ਚੰਡੀਗੜ੍ਹ:ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 ਮੈਚ 'ਚ ਭਾਰਤੀ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੈਚ 'ਚ ਉਮਰਾਨ ਮਲਿਕ ਦੀ ਗੇਂਦਬਾਜ਼ੀ ਦਾ ਕਹਿਰ ਦੇਖਣ ਨੂੰ ਮਿਲਿਆ। ਉਸ ਨੇ ਇਸ ਮੈਚ ਦੇ 2.1 ਓਵਰਾਂ ਵਿੱਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਇਸ ਨੂੰ ਦੇਖ ਕੇ ਨਿਊਜ਼ੀਲੈਂਡ ਟੀਮ ਦੇ ਬੱਲੇਬਾਜ਼ ਤਾੜੀਆਂ ਮਾਰਦੇ ਰਹੇ। ਇਸ ਮੈਚ ਵਿੱਚ ਭਾਰਤੀ ਟੀਮ ਨੇ 168 ਦੌੜਾਂ ਨਾਲ ਜਿੱਤ ਦਰਜ ਕਰਕੇ ਰਿਕਾਰਡ ਕਾਇਮ ਕੀਤਾ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ।
ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ ਜਦੋਂ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਈਕਲ ਬ੍ਰੇਸਵੇਲ ਨੂੰ ਬੋਲਡ ਕੀਤਾ ਤਾਂ ਉਮਰਾਨ ਨੇ ਲਗਭਗ 150 ਕਿਲੋ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਗੇਂਦ ਦੀ ਰਫ਼ਤਾਰ ਕਾਰਨ ਵਿਕਟ ਉੱਤੇ ਰੱਖੀ ਗਈ ਬੇਲ ਕੀਪਰ ਅਤੇ ਸਲਿੱਪ ਦੇ ਉੱਤੋਂ ਹੁੰਦੀ ਹੋਈ 30 ਗਜ਼ ਦੀ ਦੂਰੀ 'ਤੇ ਡਿੱਗੀ ਇਹ ਨਜ਼ਾਰਾ ਦੇਖ ਨਿਊਜ਼ੀਲੈਂਡ ਦੀ ਟੀਮ ਹੈਰਾਨ ਹੋ ਗਈ। ਦੱਸ ਦੇਈਏ ਕਿ ਉਮਰਾਨ ਨੇ ਵਿਸ਼ਵ ਕ੍ਰਿਕਟ 'ਚ ਆਉਣ ਤੋਂ ਬਾਅਦ ਤੋਂ ਹੀ ਆਪਣੀ ਗੇਂਦਾਂ ਦੀ ਸਪੀਡ ਨਾਲ ਸਾਰਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।