ਪੰਜਾਬ

punjab

Raju Shrestha Upcoming Film: ਨਿਰਦੇਸ਼ਨ ਪਾਰੀ ਵੱਲ ਵਧੇ ਇਹ ਮਸ਼ਹੂਰ ਬਾਲੀਵੁੱਡ ਅਦਾਕਾਰ, ਬਾਲ ਕਲਾਕਾਰ ਵਜੋਂ ਖੱਟ ਚੁੱਕੇ ਨੇ ਚੋਖਾ ਨਾਮਣਾ

By ETV Bharat Entertainment Team

Published : Dec 23, 2023, 3:28 PM IST

Raju Shrestha New Project: ਮਸ਼ਹੂਰ ਬਾਲੀਵੁੱਡ ਅਦਾਕਾਰ ਮਾਸਟਰ ਰਾਜੂ ਆਪਣੀ ਨਵੀਂ ਨਿਰਦੇਸ਼ਨ ਪਾਰੀ ਵੱਲ ਵੱਧ ਰਹੇ ਹਨ। ਇਸ ਤੋਂ ਪਹਿਲਾਂ ਅਦਾਕਾਰ ਬਾਲ ਕਲਾਕਾਰ ਦੇ ਤੌਰ ਉਤੇ ਵੀ ਕਾਫੀ ਤਾਰੀਫ਼ ਖੱਟ ਚੁੱਕੇ ਹਨ।

Raju Shrestha New Project
Raju Shrestha New Project

ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਅਤੇ ਅਤਿ ਕਾਮਯਾਬ ਕਲਾਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਰਹੇ ਹਨ ਮਾਸਟਰ ਰਾਜੂ, ਜੋ ਹੁਣ ਬਤੌਰ ਨਿਰਦੇਸ਼ਕ ਇੱਕ ਨਵੇਂ ਸਿਨੇਮਾ ਸਫਰ ਵੱਲ ਵੱਧਦੇ ਨਜ਼ਰ ਆ ਰਹੇ ਹਨ, ਜਿੰਨਾਂ ਵੱਲੋਂ ਨਿਰਦੇਸ਼ਕ ਦੇ ਰੂਪ ਵਿੱਚ ਬਣਾਈ ਜਾ ਰਹੀ ਪਹਿਲੀ ਫਿਲਮ 'ਪਬਲਿਕ ਕਾ ਹੀਰੋ' ਅੱਜਕੱਲ੍ਹ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।

1970 ਦੇ ਦਸ਼ਕ ਦੌਰਾਨ ਬਾਲ ਅਦਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੇ ਮਾਸਟਰ ਰਾਜੂ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਮੁੰਬਈ ਦੇ ਸਿਨੇਮਾ ਗਲਿਆਰਿਆਂ ਵਿੱਚ ਆਪਣੀ ਵਿਲੱਖਣ ਹੋਂਦ ਅਤੇ ਸ਼ਾਨਦਾਰ ਦਰਸ਼ਕ ਆਧਾਰ ਕਾਇਮ ਕਰਨ ਵਿੱਚ ਸਫਲ ਰਹੇ, ਜਿੰਨਾਂ ਦੀ ਬਾਕਮਾਲ ਅਦਾਕਾਰੀ ਧਾਂਕ ਕਈ ਸਾਲਾਂ ਤੱਕ ਕਾਇਮ ਰਹੀ, ਜਿਸ ਦੌਰਾਨ ਉਨਾਂ ਉਸ ਸਮੇਂ ਦੇ ਲਗਭਗ ਸਾਰੇ ਉੱਚਕੋਟੀ ਸਟਾਰਜ਼ ਨਾਲ ਪ੍ਰਭਾਵੀ ਭੂਮਿਕਾਵਾਂ ਨਿਭਾਉਣ ਦਾ ਸਿਹਰਾ ਵੀ ਹਾਸਿਲ ਕੀਤਾ।

