ਚੰਡੀਗੜ੍ਹ: ਇੱਕ ਪਾਸੇ ਜਿੱਥੇ ਮੋਹਾਲੀ ਚੰਡੀਗੜ੍ਹ ਵਿਖੇ ਕਿਸਾਨਾਂ ਦਾ ਧਰਨਾ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਸੀਐੱਮ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਫੈਸਲਾ ਕਰਦੇ ਹੋਏ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਬਸਿਡੀ ਦੇਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਸੀਐੱਮ ਭਗਵੰਤ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ ਹੈ।
1500 ਰੁਪਏ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੰਤਰੀਆਂ ਦੇ ਨਾਲ ਕੈਬਨਿਟ ਮੀਟਿੰਗ ਕੀਤੀ। ਇਸ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਟਵੀਟ ਚ ਸੀਐੱਮ ਮਾਨ ਨੇ ਅੱਗੇ ਕਿਹਾ ਕਿ ਪਾਣੀ ਦੀ ਲੋੜ ਨੂੰ ਵੇਖਦੇ ਹੋਏ ਜੋਸ਼ੇਨ ਦੀ ਸਿੱਧੀ ਬਿਜਾਈ ਨੂੰ ਅਪਣਾਇਆ ਜਾਵੇ। ਨਾਲ ਹੀ ਕਿਸਾਨਾਂ ਨੂੰ ਇਸ ਸਬੰਧੀ ਪ੍ਰੇਰਿਤ ਕੀਤਾ ਜਾਵੇ। ਧਰਤੀ ਅਤੇ ਪਾਣੀ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਟਵੀਟ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਰਿਟਾਇਰ ਪਟਵਾਰੀਆਂ ਦੀ ਭਰਤੀ ਨੂੰ ਮਨਜ਼ੂਰੀ: ਪੰਜਾਬ ਕੈਬਨਿਟ ਵੱਲੋਂ ਹੈਰਾਨ ਕਰ ਦੇਣ ਵਾਲਾ ਫੈਸਲੇ ਲਿਆ ਗਿਆ ਹੈ। ਜੀ ਹਾਂ ਇੱਥੇ ਇੱਕ ਪਾਸੇ ਮਾਨ ਸਰਕਾਰ ਵੱਲੋਂ 25 ਹਜ਼ਾਰ ਨਹੀਂ ਨੌਕਰੀਆਂ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਕੈਬਨਿਟ ਮੀਟਿੰਗ ’ਚ 1,766 ਰਿਟਾਇਰ ਪਟਵਾਰੀਆਂ ਨੂੰ ਭਰਤੀ ਕਰਨ ਦੇ ਫੈਸਲੇ ’ਤੇ ਮੋਹਰ ਲਗਾਈ ਗਈ ਹੈ। ਇਸ ਸਬੰਧ ’ਚ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ 1090 ਪਟਵਾਰੀ ਭਰਤੀ ਕੀਤੇ ਗਏ ਹਨ ਪਰ ਉਨ੍ਹਾਂ ਦਾ ਪ੍ਰੋਬੇਸ਼ਨ ਦੀ ਮਿਆਦ 2 ਸਾਲ ਹੈ। ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।