ਪੰਜਾਬ

punjab

ਵਿਵਾਦਤ ਬਿਆਨ ਦੇਣ ਮਗਰੋਂ ਹਰਮਿੰਦਰ ਸਿੰਘ ਕਾਹਲੋਂ ਨੇ ਮੰਗੀ ਮੁਆਫ਼ੀ, ਸੁਣੋ ਕਿਵੇਂ ਬਦਲੇ ਬਿਆਨ...

By

Published : Sep 15, 2021, 8:06 PM IST

ਪੰਜਾਬ ਵਿੱਚ ਭਾਜਪਾ (BJP) ਤੇ ਇਸ ਦੇ ਆਗੂਆਂ ਦਾ ਭਾਰੀ ਵਿਰੋਧ ਹੋਣ ਤੇ ਇਥੋਂ ਤੱਕ ਕਿ ਉਨ੍ਹਾਂ ਨਾਲ ਮਾਰਕੁੱਟ ਦੀਆਂ ਘਟਨਾਵਾਂ ਵਾਪਰਣ ਦੇ ਬਾਵਜੂਦ ਪਾਰਟੀ ਆਗੂ ਸ਼ਬਦਾਵਲੀ ‘ਤੇ ਕਾਬੂ ਨਹੀਂ ਰੱਖ ਰਹੇ ਹਨ। ਅਜਿਹਾ ਹੀ ਇੱਕ ਬਿਆਨ ਪਾਰਟੀ ਲਈ ਵੱਡੀ ਮੁਸੀਬਤ ਬਣ ਗਿਆ ਹੈ। ਨਵੇਂ ਬਣਾਏ ਬੁਲਾਰੇ ਹਰਮਿੰਦਰ ਸਿੰਘ ਕਾਹਲੋਂ (Harminder Singh Kahlon) ਵੱਲੋਂ ਕਿਸਾਨਾਂ ਨੂੰ ਡਾਂਗਾਂ ਮਾਰ ਕੇ ਭਜਾਉਣ ਦੇ ਬਿਆਨ ‘ਤੇ ਪੰਜਾਬ ਵਿੱਚ ਵੱਡਾ ਰੋਸ਼ ਪੈਦਾ ਹੋ ਗਿਆ ਹੈ ਤੇ ਕਿਸਾਨਾਂ ਨੇ ਉਨ੍ਹਾਂ ਦੇ ਘਰ ਅੱਗੇ ਧਰਨਾ ਤੱਕ ਲਗਾ ਦਿੱਤਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਪੀਪੀਸੀਸੀ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਲਾਹਕਾਰਾਂ (Advisor) ਵੱਲੋਂ ਦਿੱਤੇ ਬਿਆਨਾਂ ਕਾਰਨ ਸਿੱਧੂ ਬੈਕਫੁੱਟ ‘ਤੇ ਆ ਗਏ ਸੀ ਤੇ ਇਥੇ ਤਾਂ ਭਾਜਪਾ ਪਹਿਲਾਂ ਹੀ ਵਿਰੋਧ ਝੱਲ ਰਹੀ ਹੈ ਤੇ ਉਤੋਂ ਭਾਜਪਾ ਵੱਲੋਂ ਕਿਸਾਨਾਂ ਬਾਰੇ ਇਤਰਾਜਯੋਗ ਬਿਆਨ (Objectionable Remarks) ਰੁਕਣ ਦਾ ਨਾਂ ਨਹੀਂ ਲੈ ਰਹੇ।

