ਪੰਜਾਬ

punjab

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ, ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ - Lok Sabha Elections 2024

By ETV Bharat Punjabi Team

Published : Apr 3, 2024, 7:31 AM IST

Lok Sabha Elections 2024: ਲੋਕ ਸਭਾ ਚੋਣਾਂ ਦੀ ਤਿਆਰੀ ਦੀ ਸਮੀਖਿਆ ਲਈ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਅੰਤਰ-ਰਾਜੀ ਮੀਟਿੰਗ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਭਾਰਤੀ ਚੋਣ ