ਨਾਭਾ: ਲੌਕਡਾਊਨ ਤੋਂ ਬਾਅਦ ਅਨਲੌਕ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਕੋਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ 'ਤੇ ਹੁੰਦਾ ਵਿਖਾਈ ਦੇ ਰਿਹਾ ਹੈ। ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਤੇ ਉਨ੍ਹਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ।
ਸਬਜ਼ੀਆਂ ਦੀਆਂ ਵੱਧ ਕੀਮਤਾਂ ਕਾਰਨ ਵਿਗੜਿਆ ਲੋਕਾਂ ਦੀ ਰਸੋਈ ਦਾ ਬਜਟ
ਇੱਕ ਪਾਸੇ ਜਿੱਥੇ ਲੋਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਉਥੇ ਹੀ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਦਿਨ-ਬ-ਦਿਨ ਸਬਜ਼ੀਆਂ ਦੇ ਰੇਟ ਵੱਧ ਜਾਣ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਮਾਨੀ ਚੜ੍ਹੇ ਸਬਜ਼ੀ ਦੇ ਰੇਟਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਲੋਕਾਂ ਨੇ ਆਖਿਆ ਕਿ ਸਬਜ਼ੀਆਂ ਆਪਣੇ ਅਸਲ ਕੀਮਤ ਤੋਂ ਦੁਗਣੇ ਭਾਅ ਵਿੱਕ ਰਹੀਆਂ ਹਨ।
ਨਾਭਾ ਦੀ ਸਬਜ਼ੀ ਮੰਡੀ 'ਚ ਸਬਜ਼ੀਆਂ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ। ਅਜੇ ਲੋਕ ਇਸ ਤੋਂ ਬਾਹਰ ਆਏ ਨਹੀਂ ਸਨ ਕਿ ਹੁਣ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ। ਗਾਹਕਾਂ ਨੇ ਆਖਿਆ ਕਿ ਪਹਿਲੇ ਤੋਂ ਹੀ ਜਿਥੇ ਲੋਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਉਥੇ ਹੀ ਹੁਣ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਸਬਜ਼ੀਆਂ ਦੇ ਲਗਾਤਾਰ ਵੱਧ ਰਹੇ ਰੇਟ ਕਾਰਨ ਲੋਕਾਂ ਲਈ ਖਾਣ-ਪੀਣ ਦੀ ਵਸਤੂਆਂ ਮੁਹੱਇਆ ਕਰਨਾ ਔਖਾ ਹੋ ਗਿਆ ਹੈ। ਸਾਰੀ ਹੀ ਸਬਜ਼ੀਆਂ ਦੁਗਣੇ ਰੇਟਾਂ 'ਤੇ ਵਿੱਕ ਰਹੀਆਂ ਹਨ। ਉਨ੍ਹਾਂ ਅਖਿਆ ਕਿ ਇਹ ਲੋਕਾਂ ਦੀ ਜੇਬਾਂ ਤੇ ਵਾਧੂ ਦਾ ਭਾਰ ਹੈ। ਪੰਜਾਬ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਤੇ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਇਥੋਂ ਦੇ ਇੱਕ ਸਬਜ਼ੀ ਵਿਕਰੇਤਾ ਨੇ ਕਿਹਾ ਕਿ ਕੋਰੋਨਾ ਕਾਰਨ ਉਨ੍ਹਾਂ ਕੋਲ ਗਾਹਕ ਘੱਟ ਆ ਰਹੇ ਹਨ। ਦੂਜੇ ਪਾਸੇ ਉਹ ਜਿਹੜੀ ਵੀ ਸਬਜ਼ੀਆਂ ਹੋਰਨਾਂ ਸੂਬਿਆਂ ਤੋਂ ਮੰਗਵਾ ਕੇ ਵੇਚ ਰਹੇ ਹਨ। ਉਸ ਦੇ ਲਈ ਉਨ੍ਹਾਂ ਨੂੰ ਵੀ ਦੁਗਣੀ ਕੀਮਤ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਭਾ ਮੰਡੀ 'ਚ ਆਲੂ 40 ਰੁਪਏ ਕਿੱਲੋ, ਪਿਆਜ਼ 40, ਗੋਭੀ 80, ਟਮਾਟਰ 40 ਤੋਂ 70 ਰੁਪਏ, ਸ਼ਿਮਲਾ ਮਿਰਚ 60, ਮਟਰ 250 ਰੁਪਏ ਕਿੱਲੋ ਵਿੱਕ ਰਹੇ ਹਨ। ਸਬਜ਼ੀ ਵਿਕਰੇਤਾ ਨੇ ਕਿਹਾ ਜਿਥੇ ਸਬਜ਼ੀਆਂ ਦੇ ਭਾਅ ਵੱਧਣ ਕਾਰਨ ਗਾਹਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਬਜ਼ੀ ਵਿਕਰੇਤਾ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਮਹਿੰਗੇ ਦਾਮਾਂ 'ਤੇ ਸਬਜ਼ੀਆਂ ਮੰਗਵਾ ਕੇ ਜਦ ਉਹ ਵੇਚਦੇ ਹਨ ਤਾਂ ਅਕਸਰ ਗਾਹਕ ਉਨ੍ਹਾਂ ਨਾਲ ਝਗੜਾ ਕਰਨ ਲੱਗ ਪੈਂਦੇ ਹਨ। ਕਿਉਂਕਿ ਸਬਜ਼ੀਆਂ ਦੇ ਰੇਟ ਇੰਨੇ ਵਧ ਚੁੱਕੇ ਹਨ ਕਿ ਸਬਜ਼ੀ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।