ਬਾਲੀਵੁੱਡ ਦੇ ਆਪਣੇ ਉਕਤ ਬੇਮਿਸਾਲ ਸਫ਼ਰ ਦੌਰਾਨ ਉਨਾਂ ਕਈ ਫਿਲਮਾਂ ਵਿੱਚ ਆਪਣੀ ਲਾਜਵਾਬ ਅਦਾਕਾਰੀ ਦਾ ਬਾਖ਼ੂਬੀ ਇਜ਼ਹਾਰ ਕਰਵਾਇਆ, ਜਿੰਨਾਂ ਦੀ ਯਾਦਗਾਰ ਅਭਿਨੈ ਕਲਾ ਦਾ ਅਨੂਠਾ ਪ੍ਰਗਟਾਵਾ ਕਰਵਾਉਣ ਵਾਲੀਆਂ ਫਿਲਮਾਂ ਵਿੱਚ ਗੁਲਜ਼ਾਰ ਨਿਰਦੇਸ਼ਕ 'ਪਰਿਚਯ', ਰਿਸ਼ੀਕੇਸ਼ ਮੁਖਰਜੀ ਦੀ 'ਬਾਵਰਚੀ' (1972), ਯਸ਼ ਚੋਪੜਾ ਦੀ 'ਦਾਗ' (1973), ਬਾਸੂ ਚੈਟਰਜੀ ਦੀ 'ਚਿਤਚੋਰ' ਅਤੇ ਗੁਲਜ਼ਾਰ ਦੀ 'ਕਿਤਾਬ' (1977 ) ਆਦਿ ਸ਼ੁਮਾਰ ਰਹੀਆਂ।

ਇਸੇ ਸਫ਼ਰ ਦੇ ਮੱਦੇਨਜ਼ਰ ਸਾਲ (1976) ਵਿੱਚ ਆਈ ਚਿਤਚੋਰ ਵਿੱਚ ਉਨਾਂ ਆਪਣੀ ਉਮਦਾ ਅਦਾਕਾਰੀ ਲਈ ਸਰਵੋਤਮ ਬਾਲ ਕਲਾਕਾਰ ਦੇ ਤੌਰ 'ਤੇ ਰਾਸ਼ਟਰੀ ਪੁਰਸਕਾਰ ਵੀ ਆਪਣੀ ਝੋਲੀ ਪਾਉਣ ਦਾ ਮਾਣ ਹਾਸਿਲ ਕੀਤਾ।

ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਆਪਣੇ ਸ਼ਾਨਦਾਰ ਵਜੂਦ ਦਾ ਪ੍ਰਗਟਾਵਾ ਕਰਾਉਣ ਵਿੱਚ ਸਫਲ ਰਹੇ ਹਨ ਇਹ ਹੋਣਹਾਰ ਅਦਾਕਾਰ, ਜਿੰਨਾਂ ਦੀ ਉਮਦਾ ਪਰਫਾਰਮੈਂਸ ਨਾਲ ਸਜੇ ਕਈ ਸੀਰੀਅਲ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ, ਜੋ ਇੰਨੀਂ ਦਿਨੀਂ ਨਿਰਦੇਸ਼ਕ ਦੇ ਤੌਰ 'ਤੇ ਹੋਰ ਸਿਨੇਮਾ ਉਪਲਬਧੀਆਂ ਹਾਸਿਲ ਕਰਨ ਦਾ ਰਾਹ ਬਹੁਤ ਹੀ ਤੇਜ਼ੀ ਨਾਲ ਸਰ ਕਰ ਰਹੇ ਹਨ।

ਬਾਲੀਵੁੱਡ ਵਿੱਚ ਕਈ ਦਹਾਕਿਆਂ ਦਾ ਲੰਮੇਰਾ ਪੈਂਡਾ ਸਫਲਤਾਪੂਰਵਕ ਤੈਅ ਕਰ ਚੁੱਕੇ ਇਸ ਅਜ਼ੀਮ ਅਦਾਕਾਰ ਨੇ ਨਿਰਦੇਸ਼ਿਤ ਕੀਤੀ ਜਾ ਰਹੀ ਉਕਤ ਫਿਲਮ ਦੇ ਅਹਿਮ ਪਹਿਲੂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 'ਜਗਤ ਜਨਨੀ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਰੀਲ ਅਤੇ ਰੀਅਲ ਹੀਰੋ ਦੇ ਫਰਕ ਨੂੰ ਪ੍ਰਤੀਬਿੰਬ ਕਰੇਗੀ, ਜਿਸ ਵਿੱਚ ਸਮਾਜਿਕ ਮੁੱਦਿਆਂ ਦੇ ਨਾਲ-ਨਾਲ ਆਮ ਜ਼ਿੰਦਗੀ ਨਾਲ ਜੁੜੇ ਪਹਿਲੂਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ।

ABOUT THE AUTHOR

...view details