ਪੰਜਾਬ

punjab

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਪਣਾਓ 'ਰੇਨ ਗੰਨ ਇਰੀਗੇਸ਼ਨ ਸਿਸਟਮ'

By

Published : Aug 25, 2020, 8:03 AM IST

ਰੇਨ ਗੰਨ ਜਿਸ ਨੂੰ ਬਣਾਉਟੀ ਮੀਂਹ ਵਰਾਉਣ ਲਈ ਵਰਤਿਆ ਜਾਂਦਾ ਹੈ। ਇਸ ਰਾਹੀਂ ਝੋਨੇ ਦੀ ਫ਼ਸਲ ਦੀ ਕਾਸ਼ਤ ਕਰਨ ਨਾਲ ਰਵਾਇਤੀ ਤਰੀਕਿਆਂ ਦੇ ਮੁਕਾਬਲੇ 50 ਫੀਸਦ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਪਣਾਓ 'ਰੇਨ ਗੰਨ ਇਰੀਗੇਸ਼ਨ ਸਿਸਟਮ'
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਪਣਾਓ 'ਰੇਨ ਗੰਨ ਇਰੀਗੇਸ਼ਨ ਸਿਸਟਮ'

ਸੰਗਰੂਰ: ਦਿਨੋ-ਦਿਨ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸੰਗਰੂਰ ਜ਼ਿਲ੍ਹੇ ਦੇ ਬੇਨੜਾ ਪਿੰਡ 'ਚ ਝੋਨੇ ਦੀ ਫ਼ਸਲ ਦੀ ਕਾਸ਼ਤ ਲਈ ਵਡਮੁੱਲਾ ਪਾਣੀ ਬਚਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ‘ਰੇਨ ਗੰਨ’ ਵਿਧੀ ਨਾਲ ਸਿੰਚਾਈ ਕਰਵਾ ਕੇ ਨਵਾਂ ਤਜ਼ਰਬਾ ਕੀਤਾ ਜਾ ਰਿਹਾ ਹੈ।

ਮੀਂਹ ਪਾਉਣ ਲਈ ਕੀਤਾ ਜਾਂਦਾ ਰੇਨ ਗੰਨ ਦਾ ਇਸਤੇਮਾਲ

ਇਸ ਤਜ਼ਰਬੇ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਬੇਨੜਾ ਪਿੰਡ ਦੇ ਕਿਸਾਨ ਨਿਰਮਲ ਸਿੰਘ ਦੇ ਖੇਤਾਂ ’ਚ ਪਹੁੰਚੇ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ‘ਰੇਨ ਗੰਨ’ ਜਿਸ ਨੂੰ ਬਣਾਉਟੀ ਮੀਂਹ ਵਰਾਉਣ ਲਈ ਵਰਤਿਆ ਜਾਂਦਾ ਹੈ। ਇਸ ਰਾਹੀਂ ਝੋਨੇ ਦੀ ਫ਼ਸਲ ਦੀ ਕਾਸ਼ਤ ਕਰਨ ਨਾਲ ਰਵਾਇਤੀ ਤਰੀਕਿਆਂ ਦੇ ਮੁਕਾਬਲੇ 50 ਫੀਸਦ ਤੱਕ ਪਾਣੀ ਦੀ ਬੱਚਤ ਹੋਵੇਗੀ।

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਪਣਾਓ 'ਰੇਨ ਗੰਨ ਇਰੀਗੇਸ਼ਨ ਸਿਸਟਮ'

ਪਾਣੀ ਬਚਾਉਣ ’ਚ ਨਿਭਾ ਸਕਦਾ ਅਹਿਮ ਭੂਮਿਕਾ

ਉਨ੍ਹਾਂ ਕਿਹਾ ਕਿ ਇਸ ਵਾਰ ਸੰਗਰੂਰ ਜ਼ਿਲ੍ਹੇ ’ਚ ਕਿਸਾਨਾਂ ਨੇ ਸਿੱਧੀ ਬਿਜਾਈ ਰਾਹੀਂ ਝੋਨਾ ਬੀਜਣ ਨੂੰ ਵੱਡੇ ਪੱਧਰ ’ਤੇ ਤਰਜੀਹ ਦਿੱਤੀ ਹੈ। ਇਸ ਸਦਕਾ ਪਿਛਲੇ ਸਾਲ ਦੇ 700 ਹੈਕਟੇਅਰ ਦੇ ਮੁਕਾਬਲੇ ਇਸ ਸਾਲ 21,000 ਤੋਂ ਵਧੇਰੇ ਹੈਕਟੇਅਰ ਰਕਬੇ 'ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਸਿੱਧੀ ਬਿਜਾਈ ’ਤੇ ‘ਰੇਨ ਗੰਨ’ ਵਿਧੀ ਰਾਹੀਂ ਕੀਤੀ ਜਾ ਰਹੀ ਸਿੰਚਾਈ ਕਾਮਯਾਬ ਹੋ ਜਾਂਦੀ ਹੈ, ਤਾਂ ਵਾਤਾਵਰਣ ਤੇ ਪੰਜਾਬ ਦਾ ਪਾਣੀ ਬਚਾਉਣ ’ਚ ਇਹ ਮੀਲਪੱਥਰ ਕਦਮ ਸਾਬਤ ਹੋਵੇਗਾ।

ਨਿਯਮਤ ਪੱਧਰ ’ਤੇ ਹੋ ਰਹੀ ਜਾਂਚ

ਰਾਮਵੀਰ ਨੇ ਕਿਹਾ ਕਿ ਇਸ ਵਾਰ ਝੋਨੇ ਦੇ ਸੀਜ਼ਨ ’ਚ ‘ਰੇਨ ਗੰਨ’ ਦਾ ਤਜ਼ਰਬਾ ਹੀ ਕੀਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਮਾਹਿਰ ਇਸਦੀ ਨਿਯਮਤ ਪੱਧਰ ’ਤੇ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਸਿੰਜੇ ਗਏ ਝੋਨੇ ਦੀ ਵਾਢੀ ਕਰਨ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਵਿਸਥਾਰਤ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ, ਜਿਸ ਦੇ ਆਧਾਰ ’ਤੇ ਮਾਹਿਰਾਂ ਵੱਲੋਂ ਇਸ ਨੂੰ ਵੱਡੇ ਪੱਧਰ ’ਤੇ ਅਪਣਾਉਣ ਲਈ ਹਦਾਇਤਾਂ ਕੀਤੀਆਂ ਜਾਣਗੀਆਂ।

ਘੱਟ ਹੋਵੇਗਾ ਯੂਰੀਆ ਖਾਦ ’ਤੇ ਆਉਣ ਵਾਲਾ ਖਰਚਾ

ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ‘ਰੇਨ ਗੰਨ’ ਸਿੰਚਾਈ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ। ਉੱਥੇ ਹੀ ਨਾਲੋ-ਨਾਲ ਬਿਜਲੀ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਕਿਸਾਨਾਂ ਦਾ ਯੂਰੀਆ ਖਾਦ ’ਤੇ ਆਉਣ ਵਾਲਾ ਖਰਚਾ ਘਟਣ ਦੀ ਵੀ ਸੰਭਾਵਨਾ ਹੈ ਕਿਉਕਿ ਇਸ ਵਿਧੀ ਜ਼ਰੀਏ ਹਵਾ ਵਿਚਲੀ ਨਾਈਟ੍ਰੋਜ਼ਨ ਪਾਣੀ ਨਾਲ ਮਿਲ ਕੇ ਖੇਤ ’ਚ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 'ਰੇਨ ਗੰਨ' ਦੀ ਵਰਤੋਂ ਨਾਲ ਫ਼ਸਲ ’ਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਕਿਉਂਕਿ ਇਸ ਨਾਲ ਫ਼ਸਲਾਂ ਨਿਯਮਤ ਪੱਧਰ ’ਤੇ ਧੋਤੀਆਂ ਜਾਂਦੀਆਂ ਹਨ।

ਇਸ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਦਿੱਤੀ ਗਈ ਜਾਣਕਾਰੀ

ਗਰੇਵਾਲ ਨੇ ਦੱਸਿਆ ਕਿ ‘ਰੇਨ ਗੰਨ’ ਸਿੰਚਾਈ ਲਈ ਹੋਰਨਾਂ ਨੂੰ ਉਤਸ਼ਾਹਤ ਕਰਨ ਲਈ ਉਹ ਲਗਾਤਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਿਰਮਲ ਸਿੰਘ ਦੇ ਖੇਤਾਂ ਦਾ ਦੌਰਾ ਕਰਵਾ ਰਹੇ ਹਨ ਅਤੇ ਇਸ ਵਿਧੀ ਨਾਲ ਹੋਣ ਵਾਲੇ ਫ਼ਾਇਦੇ ਬਾਰੇ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੇ ਗਏ ਨਿਰੀਖਣ ਤੋਂ ਪਤਾ ਚੱਲਦਾ ਹੈ ਕਿ ਇਸ ਵਿਧੀ ਰਾਹੀਂ ਸਿੰਜੇ ਗਏ ਖੇਤ ’ਚ ਫ਼ਸਲ ਬਾਕੀ ਖੇਤਾਂ ਤੋਂ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਨਾਲ-ਨਾਲ 'ਰੇਨ ਗੰਨ' ਵਿਧੀ ਨਾਲ ਹੋਰਨਾਂ ਫਸਲਾਂ ਦੀ ਸਿੰਚਾਈ ਕਰਕੇ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਕੀਤੀ ਜਾ ਸਕਦੀ ਹੈ। ਇਸ ਕਰਕੇ ਇਸ ਦੇ ਕਾਮਯਾਬ ਹੋਣ ਦੀ ਪੂਰੀ ਸੰਭਾਵਨਾ ਹੈ।

ABOUT THE AUTHOR

...view details