ਪੰਜਾਬ

punjab

Punjabi Youth Died in Philippines: ਅਟਾਰੀ ਦੇ 26 ਸਾਲਾ ਨੌਜਵਾਨ ਦੀ ਫਿਲਪੀਨਜ਼ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ

By ETV Bharat Punjabi Team

Published : Nov 8, 2023, 10:37 AM IST

ਅੰਮ੍ਰਿਤਸਰ ਦੇ ਸ਼ਰਹੱਦੀ ਇਲਾਕੇ ਅਟਾਰੀ ਦੇ 26 ਸਾਲਾ ਨੌਜਵਾਨ ਜਸਪਿੰਦਰ ਸਿੰਘ ਦੀ ਫਿਲਪੀਨਜ਼ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਅਨੁਸਾਰ ਜਦੋਂ ਵਿਦੇਸ਼ ਰਹਿੰਦਾ ਉਨ੍ਹਾਂ ਦਾ ਨੌਜਵਾਨ ਪੁੱਤ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਮੋਟਰਸਾਇਕਲ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਵਿਦੇਸ਼ 'ਚ ਨੌਜਵਾਨ ਦੀ ਮੌਤ
ਵਿਦੇਸ਼ 'ਚ ਨੌਜਵਾਨ ਦੀ ਮੌਤ

ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ:ਵਿਦੇਸ਼ਾਂ ਨੂੰ ਪੰਜਾਬੀ ਨੌਜਵਾਨ ਜਾਂਦੇ ਤਾਂ ਆਪਣੇ ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਹਨ ਪਰ ਉਥੇ ਕਈ ਵਾਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦੇ ਚੱਲਦੇ ਉਹ ਇਸ ਫਾਨੀ ਸੰਸਾਰ ਤੱਕ ਨੂੰ ਛੱਡ ਦਿੰਦੇ ਹਨ। ਅਜਿਹਾ ਹੀ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਜਸਪਿੰਦਰ ਸਿੰਘ ਨਾਲ ਹੋਇਆ ਹੈ। ਜੋ ਆਪਣੇ ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਕਰੀਬ ਛੇ ਸਾਲ ਪਹਿਲਾਂ ਫਿਲਪੀਨਜ਼ ਗਿਆ ਸੀ ਪਰ ਉਥੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਜਾਨ ਚਲੀ ਗਈ। ਨੌਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।

ਘਰ ਦੀ ਗਰੀਬੀ ਦੂਰ ਕਰਨ ਗਿਆ ਸੀ ਨੌਜਵਾਨ ਵਿਦੇਸ਼: ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਿੰਡ ਅਤੇ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪਿੰਡ ਦੇ ਲੋਕ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁਹੰਚ ਰਹੇ ਹਨ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਜਸਪਿੰਦਰ ਸਿੰਘ 6 ਸਾਲ ਪਹਿਲਾਂ ਮਨੀਲਾ ਦੇ ਫਿਲੀਪੀਨਜ਼ ਇਲਾਕੇ ਵਿਚ ਘਰ ਦੇ ਮਾੜੇ ਹਲਾਤਾਂ ਨੂੰ ਸੁਧਾਰਨ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਗਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।

ਡਿਊਟੀ ਤੋਂ ਆਉਂਦੇ ਸਮੇਂ ਵਾਪਰ ਗਿਆ ਸੀ ਹਾਦਸਾ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਥੇ ਫਾਇਨੈਂਸ ਕੰਪਨੀ ਵਿਚ ਕੰਮ ਕਰਦਾ ਸੀ ਤੇ ਐਤਵਾਰ ਨੂੰ ਘਰ ਆਉਂਦੇ ਸਮੇਂ ਪਹਾੜੀ ਇਲਾਕੇ ਵਿਚ ਉਸ ਦੇ ਮੋਟਰਸਾਇਕਲ ਦੀ ਬਰੇਕ ਫੇਲ੍ਹ ਹੋ ਜਾਣ ਕਰਕੇ ਸੜਕ ਦੇ ਕਿਨਾਰਿਆਂ 'ਤੇ ਲੱਗੇ ਡੰਡਿਆਂ ਨਾਲ ਉਸ ਦਾ ਸਿਰ ਟਕਰਾ ਗਿਆ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਲਾਜ ਲਈ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਵਾਰਿਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਨੂੰ ਆਪਣੇ ਹੱਥੀ ਕਰ ਸਕਣ।

ABOUT THE AUTHOR

...view details