ਰੁਕ ਕੇ ਦੇਖਿਆ ਤਾਂ ਮੁਲਜ਼ਮ ਏ.ਟੀ.ਐਮ ਮਸ਼ੀਨ ਤੋੜ ਰਹੇ ਸਨ। ਮਸ਼ੀਨ ਡਰੇਨ ਦੇ ਅੰਦਰ ਸੀ। ਲੋਕਾਂ ਨੇ ਦੋ ਚੋਰਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਜਦਕਿ ਤੀਜਾ ਸਾਥੀ ਫਰਾਰ ਹੋ ਗਿਆ। ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ।
ਜੇਸੀਬੀ ਨਾਲ ਬਾਹਰ ਕੱਢੀ ਏਟੀਐਮ ਮਸ਼ੀਨ:ਇਸ ਮਾਮਲੇ ਨੂੰ ਲੈਕੇ ਮੌਕੇ 'ਤੇ ਪਹੁੰਚੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਈਪਾਸ 'ਤੇ ਗੰਦੇ ਨਾਲੇ ਦੇ ਵਿੱਚ ਕੋਈ ਲੋਹੇ ਦੀ ਮਸ਼ੀਨ ਹੈ, ਜਿਸ ਨੂੰ ਕਿ ਦੋ ਨੌਜਵਾਨ ਕੱਟ ਰਹੇ ਹਨ ਅਤੇ ਦੇਖਣ ਵਿੱਚ ਉਹ ਏਟੀਐਮ ਮਸ਼ੀਨ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਜੇਸੀਬੀ ਕਰੇਨ ਦੀ ਮਦਦ ਨਾਲ ਗੰਦੇ ਨਾਲੇ ਦੇ ਵਿੱਚੋਂ ਉਸ ਮਸ਼ੀਨ ਨੂੰ ਵੀ ਬਾਹਰ ਕੱਢਿਆ ਗਿਆ ਹੈ।
ਦੋ ਨੌਜਵਾਨ ਕਾਬੂ ਕਰਕੇ ਜਾਂਚ ਸ਼ੁਰੂ: ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੇਖਣ ਦੇ ਵਿੱਚ ਇਹ ਮਸ਼ੀਨ ਏਟੀਐਮ ਮਸ਼ੀਨ ਵਰਗੀ ਹੀ ਲੱਗਦੀ ਹੈ, ਪਰ ਮਸ਼ੀਨ ਕਾਫੀ ਗੰਦੀ ਹਾਲਤ ਵਿੱਚ ਹੈ। ਏਸੀਪੀ ਖੋਸਾ ਨੇ ਕਿਹਾ ਕਿ ਇਸ ਦੀ ਹਾਲਤ ਸਹੀ ਨਾ ਹੋਣ ਕਾਰਨ ਇਸ ਨੂੰ ਕਲੀਅਰ ਏਟੀਐਮ ਮਸ਼ੀਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਤੱਕ ਪੁਲਿਸ ਨੂੰ ਕਿਤੇ ਵੀ ਏਟੀਐਮ ਮਸ਼ੀਨ ਚੋਰੀ ਹੋਣ ਜਾਂ ਲਾਪਤਾ ਹੋਣ ਦੀ ਖ਼ਬਰ ਵੀ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਸ਼ੀਨ ਦੀ ਜਾਂਚ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜੋ ਇਸ ਮਸ਼ੀਨ ਦਾ ਲੋਹਾ ਕੱਟਣ ਦੀ ਤਿਆਰੀ ਕਰ ਰਹੇ ਸਨ ਅਤੇ ਉਹਨਾਂ ਨੌਜਵਾਨਾਂ ਤੋਂ ਵੀ ਪੁੱਛ ਗਿੱਛ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਇਸ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ।