ਅੰਮ੍ਰਿਤਸਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਾਣੀ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦੇ ਹੋਏ ਸ਼ਬਦ ਉਚਾਰੇ ਹਨ ਕਿ "ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ"॥ ਮਨੁੱਖ ਨੇ ਅਧੁਨਿਕ ਤਰੱਕੀ ਦੇ ਨਾਮ 'ਤੇ ਹਵਾ, ਧਰਤੀ ਅਤੇ ਪਾਣੀ ਦਾ ਬੂਰਾ ਹਾਲ ਕੀਤਾ ਹੋਇਆ ਹੈ। ਦੇਸ਼ ਦੀਆਂ ਕੁਝ ਸਮਾਜਿਕ ਸੰਸਥਾਵਾਂ ਇਨ੍ਹਾਂ ਕੁਦਰਤੀ ਅਣਮੁੱਲੀਆਂ ਅਨਾਮਤਾਂ ਨੂੰ ਬਚਾਉਣ ਲਈ ਜ਼ੋਰ ਸ਼ੋਰ ਨਾਲ ਉਪਰਾਲੇ ਕਰ ਰਹੀਆਂ ਹਨ। ਇਸ ਤਰ੍ਹਾਂ ਦੀ ਸੰਸਥਾ ਭਗਤ ਪੂਰਨ ਸਿੰਘ ਜੀ ਵੱਲੋ ਸ਼ੁਰੂ ਕੀਤੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਹੈ। ਪਿੰਗਲਵਾੜਾ ਜਿੱਥੇ ਮਨੁੱਖਤਾ ਲਈ ਅਨੇਕਾਂ ਹੋਰ ਕਾਰਜ ਕਰਦਾ ਹੈ ਉੱਥੇ ਹੀ ਕੁਦਰਤੀ ਖੇਤੀ ਨੂੰ ਲੈ ਕੇ ਪਿੰਗਲਵਾੜਾ ਦਾ ਇੱਕ ਵੱਡਾ ਪ੍ਰਾਜੈਕਟ ਹੈ।ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਪਿੰਡ ਧੀਰਾ ਕੋਟ, ਜੀਟੀ ਰੋਡ, ਜੰਡਿਆਲਾ ਗੁਰੂ, ਅੰਮ੍ਰਿਤਸਰ ਬਣਾਇਆ ਗਿਆ ਹੈ।
ਈਟੀਵੀ ਭਾਰਤ ਦੀ ਟੀਮ ਨੇ ਪਿੰਗਲਵਾੜੇ ਦੀ ਧੀਰਾ ਕੋਟ ਸਥਿਤ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਦਾ ਦੌਰਾ ਕੀਤਾ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨੂੰ ਫਾਰਮ ਦੇ ਇੰਚਾਰਜ ਮਾਸਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਇਹ ਕੁਦਰਤੀ ਖੇਤੀ ਦਾ ਫਾਰਮ 2006 'ਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ 33 ਏਕੜ ਜ਼ਮੀਨ ਵਿੱਚ ਇਸ ਫਾਰਮ ਦੀ ਸ਼ੁਰੂਆਤ ਹੋਈ ਸੀ।
ਮਾਸਟਰ ਰਾਜਬੀਰ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਸੁਭਾਸ਼ ਪਾਲੇਕਰ ਅਤੇ ਸੁਰੇਸ਼ ਦੇਸਾਈ ਤੋਂ ਪ੍ਰੇਰਤ ਹੋ ਕੇ ਪਿੰਗਲਵਾੜੇ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਉਸ ਦਿਨ ਤੋਂ ਹੁਣ ਤੱਕ ਬਿਨ੍ਹਾਂ ਕਿਸੇ ਰਸਾਇਣਕ ਕੀਟ ਨਾਸ਼ਕ ਤੇ ਨਦੀਨ ਨਾਸ਼ਕ ਦੀ ਵਤਰੋਂ ਕੀਤੇ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ।
