ਪੰਜਾਬ

punjab

ਅਕਾਲ ਪੁਰਖ ਦੀ ਫੌਜ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਉਪਰਾਲਾ, ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੜਨ ਲਈ ਕਰਵਾਇਆ ਸਲਾਨਾ ਸਮਾਗਮ

By ETV Bharat Punjabi Team

Published : Dec 25, 2023, 4:37 PM IST

SADA VIRSA SADA PARWAR PROGRAM: ਅੰਮ੍ਰਿਤਸਰ ਵਿੱਚ ਅਕਾਲ ਪੁਰਖ ਕੀ ਫੌਜ ਸੰਸਥਾ ਵੱਲੋਂ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਦਾ ਅਯੋਜਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਅੰਦਰ ਛੋਟੇ ਬੱਚਿਆਂ ਨੇ ਸ਼ਮੂਲੀਅਤ ਕੀਤੀ।

An annual event organized by a social service organization in Amritsar to connect the new generation with Sikhism
ਅਕਾਲ ਪੁਰਖ ਦੀ ਫੌਜ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਉਪਰਾਲਾ, ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੜਨ ਲਈ ਕਰਵਾਇਆ ਸਲਾਨਾ ਸਮਾਗਮ

ਜਸਵਿੰਦਰ ਸਿੰਘ ਐਡਵੋਕੇਟ, ਮੁੱਖ ਸੇਵਾਦਾਰ

ਅੰਮ੍ਰਿਤਸਰ:ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਏ ਸਿੱਖ ਪੰਥ ਦੇ ਸੇਵਾਦਾਰਾਂ ਅਤੇ ਗੁਰੂ ਸਹਿਬਾਨਾਂ ਨੇ ਧਰਮ ਅਤੇ ਸੱਚਾਈ ਦੀ ਰਾਹ ਉੱਤੇ ਚੱਲਦਿਆਂ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਕੁਰਬਾਨੀਆਂ ਦਾ ਸਿਖ਼ਰ ਦਸੰਬਰ ਮਹੀਨੇ ਮਨਾਏ ਜਾ ਰਹੇ ਪੰਦਰਵਾੜੇ ਨੂੰ ਹੋਇਆ ਸੀ, ਜਦੋਂ ਮੁਗਲ ਸਲਤਨਤ (Mughal Empire) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੂਰੇ ਪਰਿਵਾਰ ਅਤੇ ਹਜ਼ਾਰਾਂ ਸਿੱਖਾਂ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿੱਤਾ ਸੀ। ਧਰਮ ਅਤੇ ਕੌਮ ਲਈ ਦਿੱਤੀ ਗਈ ਇਸ ਮਹਾਨ ਸ਼ਹਾਦਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਖਾਸ ਉਪਰਾਲਾ ਅਕਾਲ ਪੁਰਖ ਕੀ ਫੌਜ ਸੰਸਥਾ ਵੱਲੋਂ ਕੀਤਾ ਗਿਆ।

1000 ਬੱਚਿਆਂ ਨੇ ਭਾਗ ਲਿਆ: ਅਕਾਲ ਪੁਰਖ ਕੀ ਫੌਜ਼ ਵੱਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ” ਪ੍ਰੋਗਰਾਮ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਸਾਹਮਣੇ ਸਕੱਤਰੀ ਬਾਗ ਵਿਖੇ 25 ਦਸੰਬਰ, 2023 ਦਿਨ ਸੋਮਵਾਰ ਨੂੰ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੁਮਾਲਾ ਮੁਕਾਬਲਾ, ਦਸਤਾਰ ਮੁਕਾਬਲਾ, ਕਵਿਤਾ ਮੁਕਾਬਲਾ, ਸਲੋਗਨ ਮੁਕਾਬਲਾ ਅਤੇ ਭੁਝੰਗੀ ਖਾਲਸਾ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਸ਼ਹਿਰ (Amritsar City) ਦੇ ਕਰੀਬ 1000 ਬੱਚਿਆਂ ਨੇ ਭਾਗ ਲਿਆ।

ਸਿੱਖ ਇਤਿਹਾਸ ਨਾਲ ਜੋੜਨਾ ਸਮਾਗਮ ਦਾ ਮਕਸਦ:ਇਸ ਮੌਕੇ ਉੱਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਬੋਲਦਿਆਂ ਕਿਹਾ ਕਿ ਛੋਟੇ–ਛੋਟੇ ਬੱਚੇ ਖਾਲਸਾਈ ਬਾਣੇ ਵਿੱਚ ਸਜੇ ਹੋਏ ਵੇਖਣਾ ਹੀ ਸਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕੌਮ ਦੇ ਸ਼ਾਨਾਮੱਤੇ ਅਤੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਦੇਣ ਤਾਂ ਜੋ ਬੱਚੇ ਬਾਣੇ ਅਤੇ ਬਾਣੀ ਵਿੱਚ ਪੂਰੇ ਹੋ ਸਕਣ। ਬੱਚਿਆਂ ਨੂੰ ਸਿੱਖ ਹੋਣ ਉੱਤੇ ਮਾਣ ਉਦੋਂ ਹੀ ਹੋਵੇਗਾ ਜਦੋਂ ਉਹ ਆਪਣੇ ਮਹਾਨ ਇਤਿਹਾਸ ਤੋਂ ਜਾਣੂ ਹੋਣਗੇ, ਜਿਸ ਨਾਲ ਦਸਤਾਰ ਰੂਪੀ ਨਿਸ਼ਾਨ ਹਮੇਸ਼ਾ ਸਿਰ ਉੱਤੇ ਝੂਲਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਇਹ ਕੁਰਬਾਨੀਆਂ ਬਾਲਪਣ ਵਿੱਚ ਨਹੀਂ ਦਿੱਤੀਆਂ ਸਗੋਂ ਗੁਰਮਤਿ ਦੀ ਰੌਸ਼ਨੀ ਵਿੱਚ ਜੀਵਨ ਜਿਉਂਦਿਆਂ ਬਾ-ਕਮਾਲ ਸੂਝ-ਬੂਝ ਅਤੇ ਸਿਆਪਣ ਵਿੱਚ ਦਿੱਤੀਆਂ ਹਨ। ਜਿਸ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿੱਧਰੇ ਵੀਂ ਨਹੀਂ ਮਿਲਦੀ ਹੈ। ਉੱਥੇ ਹੀ ਸਮਾਗਮ ਵਿੱਚ ਆਏ ਹੋਏ ਛੋਟੇ-ਛੋਟੇ ਬੱਚਿਆਂ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਉੱਤੇ ਗੀਤ ਕਵਿਤਾਵਾਂ ਵੀ ਸੁਣਾਈਆਂ। ਪ੍ਰੋਗਰਾਮ ਮਗਰੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ABOUT THE AUTHOR

...view details