ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 6 ਮਾਰਚ ਨੂੰ ਚੌਥਾ ਦਿਨ ਹੈ। ਇਸ ਦੌਰਾਨ ਬਜਟ 'ਤੇ ਬਹਿਸ ਕਰਵਾਈ ਜਾ ਰਹੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕੱਲ੍ਹ ਮੰਗਲਵਾਰ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਸੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਬਜਟ ਵਿੱਚ ਉਠਾਏ ਗਏ ਹਰ ਸਵਾਲ ਦਾ ਜਵਾਬ ਦੇਣਗੇ। ਬਜਟ ਸੈਸ਼ਨ ਦੌਰਾਨ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚਰਚਾ ਕਰ ਰਹੇ ਸਨ ਤਾਂ ਸਪੀਕਰ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਸਪੀਕਰ ਨੇ ਕਿਹਾ ਕਿ ਕਾਂਗਰਸ ਨੂੰ ਜੋ ਬੋਲਣ ਦਾ ਮੌਕਾ ਦਿੱਤਾ ਸੀ ਉਸਦਾ ਸਮਾਂ ਪੂਰਾ ਹੋ ਚੁੱਕਿਆ ਹੈ। ਇਸ ਦੌਰਾਨ ਸਪੀਕਰ ਨੇ ਕਿਹਾ ਕਾਂਗਰਸ ਨੂੰ ਬੋਲਣ ਦੇ ਲਈ 28 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਆਦਾ ਸਮਾਂ ਲਿਆ, ਇਸ ਲਈ ਇਹ ਉਨ੍ਹਾਂ ਦੀ ਪਾਰਟੀ ਦੀ ਸਮੱਸਿਆ ਹੈ। ਪਰ ਅਮਰਜੀਤ ਸਿੰਘ ਰਜਵਾੜਾ ਲਗਾਤਾਰ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਬਜਟ 'ਤੇ ਚਰਚਾ ਲਈ ਸਮਾਂ ਦਿੱਤਾ ਜਾਵੇ।
ਇਸ ਤੋਂ ਬਾਅਦ ਹੰਗਾਮਾ ਇੰਨਾ ਵਧ ਗਿਆ ਕਿ ਸਪੀਕਰ ਨੇ ਮਾਰਸ਼ਲ ਬੁਲਾ ਕੇ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਦਾ ਹੁਕਮ ਦੇ ਦਿੱਤਾ। ਇਸ ਦੇ ਨਾਲ ਹੀ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। 15 ਮਿੰਟ ਬਾਅਦ ਜਦੋਂ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਪੀਕਰ ਨੇ ਮਾਰਸ਼ਲ ਨੂੰ ਹੁਕਮਾਂ ਦੀ ਪਾਲਣਾ ਕਰਦਿਆਂ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ।
ਇਸ ਤੋਂ ਪਹਿਲਾਂ ਵਿਧਾਨ ਸਭਾ 'ਚ ਬਜਟ 'ਤੇ ਹੋਈ ਚਰਚਾ ਦੌਰਾਨ ਜਿੱਥੇ ਕਾਂਗਰਸ ਪਾਰਟੀ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ 'ਤੇ ਸਰਕਾਰ ਨੂੰ ਘੇਰਿਆ, ਉਥੇ ਹੀ ਪੰਜਾਬ ਸਿਰ ਵੱਧ ਰਹੇ ਕਰਜ਼ੇ ਨੂੰ ਲੈ ਕੇ ਹੰਗਾਮਾ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੱਤਾਧਾਰੀ ਪਾਰਟੀ 'ਤੇ ਇਸ਼ਤਿਹਾਰਾਂ 'ਤੇ ਪੈਸਾ ਖਰਚ ਕਰਨ ਅਤੇ ਕੇਂਦਰ ਨੂੰ ਪੈਸਾ ਵਾਪਿਸ ਕਰਨ 'ਤੇ ਵੀ ਤਿੱਖਾ ਹਮਲਾ ਕੀਤਾ। ਕਾਂਗਰਸੀ ਆਗੂਆਂ ਨੇ ਸਪੀਕਰ ਵੱਲੋਂ ਉਨ੍ਹਾਂ ਨੂੰ ਸਦਨ ਤੋਂ ਬਾਹਰ ਕਰਨ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਅਤੇ ਬਜਟ 'ਤੇ ਚਰਚਾ ਲਈ ਦਿੱਤੇ ਗਏ ਘੱਟ ਸਮੇਂ 'ਤੇ ਸਵਾਲ ਉਠਾਏ।