ਪੰਜਾਬ

punjab

ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਤੋਂ ਉੱਠੇਗਾ ਪਰਦਾ, ਦੋ ਸ਼ੱਕੀਆਂ ਦੀ ਹੋਈ ਪਛਾਣ ਤੇ ਜਲਦ ਹੋ ਸਕਦੀ ਗ੍ਰਿਫ਼ਤਾਰੀ !

By ETV Bharat Punjabi Team

Published : Dec 28, 2023, 5:16 PM IST

Hardeep Singh Nijjar Murder Case Update: ਕੈਨੇਡਾ 'ਚ ਕਤਲ ਹੋਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਮਾਮਲੇ 'ਚ ਉਥੋਂ ਦੀ ਪੁਲਿਸ ਵਲੋਂ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ, ਜਿੰਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

Hardeep Singh Nijjar Murder
Hardeep Singh Nijjar Murder

ਚੰਡੀਗੜ੍ਹ: ਕੁਝ ਮਹੀਨੇ ਪਹਿਲਾਂ ਕੈਨੇਡਾ 'ਚ ਮਾਰੇ ਗਏ ਭਾਰਤ ਦੇ ਮੋਸਟ ਵਾਂਟੇਡ ਅਤੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਜਲਦ ਹੀ ਬੇਨਕਾਬ ਹੋ ਸਕਦਾ ਹੈ। ਕੈਨੇਡੀਅਨ ਪੁਲਿਸ ਨੇ ਇਸ ਕਤਲ ਵਿੱਚ ਸ਼ਾਮਲ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਖ਼ਿਲਾਫ਼ ਠੋਸ ਸਬੂਤ ਵੀ ਇਕੱਠੇ ਕੀਤੇ ਗਏ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਮਾਮਲੇ 'ਚ ਟਿਕੀਆਂ ਸਭ ਦੀਆਂ ਨਜ਼ਰਾਂ:ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਅਜਿਹੇ 'ਚ ਇਸ ਮਾਮਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਕਾਤਲਾਂ ਨੇ ਨਹੀਂ ਛੱਡਿਆ ਸੀ ਕੈਨੇਡਾ:ਕੈਨੇਡੀਅਨ ਅਖਬਾਰ ‘ਦ ਗਲੋਬ ਐਂਡ ਮੇਲ’ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਉਸ ਦੇ ਕਾਤਲਾਂ ਨੇ ਕੈਨੇਡਾ ਨਹੀਂ ਛੱਡਿਆ। ਉਹ ਕੈਨੇਡਾ ਵਿੱਚ ਹੀ ਰਹਿ ਰਹੇ ਹਨ। ਕੈਨੇਡੀਅਨ ਪੁਲਿਸ ਕਈ ਮਹੀਨਿਆਂ ਤੋਂ ਇਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਕਿਸੇ ਵੀ ਸਮੇਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

ਕਤਲ 'ਚ ਘੱਟੋ-ਘੱਟ 6 ਲੋਕਾਂ ਦਾ ਹੱਥ:ਇਸ ਦੇ ਨਾਲ ਹੀ 'ਦ ਵਾਸ਼ਿੰਗਟਨ ਪੋਸਟ' ਨੇ ਆਪਣੀ ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਵੱਡੇ ਪੱਧਰ ’ਤੇ ਯੋਜਨਾਬੱਧ ਕੀਤਾ ਗਿਆ ਸੀ। ਇਸ ਕਤਲੇਆਮ ਵਿੱਚ ਘੱਟੋ-ਘੱਟ 6 ਲੋਕ ਅਤੇ 2 ਕਾਰਾਂ ਸ਼ਾਮਲ ਸਨ। ਨਿੱਝਰ ਦੇ ਕਤਲ ਤੋਂ 20 ਮਿੰਟ ਬਾਅਦ ਮੌਕੇ ’ਤੇ ਪੁੱਜੀਆਂ ਪੁਲਿਸ ਟੀਮਾਂ ਵਿਚਾਲੇ ਜਾਂਚ ਨੂੰ ਲੈ ਕੇ ਵਿਵਾਦ ਵੀ ਹੋ ਗਿਆ ਸੀ। ਵਾਸ਼ਿੰਗਟਨ ਪੋਸਟ ਨੇ ਸੀਸੀਟੀਵੀ ਫੁਟੇਜ ਅਤੇ ਘਟਨਾ ਦੇ ਸਮੇਂ ਆਲੇ-ਦੁਆਲੇ ਮੌਜੂਦ ਲੋਕਾਂ ਦੇ ਇੰਟਰਵਿਊ ਦੇ ਆਧਾਰ 'ਤੇ ਆਪਣੀ ਰਿਪੋਰਟ ਲਿਖੀ ਹੈ।

ਫਰਜ਼ੀ ਪਾਸਪੋਰਟ 'ਤੇ ਗਿਆ ਕੈਨੇਡਾ:ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਝਰ ਅਸਲ ਵਿੱਚ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਸੀ। ਉਹ 1996 'ਚ ਫਰਜ਼ੀ ਪਾਸਪੋਰਟ 'ਤੇ ਕੈਨੇਡਾ ਚਲਾ ਗਿਆ ਅਤੇ 2007 'ਚ ਉਥੋਂ ਦੀ ਨਾਗਰਿਕਤਾ ਹਾਸਲ ਕੀਤੀ। ਇਸ ਦੇ ਨਾਲ ਹੀ ਉਸ ਵਲੋਂ 2012 ਵਿੱਚ ਪਾਕਿਸਤਾਨ ਤੋਂ ਹਥਿਆਰਾਂ ਅਤੇ ਆਈਈਡੀ ਧਮਾਕੇ ਦੀ ਸਿਖਲਾਈ ਲਈ ਗੱਲ ਵੀ ਸਾਹਮਣੇ ਆਈ ਸੀ।

ਦੇਸ਼ ਵਿਰੋਧੀ ਗਤੀਵਿਧੀਆਂ ਕਾਰਨ ਮੋਸਟ ਵਾਂਟੇਡ: ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਉਸ ਦਾ ਨਾਂ ਭਾਰਤ ਦੇ 40 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ। 2020 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਉਸ ਦੇ ਕਤਲ ਤੋਂ ਬਾਅਦ ਭਾਰਤੀ ਜਾਂਚ ਏਜੰਸੀਆਂ ਨੇ ਉਸ ਦੀ ਜਲੰਧਰ ਸਥਿਤ ਜਾਇਦਾਦ ਕੁਰਕ ਕਰ ਲਈ ਸੀ।

ਕੈਨੇਡਾ ਪੀਐਮ ਦੇ ਭਾਰਤ ਦੇ ਦੋਸ਼: ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤਿਆਂ ਵਿੱਚ ਤਰੇੜ ਆ ਗਈ ਸੀ। ਹਾਲਾਂਕਿ ਨਿੱਝਰ ਦੇ ਕਤਲ ਨਾਲ ਜੁੜੇ ਨਵੇਂ ਖੁਲਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਦੀ ਥਿਊਰੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ।

ABOUT THE AUTHOR

...view details