ਪੰਜਾਬ

punjab

Daily Hukamnama 4 April : ਮੰਗਲਵਾਰ, ੨੨ ਚੇਤ, ੪ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

By

Published : Apr 4, 2023, 6:52 AM IST

Daily Hukamnama 04 April, 2023 : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਅਤੇ 'ਨਾਮਾ' ਦਾ ਮਤਲਬ - ਨਾਮਹ, ਖ਼ਤ, ਪੱਤਰ, ਚਿੱਠੀ, ਲਿਖਿਆ ਹੋਇਆ ਕਾਗਜ਼ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ ਜਿਸ ਨੂੰ ਮੰਨਣਾ ਜ਼ਰੂਰੀ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

Daily Hukamnama
Daily Hukamnama

Daily Hukamnama 4 April : ਮੰਗਲਵਾਰ, ੨੨ ਚੇਤ, ੪ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਅੱਜ ਦਾ ਮੁੱਖਵਾਕ

ਰਾਮਕਲੀ ਮਹਲਾ ਤੀਜਾ ਅਨੰਦੁ, ੴ ਸਤਿਗੁਰ ਪ੍ਰਸਾਦਿ ॥

ਵਿਆਖਿਆ:

ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪ੍ਰਮਾਤਮਾ ਆਪ ਹੀ ਇਹ ਹੁਕਮ ਵਰਤਾਉਂਦਾ ਹੈ ਕਿ ਮਾਇਆ ਦਾ ਜੋਰ ਜੀਵਾਂ ਉੱਤੇ ਪਿਆ ਰਹੇ। ਪ੍ਰਭੂ ਆਪ ਹੀ ਇਹ ਹੁਕਮ ਵਰਤਾਉਂਦਾ ਹੈ ਕਿ ਆਪ ਹੀ ਇਹ ਖੇਡ ਵੇਖਦਾ ਹੈ ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ। ਕਿਸੇ ਵਿਰਲੇ ਨੂੰ ਹੀ ਗੁਰੂ ਰਾਹੀਂ ਇਸ ਖੇਡ ਦੀ ਸੂਝ ਦਿੰਦਾ ਹੈ। ਜਿਸ ਨੂੰ ਸੂਝ ਬਖ਼ਸ਼ਦਾ ਹੈ, ਉਸ ਦੇ ਮਾਇਆ ਮੋਹ ਦੇ ਬੰਧਨ ਤੋੜ ਦਿੰਦਾ ਹੈ। ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ, ਕਿਉਂਕਿ ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਯੋਗ, ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦਿੰਦਾ ਹੈ। ਉਹ ਮਨੁੱਖ ਇਕ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤਿ ਜੋੜਦਾ ਹੈ। ਉਸ ਦੇ ਅੰਦਰ ਆਤਮਿਕ ਆਨੰਦ ਬਣਦਾ ਹੈ ਅਤੇ ਉਹ ਮਾਇਆ ਮੋਹ ਵਿਚੋਂ ਨਿਕਲਦਾ ਹੈ।

ਨਾਨਕ ਆਖਦਾ ਹੈ- ਪ੍ਰਮਾਤਮਾ ਖੁਦ ਹੀ ਜੀਵ ਆਤਮਾ ਉੱਤੇ ਮਾਇਆ ਦੀ ਰਚਨਾ ਕਰਦਾ ਹੈ ਅਤੇ ਆਪ ਹੀ ਕਿਸੇ ਵਿਰਲੇ ਨੂੰ ਇਹ ਸੂਝ ਬਖ਼ਸ਼ਦਾ ਹੈ ਕਿ ਮਾਇਆ ਦਾ ਪ੍ਰਭਾਵ ਵੀ ਉਸ ਦਾ ਆਪਣਾ ਹੀ ਹੁਕਮ ਜਗਤ ਵਿੱਚ ਵਰਤ ਰਿਹਾ ਹੈ। ਸਿੰਮ੍ਰਿਤੀਆਂ ਸ਼ਾਸਤ ਆਦਿ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ ਇਨ੍ਹਾਂ ਪੁਸਤਕਾਂ ਅਨੁਸਾਰ ਪਾਪ ਕੀ ਹੈ ਅਤੇ ਪੁੰਨ ਕੀ ਹੈ? ਉਨ੍ਹਾਂ ਨੂੰ ਆਤਮਿਕ ਆਨੰਦ ਦਾ ਰਸ ਨਹੀਂ ਆ ਸਕਦਾ। ਇਹ ਗੱਲ ਯਕੀਨੀ ਜਾਣੋ ਕਿ ਸਤਿਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਆਤਮਿਕ ਆਨੰਦ ਦਾ ਰਸ ਨਹੀਂ ਆ ਸਕਦਾ, ਜਗਤ ਤਿੰਨਾਂ ਗੁਣਾਂ ਵਿੱਚ ਹੀ ਭੱਟਕ ਕੇ ਗ਼ਾਫ਼ਿਲ ਹੋਇਆ ਹੈ। ਮਾਇਆ ਮੋਹ ਵਿੱਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ। ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ। ਮੋਹ ਦੀ ਨੀਂਦ ਵਿਚੋਂ ਗੁਰੂ ਦੀ ਕ੍ਰਿਪਾ ਨਾਲ ਸਿਰਫ਼ ਉਹ ਮਨੁੱਖ ਜਾਗਦੇ ਹਨ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵੱਸਦਾ ਹੈ, ਜੋ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹਿ ਦੀ ਬਾਣੀ ਉਚਾਰਦੇ ਹਨ।

ਨਾਨਕ ਆਖਦਾ ਹਨ- ਉਹੀ ਮਨੁੱਖ ਆਤਮਿਕ ਆਨੰਦ ਮਾਣਦਾ ਹੈ, ਜੋ ਹਰ ਵੇਲ੍ਹੇ ਪ੍ਰਭੂ ਦੀ ਯਾਦ ਦੀ ਲਗਨ ਵਿੱਚ ਟਿਕਿਆ ਰਹਿੰਦਾ ਹੈ ਅਤੇ ਜਿਸ ਦੀ ਉਮਰ ਇਸ ਤਰ੍ਹਾਂ ਮੋਹ ਦੀ ਨੀਂਦ ਵਿੱਚ ਜਾਗਦਿਆਂ ਬੀਤਦੀ ਹੈ।੨। ਜੇ ਆਤਮਿਕ ਆਨੰਦ ਪ੍ਰਾਪਤ ਕਰਨਾ ਹੈ, ਤਾਂ ਉਸ ਪ੍ਰਮਾਤਮਾ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿੱਚ ਵੀ ਪੱਲਦਾ ਹੈ, ਇੰਨੇ ਵੱਡੇ ਦਾੜੋ ਨੂੰ ਮਨੋਂ ਭੁਲਾਉਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਦੇ ਅੰਗ ਵਿਚ ਵੀ ਖ਼ੁਰਾਕ ਅਪੜਾਉਂਦਾ ਹੈ। ਇਹ ਮੋਹ ਹੀ ਹੈ, ਜੋ ਆਨੰਦ ਤੋਂ ਵਾਂਝਾ ਰੱਖਦਾ ਹੈ, ਪਰ ਉਸ ਬੰਦੇ ਨੂੰ ਮੋਹ ਆਦਿ ਕੁਝ ਵੀ ਖੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ। ਪਰ, ਜੀਵ ਦੇ ਵੱਸ ਕੀ? ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤਿ ਦਿੰਦਾ ਹੈ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।

ਨਾਨਕ ਆਖਦੇ ਹਨ- ਜੋ ਆਤਮਿਕ ਆਨੰਦ ਦੀ ਲੋੜ ਹੈ, ਤਾਂ ਇੰਨੇ ਵੱਡੇ ਦਾਤਾ ਪ੍ਰਭੂ ਨੂੰ ਕਦੇ ਵੀ ਮਨ ਚੋਂ ਵਿਸਾਰਣਾ ਨਹੀਂ ਚਾਹੀਦਾ।੨੮। ਜਿਵੇਂ ਮਾਂ ਦੇ ਪੇਟ ਵਿੱਚ ਅੱਗ ਹੈ, ਤਿਵੇਂ ਬਾਹਰ ਜਗਤ ਵਿੱਚ ਮਾਇਆ ਦੁਖਦਾਈ ਹੈ। ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਅਜਿਹੀ ਹੀ ਖੇਡ ਰਚਾਈ ਹੈ, ਜਦੋਂ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ, ਜੀਵ ਪੈਦਾ ਹੁੰਦਾ ਹੈ। ਪਰਿਵਾਰ ਵਿੱਚ ਪਿਆਰਾ ਲੱਗਦਾ ਹੈ, ਪਰਿਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ। ਮਾਇਆ ਦੀ ਤ੍ਰਿਸ਼ਨਾ ਆ ਚੰਗੜ ਜਾਂਦੀ ਹੈ।

ਮਾਇਆ ਉਸ ਉੱਤੇ ਆਪਣਾ ਜ਼ੋਰ ਪਾ ਲੈਂਦੀ ਹੈ। ਮਾਇਆ ਹੈ ਹੀ ਅਜਿਹੀ ਕਿ ਇਸ ਦੀ ਰਾਹੀਂ ਰੰਗ ਭੁੱਲ ਜਾਂਦਾ ਹੈ। ਦੁਨੀਆ ਦਾ ਮੋਹ ਪੈਦਾ ਹੋ ਜਾਂਦਾ ਹੈ, ਰੱਬ ਤੋਂ ਬਿਨਾਂ ਹੋਰ ਹੋਰ ਪਿਆਰ ਉਪਜ ਪੈਂਦਾ ਹੈ। ਫਿਰ ਅਜਿਹੀ ਹਾਲਤ ਵਿੱਚ ਆਤਮਿਕ ਆਨੰਦ ਕਿਥੋਂ ਮਿਲੇ। ਨਾਨਕ ਆਖਦੇ ਹਨ- ਗੁਰੂ ਦੀ ਕ੍ਰਿਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ, ਉਨ੍ਹਾਂ ਨੂੰ ਮਾਇਆ ਵਿੱਚ ਵਰਤਦਿਆਂ ਹੀ ਆਤਮਿਕ ਆਨੰਦ ਮਿਲ ਪੈਂਦਾ ਹੈ। ਜਦੋਂ ਤੱਕ ਪ੍ਰਮਾਤਮਾ ਦਾ ਮਿਲਾਪ ਨਾ ਹੋਵੇ, ਉਦੋ ਤੱਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ। ਜੋ ਅਜਿਹਾ ਗੁਰੂ ਮਿਲ ਪਏ ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ ਭਾਵ (ਹਊਮੈਂ-ਮੈਂ) ਨਿਕਲ ਜਾਵੇ ਅਤੇ ਜਿਸ ਗੁਰੂ ਦੇ ਮਿਲਿਆਂ ਜੀਵ ਉਸ ਹਰੀ ਦੇ ਚਰਨਾਂ ਵਿੱਚ ਜੁੜਿਆ ਰਹੇ। ਉਹ ਹਰਿ ਉਸ ਦੇ ਮਨ ਵਿੱਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ, ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ। ਆਪਣਾ ਆਪ ਸਮਰਪਿਤ ਕਰ ਦੇਣਾ ਚਾਹੀਦਾ ਹੈ। ਹੇ ਨਾਨਕ, ਪ੍ਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ। ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ ਪ੍ਰਮਾਤਮਾ ਜਿਨ੍ਹਾਂ ਨੂੰ ਗੁਰੂ ਦੇ ਲੜ ਲਾ ਦਿੰਦਾ ਹੈ, ਉਨ੍ਹਾਂ ਦੇ ਭਾਗ ਜਾਗ ਜਾਂਦੇ ਹਨ। ਉਹ ਆਤਮਿਕ ਆਨੰਦ ਮਾਣਦੇ ਹਨ।੩੦।

ਇਹ ਵੀ ਪੜ੍ਹੋ:Sarbat Khalsa: ਕੀ ਸਰਬੱਤ ਖਾਲਸਾ ਸੱਦਣ ਲਈ ਦੁਚਿੱਤੀ 'ਚ ਨੇ ਜਥੇਦਾਰ ਅਕਾਲ ਤਖ਼ਤ, ਯੂਨਾਇਟਿਡ ਅਕਾਲੀ ਦਲ ਨੇ ਕੀਤਾ ਸਵਾਲ

ABOUT THE AUTHOR

...view details