ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ (Punjab Congress Crisis) ਨੂੰ ਖਤਮ ਕਰਨ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ 3 ਮੈਂਬਰੀ ਕਮੇਟੀ (3-member Panel) ਬਣਾਈ ਹੈ, ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat), ਐਮਪੀ ਮਲਿਕਾਅਰਜੁਨ ਖੜਗੇ (Mallikarjun Kharge) ਅਤੇ ਸਾਬਕਾ ਐਮਪੀ ਜੈ ਪ੍ਰਕਾਸ਼ ਅਗਰਵਾਲ (Jai Prakash Aggarwal) ਸ਼ਾਮਲ ਹਨ।
ਸੋਮਵਾਰ ਨੂੰ 25 ਵਿਧਾਇਕਾਂ ਨਾਲ ਮੁਲਾਕਾਤ
ਕਾਂਗਰਸ ਹਾਈ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤਿੰਨ ਦਿਨ ਲਗਾਤਾਰ ਕਾਂਗਰਸ ਦੇ ਵਿਧਾਇਕਾਂ ਨਾਲ ਬੈਠਕ ਕਰੇਗੀ। ਇਸੇ ਲੜੀ ਤਹਿਤ ਸੋਮਵਾਰ ਨੂੰ ਪੰਜਾਬ ਦੇ 25 ਕਾਂਗਰਸੀ ਵਿਧਾਇਕ ਦਿੱਲੀ 'ਚ ਬੈਠਕ 'ਚ ਹਿੱਸਾ ਲੈਣਗੇ, ਜਿਸ ਵਿੱਚ 6 ਵਿਧਾਇਕ ਮਾਝਾ, 6 ਦੁਆਬੇ ਤੋਂ ਅਤੇ 13 ਵਿਧਾਇਕ ਮਾਲਵੇ ਤੋਂ ਸ਼ਾਮਲ ਹੋਣਗੇ। ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਦਿੱਲੀ ਪੁੱਜੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕੀਤੀ।
ਜਾਣਕਾਰੀ ਮੁਤਾਬਕ ਅੱਜ ਸਵੇਰੇ 11 ਵਜੇ ਇਹ ਬੈਠਕ ਹੋਵੇਗੀ। ਹਰੀਸ਼ ਰਾਵਤ (Harish Rawat), ਮਲਿਕਾਅਰਜੁਨ ਖੜਗੇ (Mallikarjun Kharge) ਅਤੇ ਜੈ ਪ੍ਰਕਾਸ਼ ਅਗਰਵਾਲ (Jai Prakash Aggarwal) ਇਨ੍ਹਾਂ ਵਿਧਾਇਕਾਂ ਤੋਂ ਫੀਡਬੈਕ ਲੈਣਗੇ।
ਇਹ ਵੀ ਪੜ੍ਹੋ:Punjab Congress Conflict: ਸ਼ਿਕਾਇਤਾਂ ਲੈ ਦਿੱਲੀ ਲਈ ਰਵਾਨਾ ਹੋਏ ਕਾਂਗਰਸੀ ਵਿਧਾਇਕ
ਨਵਜੋਤ ਸਿੰਘ ਸਿੱਧੂ 3 ਮੈਂਬਰੀ ਪੈਨਲ ਨਾਲ ਮੰਗਲਵਾਰ ਨੂੰ ਕਰਨਗੇ ਮੁਲਾਕਾਤ
ਲੰਮੇ ਸਮੇਂ ਤੋਂ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲੀ ਬੈਠੇ ਨਵਜੋਤ ਸਿੰਘ ਸਿੱਧੂ (Navjot Singh sidhu) ਮੰਗਲਵਾਰ ਨੂੰ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨਗੇ ਅਤੇ ਹਰੀਸ਼ ਰਾਵਤ, ਮਲਿਕਾ ਅਰਜੁਨ ਖੜਗੇ ਸਣੇ ਜੇ.ਪੀ. ਅਗਰਵਾਲ ਅੱਗੇ ਆਪਣਾ ਪੱਖ ਰੱਖਣਗੇ। ਨਵਜੋਤ ਸਿੰਘ ਸਿੱਧੂ ਦੀ ਇਹ ਮੁਲਾਕਾਤ ਮੰਗਲਵਾਰ ਸਵੇਰੇ 11:30 ਵਜੇ ਹੋਵੇਗੀ।
ਕੈਪਟਨ ਵੀ ਜਾਣਗੇ ਦਿੱਲੀ ਦਰਬਾਰ
ਜਾਣਕਾਰੀ ਮੁਤਾਬਕ ਇਸੇ ਲੜੀ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt amarinder singh) ਵੀ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਦਿੱਲੀ ਜਾਣਗੇ ਤੇ 3 ਮੈਂਬਰੀ ਪੈਨਲ ਨਾਲ ਮੁਲਾਕਾਤ ਕਰਨਗੇ।
ਪੰਜਾਬ ਕਾਂਗਰਸ 'ਚ ਕਲਹ ਦੇ ਕਈ ਕਾਰਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ( Chief Minister Capt. Amarinder Singh) ਵੱਲੋਂ 2017 ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਕਈਂ ਵਿਧਾਇਕਾਂ ’ਚ ਰੋਸ ਪਾਇਆ ਜਾ ਰਿਹਾ ਸੀ ਤੇ ਨਾਰਾਜ਼ ਵਿਧਾਇਕਾਂ ਵੱਲੋਂ ਗੁਪਤ ਬੈਠਕਾਂ ਦਾ ਦੌਰ ਚੱਲ ਰਿਹਾ ਸੀ। ਖ਼ਾਸ ਕਰ ਬੇਅਦਬੀ ਮਾਮਲੇ ਨੂੰ ਲੈ ਕੇ ਹਰ ਇੱਕ ਵਿਧਾਇਕ ਮੁੱਖ ਮੰਤਰੀ ਅੱਗੇ ਆਪਣਾ ਰੋਸ ਜ਼ਾਹਿਰ ਕਰ ਚੁੱਕੇ ਸਨ।
ਦੱਸ ਦਈਏ ਕਿ ਨਵਜੋਤ ਸਿੱਧੂ ਉਪਰ 2019 ਲੋਕਸਭਾ ਚੋਣਾਂ 'ਚ ਬਠਿੰਡਾ ਸੀਟ ਦੀ ਹੋਈ ਹਾਰ ਦਾ ਠੀਕਰਾ ਫੋੜਿਆ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਨੇ ਚੁੱਪੀ ਤੋੜਦਿਆਂ ਕਿਹਾ ਸੀ ਕੀ ਜੇਕਰ ਉਨ੍ਹਾਂ ਕਾਰਨ ਉਹ ਬਠਿੰਡਾ ਸੀਟ ਹਾਰੇ ਹਨ ਤਾਂ 35 ਸਾਲ ਵਿੱਚ ਕਾਂਗਰਸ ਬਠਿੰਡਾ ਸੀਟ ਕਿਉਂ ਨਹੀਂ ਜਿੱਤ ਸਕੀ, ਜਿਸ ਤੋਂ ਬਾਅਦ ਕੈਪਟਨ ਨਾਲ ਸਿੱਧੂ ਦੀਆਂ ਦੂਰੀਆ ਵਧਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ।