ਪੰਜਾਬ

punjab

ਹੁਣ ਮਹਿਲਾਵਾਂ ਵੀ ਲੱਗੀਆਂ ਕਰਨ ਤਸਕਰੀ, 15 ਕਿਲੋ ਭੁੱਕੀ ਚੂਰਾ ਪੋਸਤ ਨਾਲ ਔਰਤ ਕਾਬੂ

By

Published : Aug 17, 2023, 5:17 PM IST

ਅੰਮ੍ਰਿਤਸਰ ਦਿਹਾਤੀ ਦੀ ਬਿਆਸ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਕਾਰਵਾਈ 'ਚ ਇੱਕ ਮਹਿਲਾ ਨੂੰ 15 ਕਿਲੋਂ ਭੁੱਕੀ ਚੂਰਾ ਪੋਸਤ ਨਾਲ ਕਾਬੂ ਕੀਤਾ ਹੈ। ਜਿਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਪੁਲਿਸ ਵਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

woman with 15 kg poppy seeds
ਹੁਣ ਮਹਿਲਾਵਾਂ ਵੀ ਲੱਗੀਆਂ ਕਰਨ ਤਸਕਰੀ

15 ਕਿਲੋ ਭੁੱਕੀ ਚੂਰਾ ਪੋਸਤ ਨਾਲ ਔਰਤ ਕਾਬੂ

ਅੰਮ੍ਰਿਤਸਰ: ਪੰਜਾਬ ਪੁਲਿਸ ਵਲੋਂ ਸੂਬੇ 'ਚ ਨਸ਼ਾ ਤਸਕਰੀ ਨੂੰ ਖ਼ਤਮ ਕਰਨ ਲਈ ਵੱਡੇ ਪੈਮਾਨੇ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਪੁਲਿਸ ਵਲੋਂ ਕਈ ਤਸਕਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਤੇ ਨਾਕਾਬੰਦੀ ਅਤੇ ਗਸ਼ਤ ਵੀ ਲਗਾਤਾਰ ਵਧਾ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦਿਹਾਤੀ ਦੀ ਬਿਆਸ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਜਿਸ ਦੌਰਾਨ ਪੁਲਿਸ ਨੇ ਗਸ਼ਤ ਕਰਦੇ ਹੋਏ ਇਕ ਔਰਤ ਨੂੰ ਭਾਰੀ ਮਾਤਰਾ 'ਚ ਭੁੱਕੀ ਸਣੇ ਕਾਬੂ ਕੀਤਾ ਹੈ, ਜਦਕਿ ਉਸ ਦਾ ਪਤੀ ਪੁਲਿਸ ਪਾਰਟੀ ਨੂੰ ਦੇਖ ਉਸਨੂੰ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਿਆ ਹੈ।

ਨਸ਼ੇ ਦੇ ਵਪਾਰੀਆਂ ਖਿਲਾਫ਼ ਸ਼ਪੈਸ਼ਲ ਮੁਹਿੰਮ ਚਲਾਈ:ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਸਤਿੰਦਰ ਸਿੰਘ (ਆਈ.ਪੀ.ਐਸ) ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਦੇ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦੇ ਵਪਾਰੀਆਂ ਖਿਲਾਫ਼ ਸ਼ਪੈਸ਼ਲ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਬਿਆਸ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪਿੰਡ ਰਈਆ ਮੌਜੂਦ ਸੀ ਕਿ ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਇਕ ਆਦਮੀ ਅਤੇ ਉਸਦੇ ਪਿੱਛੇ ਇੱਕ ਔਰਤ ਬੈਠੀ ਹੋਈ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਚਾਲਕ ਵਿਅਕਤੀ ਮੋਟਰਸਾਈਕਲ ਸੁੱਟ ਕੇ ਮੌਕੇ ਤੋ ਭੱਜ ਗਿਆ ਤੇ ਔਰਤ ਨੂੰ ਕਾਬੂ ਕਰ ਲਿਆ ਗਿਆ ਹੈ।

ਮਹਿਲਾ ਕੋਲੋਂ ਭੁੱਕੀ ਚੂਰਾ ਪੋਸਤ ਬਰਾਮਦ : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੀ ਔਰਤ ਬਿਆਸ ਦੇ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਹੈ, ਜਿਸ ਦੇ ਪਤੀ ਦਾ ਨਾਮ ਰਾਬੀਆ ਸਿੰਘ ਹੈ, ਜੋ ਮੌਕੇ ਤੋਂ ਪੁਲਿਸ ਨੂੰ ਚਖਮਾ ਦੇਕੇ ਫ਼ਰਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੀ ਕਥਿਤ ਮੁਲਜ਼ਮ ਔਰਤ ਕੋਲੋਂ 15 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ। ਜਿਸ 'ਤੇ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਔਰਤ ਖਿਲਾਫ ਥਾਣਾ ਬਿਆਸ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ।

ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ: ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੱਜਣ ਵਿੱਚ ਕਾਮਯਾਬ ਹੋਏ ਰਾਬੀਆ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਔਰਤ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਉਸ ਕੋਲੋਂ ਅਗਲੇਰੀ ਪੁੱਛ ਪੜਤਾਲ ਕੀਤੀ ਜਾਵੇਗੀ।

ABOUT THE AUTHOR

...view details