ਇੰਚਾਰਜ ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਕਿ ਅਸੀਂ ਗੁਰਬਾਣੀ ਵਿੱਚ ਵਾਰ-ਵਾਰ "ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ" ਪੜ੍ਹਦੇ ਹਾਂ ਪਰ ਅਸੀਂ ਅਸਰ ਨਹੀਂ ਕਰਦੇ ਅਤੇ ਦਿਨੋਂ ਦਿਨ ਪਾਣੀ, ਹਵਾ ਤੇ ਧਰਤੀ ਨੂੰ ਪਲੀਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਰਾਜਸਥਾਨ ਦੀ ਜ਼ਮੀਨ ਬੰਜਰ ਹੋਈ ਹੈ, ਉਸੇ ਤਰਜ਼ ਉੱਪਰ ਹੀ ਪੰਜਾਬ ਦੀ ਜ਼ਮੀਨ ਵਿੱਚ ਝੋਨਾ ਆਦਿ ਬੀਜ਼ ਕੇ ਹੌਲੀ-ਹੌਲੀ ਬੰਜਰ ਕਰਨ ਲੱਗੇ ਹੋਏ ਹਾਂ ਅਤੇ ਇਨ੍ਹਾਂ ਸਮੱਸਿਆਵਾਂ ਵੱਲ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਅਤੇ ਸਮਾਜ ਵੀ ਲਾਲਚ ਵੱਸ ਆਪਣੀ ਜ਼ਮੀਨ ਨੂੰ ਜ਼ਹਿਰੀ ਕਰ ਰਿਹਾ ਹੈ।
ਮਾਸਟਰ ਜਸਵੀਰ ਸਿੰਘ ਦਾ ਮੰਨਣਾ ਹੈ ਕਿ ਹਰੀ ਕ੍ਰਾਂਤੀ ਤਕਨਾਲੋਜੀ ਨੇ ਸਿੱਧੇ ਅਤੇ ਅਸਿੱਧੇ ਤੌਰ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ਜਿਵੇਂ ਵਾਤਾਵਰਨ ਵਿੱਚ ਗਿਰਾਵਟਾ ਆਉਣਾ, ਜ਼ਮੀਨ ਦਾ ਖੁਰਨਾ, ਧਰਤੀ ਉਤਲੇ ਤੇ ਹੇਠਲੇ ਪਾਣੀ ਦਾ ਪ੍ਰਦੂਸ਼ਤ ਹੋਣਾ,ਗ੍ਰੀਨ ਹਾਊਸ ਗੈਸਾਂ ਦਾ ਪੈਦਾ ਹੋਣਾ ,ਜੀਵ ਵਿਭੰਨਤਾ ਦਾ ਘਟਨਾ, ਜ਼ਮੀਨ ਦੀ ਸਿਹਤ ਉੱਪਰ ਬੁਰਾ ਪ੍ਰਭਾਵ ਪੈਣਾ,ਕੀਟਾਂ ਅਤੇ ਨਦੀਨਾਂ ਦਾ ਜ਼ਹਿਰਾਂ ਨਾਲ ਟਾਕਰਾ ਕਰਨ ਵਿੱਚ ਅਸਮਰੱਥ ਰਹਿਣਾ।ਉਨ੍ਹਾਂ ਅਨੁਸਾਰ ਲੰਮੇ ਸਮੇਂ ਤੱਕ ਬਰਕਰਾਰ ਰਹਿਣ ਵਾਲੇ ਤਰੀਕਿਆਂ ਦੀ ਲੋੜ ਹੈ।ਜੈਵਿਕ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਦਸ ਕੁ ਸਾਲ ਪਹਿਲਾਂ ਹੀ ਵੱਧਣ ਫੁਲਣ ਲੱਗੀ ਹੈ।ਅਤੇ ਇਸ ਖੇਤੀ ਅਪਣਾਉਣ ਵਾਲੇ ਕਿਸਾਨਾਂ ਦੀ ਆਮਦਨ ਤੀਹ ਫੀਸਦੀ ਤੱਕ ਵਧੀ ਹੈ ਅਤੇ ਕੁਦਰਤੀ ਖੇਤੀ ਢੰਗਾਂ ਦੀ ਵਰਤੋਂ ਨਾਲ ਵੀ ਵੀ ਸੁਧਰੀ ਹੈ।
ਮਾਸਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਸਲਾਂ ਦੀ ਵੰਨ ਸੁਵੰਨਤਾ ਲਈ ਇੱਕੋ ਵਾਰੀ 'ਚ ਕਈ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਸਾਰੀਆਂ ਹੀ ਫ਼ਸਲਾਂ, ਪਸ਼ੂਆਂ ਲਈ ਹਰਾ ਚਾਰਾ ਅਤੇ ਫਲ ਬਿਨਾਂ ਕਿਸੇ ਰੇਲ ਸਪਰੇਅ ਤੋਂ ਹੋ ਰਹੇ ਹਨ ਅਤੇ ਜਿਨ੍ਹਾਂ ਦਾ ਝਾੜ ਵੀ ਬਹੁਤ ਵਧੀਆ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਖੇਤੀ ਫਾਰਮ ਵਿੱਚੋਂ ਤਿਆਰ ਸਬਜ਼ੀਆਂ ਫਲ ਆਦਿ ਪਿੰਗਲਵਾੜਾ ਵਿੱਚ ਰਹਿ ਰਹੇ ਲੋੜਵੰਦ ਅੰਗਹੀਣ ਅਤੇ ਲਾਵਾਰਸ ਲੋਕਾਂ ਲਈ ਭੇਜਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਕੁਦਰਤੀ ਫਾਰਮ ਉੱਪਰ ਹੀ ਦੇਸੀ ਗਾਵਾਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬਿਨਾਂ ਸਪਰੇਅ ਤੋਂ ਚਾਰਾ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਖੇਤੀ ਫਾਰਮ ਕੋਲ ਹਜ਼ਾਰਾਂ ਦਰੱਖ਼ਤ ਹੋਣ ਕਰਕੇ ਹਰ ਸਾਲ ਦਸੰਬਰ ਦੇ ਮਹੀਨੇ ਅਨੇਕਾਂ ਪ੍ਰਵਾਸੀ ਪੰਛੀ ਇਸ ਫਾਰਮ ਦੇ ਆਸ ਪਾਸ ਦਰੱਖਤਾਂ ਉੱਪਰ ਆਉਂਦੇ ਹਨ।ਉਨ੍ਹਾਂ ਕਿਹਾ ਕਿ ਸਮਾਜ ਅਤੇ ਕਿਸਾਨਾਂ ਨੂੰ ਪਾਣੀ, ਹਵਾ ਤੇ ਧਰਤੀ ਨੂੰ ਤੰਦਰੁਸਤ ਸਾਫ ਸੁਥਰਾ ਰੱਖਣ ਲਈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤੇ ਇਹੀ ਸਾਨੂੰ ਗੁਰਬਾਣੀ ਸਿਖਾਉਂਦੀ ਹੈ।ਮਾਸਟਰ ਰਾਜਬੀਰ ਸਿੰਘ ਨੇ ਕਿਹਾ ਕਿ ਅੱਜ ਹਜ਼ਾਰਾਂ ਦਰੱਖਤ ਕੱਟੇ ਜਾ ਰਹੇ ਹਨ ਪਰ ਉਸ ਦੀ ਜਗ੍ਹਾ 'ਤੇ ਨਵੇਂ ਨਹੀਂ ਲਾਏ ਜਾਂਦੇ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਫਾਰਮ ਕਰਕੇ ਉਨ੍ਹਾਂ ਨੂੰ ਕੇੰਦਰ ਸਰਕਾਰ ਵੱਲੋਂ ਪਦਮ ਵਿਭੂਸ਼ਣ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਅਨੇਕਾਂ ਮਾਣ ਸਨਮਾਨ ਮਿਲ ਚੁੱਕੇ ਹਨ।
ਮਾਸਟਰ ਰਾਜਬੀਰ ਸਿੰਘ ਹੁਰਾਂ ਦੱਸਿਆ ਕਿ ਪੰਗਲਵਾੜਾ ਕੁਦਰਤੀ ਖੇਤੀ ਪ੍ਰਤੀ ਕਿਸਾਨਾਂ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਾਹਿਤ ਦੀ ਵੀ ਵਰਤੋਂ ਕਰਦਾ ਹੈ। ਇਸ ਸਾਹਿਤ ਰਾਹੀਂ ਸੰਗਤ ਨੂੰ ਕੁਦਰਤੀ ਖੇਤੀ ਦੀਆਂ ਵਿਧੀਆਂ, ਫਾਇਦਆਂ ਅਤੇ ਨਵੀਂਆਂ ਕਾਂਢਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।