ਭਾਸ਼ਾ ਤੇ ਅਫ਼ਸੋਸ  : ਹਰਮਿੰਦਰ ਸਿੰਘ ਕਾਹਲੋਂ
ਭਾਸ਼ਾ ਤੇ ਅਫ਼ਸੋਸ : ਹਰਮਿੰਦਰ ਸਿੰਘ ਕਾਹਲੋਂ

ਚੰਡੀਗੜ੍ਹ: ਕਿਸਾਨਾਂ ਬਾਰੇ ਭੜਕਵਾਂ ਬਿਆਨ ਦੇ ਕੇ ਕਾਹਲੋਂ ਹੁਣ ਯੂ-ਟਰਨ ਲੈ ਗਏ ਹਨ। ਉਨ੍ਹਾਂ ਆਪਣੇ ਬਿਆਨ ‘ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਿਸੇ ਬੋਲ ਕਾਰਨ ਕਿਸੇ ਦੇ ਜਜ਼ਬਾਤਾਂ ਨੂੰ ਢਾਹ ਲੱਗੇ। ਉਨ੍ਹਾਂ ਈ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦਾ ਨਾਂ ਨਹੀਂ ਵਰਤਿਆ ਤੇ ਨਾ ਕੋਈ ਲਫਜ ਵਰਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾ ਹੀ ਕਿਸੇ ਕਿਸਾਨ ਜਥੇਬੰਦੀ ਦਾ ਨਾਂ ਵਰਤਿਆ ਹੈ।

ਪ੍ਰਧਾਨ ਮੰਤਰੀ ਦੇ ਸੁਭਾਅ ਮੁਤਾਬਕ ਕਹੀ ਗੱਲ

ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਾਮਰੇਡ ਵਿਚਾਰ ਧਾਰਾ ਦੀ ਗੱਲ ਕੀਤੀ ਹੈ ਕਿ ਕਿਸਾਨ ਗੱਲ ਨੂੰ ਸਿਰੇ ਨਹੀਂ ਲੱਗਣ ਦਿੱਤੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਹਾਅ ਵਿੱਚ ਉਹ ਡਾਂਗਾਂ ਦੀ ਗੱਲ ਕਹਿ ਗਏ ਤੇ ਇਹ ਵੀ ਹੋ ਸਕਦਾ ਕਿ ਇਹ ਮੋਦੀ ਤੇ ਕਿਸੇ ਹੋਰ ਵਿਅਕਤੀ ਦੀ ਤੁਲਨਾ ਦੇ ਸੰਦਰਭ ਵਿੱਚ ਕਹੀ ਗਈ ਹੋਵੇ। ਉਨ੍ਹਾਂ ਕਿਹਾ ਕਿ ਇਹ ਗੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narender Modi) ਦੇ ਸੁਭਾਅ ਦੇ ਮੁਤੱਲਕ ਕੀਤੀ ਸੀ ਕਿ ਉਹ ਨਰਮ ਸੁਭਾਅ ਦੇ ਹਨ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਹਨ। ਕਾਹਲੋਂ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਮੋਦੀ ਦੀ ਥਾਂ ਜੇਕਰ ਕੋਈ ਗਰਮ ਖਿਆਲਾਂ ਵਾਲਾ ਵਿਅਕਤੀ ਹੁੰਦਾ ਤਾਂ ਉਹ ਡਾਂਗਾਂ ਦਾ ਇਸਤੇਮਾਲ ਕਰਨ ‘ਤੇ ਉਤਾਰੂ ਹੋ ਜਾਂਦਾ।

ਲਫ਼ਜਾਂ ਦੇ ਵਹਾਅ ‘ਚ ਕਹੇ ਗਏ ਮਾੜੇ ਬੋਲ

ਇਸ ਦੇ ਨਾਲ ਹੀ ਕਾਹਲੋਂ ਨੇ ਇਹ ਕਹਿ ਦਿੱਤਾ ਕਿ ਲਫ਼ਜਾਂ ਦੇ ਵਹਾਅ ਵਿੱਚ ਲਫ਼ਜਾਂ ਦਾ ਵਾਧਾ ਘਾਟਾ ਹੋ ਜਾਂਦਾ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਕਿਸਾਨ ਵੀ ਬੋਲਣ ਲੱਗੇ ਵੇਖਦੇ ਨਹੀਂ। ਇੱਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮੋਦੀ ਨੂੰ ‘ਦੱਲਾ‘ ਤੱਕ ਕਹਿ ਦਿੱਤਾ, ਕੋਈ ਵਾਜਬ ਗੱਲ ਨਹੀਂ ਹੈ। ਕਾਹਲੋਂ ਨੇ ਕਿਹਾ ਕਿ ਇਹ ਵੀ ਵਾਜਬ ਨਹੀਂ ਕਿ ਕਿਸਾਨ ਇਹ ਕਹਿਣ ਕਿ ਜੇਕਰ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਹ ਸਰਕਾਰ ਦੇ ਨਾਸੀਂ ਧੂੰਆਂ ਲਿਆ ਦੇਣਗੇ। ਕਾਹਲੋਂ ਆਖ਼ਰ ਇਹ ਮੰਨ ਗਏ ਕਿ ਉਨ੍ਹਾਂ ਦੇ ਮੂੰਹੋਂ ਅਜਿਹੇ ਲਫ਼ਜ ਨਿਕਲੇ, ਜਿਸ ਨਾਲ ਕਿਸੇ ਦੇ ਜਜ਼ਬਾਤਾਂ ਨੂੰ ਸੱਟ ਵੱਜੀ ਹੋਵੇ। ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਉਹ ਅਫ਼ਸੋਸ ਪ੍ਰਗਟ ਕਰਦੇ ਹਨ।

ਭਾਸ਼ਾ ਤੇ ਅਫ਼ਸੋਸ : ਹਰਮਿੰਦਰ ਸਿੰਘ ਕਾਹਲੋਂ

ਅੰਦੋਲਨ ਕੋਈ ਪਾਕਿਸਤਾਨ ਦੀ ਕੰਧ ਨਹੀਂ ਕਿ ਭਾਈਚਾਰਕ ਸਾਂਝ ਖਤਮ ਹੋ ਜਾਏਗੀ

ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਹੋਣ ਨਾਲ ਇਨ੍ਹਾਂ ਕਿਸਾਨਾਂ ਨਾਲ ਹੀ ਮੁੜ ਭਾਈਚਾਰਕ ਸਾਂਝ (Communal Harmony) ਰਹਿਣੀ ਹੈ ਤੇ ਰਿਸ਼ਤੇਦਾਰੀਆਂ ਰਹਿਣੀਆਂ ਹਨ, ਜਿਹੜੀਆਂ ਕਿ ਪਹਿਲਾਂ ਤੋਂ ਚਲੀਆਂ ਆ ਰਹੀਆਂ ਹਨ। ਇਹ ਕਦੇ ਖ਼ਤਮ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਅੰਦੋਲਨ ਕੋਈ ਪਾਕਿਸਤਾਨ ਦੀ ਕੰਧ ਨਹੀਂ ਹੈ ਕਿ ਕਿਸਾਨ ਤੇ ਪੰਜਾਬੀਆਂ ਦਾ ਆਪਸੀ ਭਾਈਚਾਰਾ ਖ਼ਤਮ ਹੋ ਜਾਏਗਾ ਜਾਂ ਮੁੜ ਕਾਇਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਬਾਰੇ ਬਿਆਨ ਦੇਣ ਨਾਲ ਉਹ ਕਿਸੇ ਤਰ੍ਹਾਂ ਦਾ ਖਤਰਾ ਮਹਿਸੂਸ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਨੂੰ ਸਕਿਓਰਟੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਆਪ ਸਕਿਓਰਟੀ ਦੇਵੇਗੀ ਤਾਂ ਉਹ ਲੈ ਲੈਣਗੇ।

ਰਾਜਸੀ ਹਲਕਿਆਂ ਵਿੱਚ ਕਾਹਲੋਂ ਦੀ ਜਬਰਦਸਤ ਨਿਖੇਧੀ

ਦੂਜੇ ਪਾਸੇ ਰਾਜਸੀ ਹਲਕਿਆਂ ਵਿੱਚ ਵੀ ਭਾਜਪਾ ਬੁਲਾਰੇ ਕਾਹਲੋਂ ਦੇ ਬਿਆਨ ਦੀ ਰੱਜ ਕੇ ਨਿਖੇਧੀ ਹੋ ਰਹੀ ਹੈ। ‘ਆਪ‘ ਆਗੂ ਨੀਲ ਗਰਗ (Neel Garg) ਨੇ ਕਾਹਲੋਂ ਦੇ ਬਿਆਨ ਨੂੰ ਬੇਹੁਦਾ ਤੇ ਬੇਤੁਕਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਹਲੋਂ ਵੱਲੋਂ ਇਹ ਕਹਿਣਾ ਕੀ ਜੇਕਰ ਮੋਦੀ ਦੀ ਥਾਂ ਉਹ (ਕਾਹਲੋਂ) ਹੁੰਦੇ ਤਾਂ ਕਿਸਾਨਾਂ ਨੂੰ ਡੰਡੇ ਮਾਰ-ਮਾਰ ਕੇ ਜੇਲ੍ਹਾਂ ਵਿੱਚ ਡੱਕ ਦਿੰਦਾ, ਬਿਲਕੁਲ ਬੇਹੁਦਾ ਬਿਆਨ ਹੈ। ਗਰਗ ਨੇ ਕਿਹਾ ਕਿ ਭਾਜਪਾ ਤੇ ਕੇਂਦਰ ਸਰਕਾਰ ਕਿਸਾਨ ਅੰਦੋਲਨ ਨਾਲ ਸ਼ੁਰੂ ਤੋਂ ਹੀ ਹਿਟਲਰਸ਼ਾਹੀ ਤੇ ਤਾਲਿਬਾਨ ਢੰਗ ਦੇ ਨਾਲ ਨਜਿੱਠਦੀ ਨਜਰ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਮਨੁੱਖੀ ਇਤਿਹਾਸ ਦਾ ਅੱਜ ਤੱਕ ਸਭ ਤੋਂ ਵੱਡਾ ਅੰਦੋਲਨ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਸਗੋਂ ਦੇਸ਼ ਦੇ ਹਰ ਖਿੱਤੇ ਦੇ ਲੋਕਾਂ ਦਾ ਅੰਦੋਲਨ ਹੈ। ਗਰਗ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਜਪਾ ਨੇ ਕਿਸਾਨਾਂ ਪ੍ਰਤੀ ਆਪਣੀ ਸ਼ਬਦਾਵਲੀ ਨਾ ਸੁਧਾਰੀ ਤਾਂ ਪੱਛਮੀ ਬੰਗਾਲ ਤੇ ਦੇਸ਼ ਦੇ ਹੋਰ ਹਿੱਸਿਆਂ ਵਾਂਗ ਇਸ ਪਾਰਟੀ ਦਾ ਪੰਜਾਬ ਵਿੱਚ ਵੀ ਲੋਕ ਬੁਰਾ ਹਾਲ ਕਰਨਗੇ।

ਪਾਰਟੀ ਲਈ ਖੜ੍ਹੀ ਹੋਈ ਮੁਸੀਬਤ

ਭਾਜਪਾ ਦੇ ਨਵ-ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੇ ਬਿਆਨ ਨਾਲ ਪਾਰਟੀ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲਦਿਆਂ ਹੀ ਕਿਸਾਨਾਂ ਨੂੰ ਡਾਂਗਾਂ ਮਾਰ-ਮਾਰ ਕੇ ਭਜਾਉਣ ਦਾ ਦਿੱਤਾ ਬਿਆਨ ਚੁਫੇਰਿਉਂ ਨਿੰਦਾ ਦਾ ਪਾਤਰ ਬਣ ਰਿਹਾ ਹੈ। ਕਾਹਲੋਂ ਦੇ ਬਿਆਨ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਆਗੂ ਕਰਮਵੀਰ ਗੁਰਾਇਆ (Karamvir Goraya) ਨੇ ਕਿਹਾ ਕਿ ਭਾਜਪਾ ਨੂੰ ਅਜਿਹੇ ਬਿਆਨ ਦੇਣ ਵੇਲੇ ਸ਼ਰਮ ਆਉਣੀ ਚਾਹੀਦੀ ਹੈ। ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਕਾਹਲੋਂ ਦੇ ਬਿਆਨ ਦੀ ਅਲੋਚਨਾ ਕੀਤੀ ਹੈ, ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲ ਹੀ ਬੀਜੇਪੀ ਲੀਡਰਾਂ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਹੈ। ਜਿਸ ਲਈ ਕਾਹਲੋਂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਕਿਸਾਨਾਂ ਨੇ ਸ਼ੁਰੂ ਕੀਤਾ ਧਰਨਾ

ਦੂਜੇ ਪਾਸੇ ਕਿਸਾਨਾਂ ਖ਼ਿਲਾਫ਼ ਦਿੱਤੇ ਬਿਆਨ ਨੂੰ ਲੈ ਕੇ ਕਿਸਾਨਾਂ ਨੇ ਹਰਮਿੰਦਰ ਸਿੰਘ ਕਾਹਲੋਂ ਨੂੰ ਚਿਤਾਵਨੀ ਦੇ ਦਿੱਤੀ ਸੀ। ਕਿਸਾਨਾਂ ਨੇ ਕਿਹਾ ਸੀ ਕਿ ਉਹ ਆਪਣੇ ਦਿੱਤੇ ਬਿਆਨ ਨੂੰ ਲੈ ਕੇ ਕਿਸਾਨਾਂ ਤੋਂ ਮੁਆਫ਼ੀ ਮੰਗਣ ਨਹੀਂ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਪੱਕੇ ਤੌਰ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਲਈ ਜਾਣ-ਬੁੱਝ ਕੇ ਅਜਿਹੇ ਬਿਆਨ ਦਿੰਦੇ ਹਨ ਤਾਂ ਕਿ ਉਹ ਆਪਣੀ ਹਾਈਕਮਾਂਡ ਨੂੰ ਖੁਸ਼ ਕਰ ਸਕਣ। ਕਿਸਾਨਾਂ ਨੇ ਕਿਹਾ ਕਿ ਉਹ ਇਸ ਬਿਆਨ ਲਈ ਮੁਆਫੀ ਮੰਗਣ। ਕਾਹਲੋਂ ਨੇ ਬੀਜੇਪੀ ਦੇ ਸਮਾਗਮ ਵਿੱਚ ਕਿਸਾਨਾਂ ਨੂੰ ਡਾਂਗਾਂ ਮਾਰਨ ਵਾਲਾ ਬਿਆਨ ਦਿੱਤਾ ਸੀ। ਕਿਸਾਨਾਂ ਦੀ ਚਿਤਾਵਨੀ ‘ਤੇ ਕਾਹਲੋਂ ਨੇ ਗੌਰ ਨਹੀਂ ਕੀਤੀ ਤੇ ਇਹ ਲਾਪਰਵਾਹੀ ਉਨ੍ਹਾਂ ਲਈ ਉਦੋਂ ਮੁਸੀਬਤ ਬਣ ਗਈ, ਜਦੋਂ ਸ਼ਾਮ ਵੇਲੇ ਕਿਸਾਨਾਂ ਨੇ ਉਨ੍ਹਾਂ ਦੇ ਘਰ ਮੁਹਰੇ ਧਰਨਾ ਸ਼ੁਰੂ ਕਰ ਦਿੱਤਾ।

ਸਿੱਧੂ ਸਲਾਹਕਾਰ ਦੇ ਹੀ ਬਿਆਨ ਕਾਰਨ ਬੈਕਫੁੱਟ ‘ਤੇ

ਇਥੇ ਇਹ ਜਿਕਰ ਕਰਨਾ ਜਰੂਰੀ ਹੈ ਕਿ ਰਾਜਸੀ ਆਗੂਆਂ, ਉਨ੍ਹਾਂ ਦੇ ਸਲਾਹਕਾਰਾਂ ਤੇ ਬੁਲਾਰਿਆਂ ਦੇ ਸੰਵੇਦਨਸ਼ੀਲ ਬਿਆਨ ਮੁਸੀਬਤ ਬਣ ਜਾਂਦੇ ਹਨ। ਕਾਹਲੋਂ ਦਾ ਬਿਆਨ ਭਾਜਪਾ ਲਈ ਮੁਸੀਬਤ ਦੀ ਤਾਜਾ ਮਿਸਾਲ ਹੈ ਪਰ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ (Malwinder Singh Mali) ਵੱਲੋਂ ਦਿੱਤੇ ਇੱਕ ਵਿਵਾਦਤ ਬਿਆਨ ਕਾਰਨ ਸਿੱਧੂ ਬੈਕਫੁੱਟ ‘ਤੇ ਆ ਗਏ ਸੀ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ‘ਤੇ ਕਿਸਾਨਾਂ ਦੇ ਤਿੱਖੇ ਪ੍ਰਤੀਕਰਮ

ABOUT THE AUTHOR

...view details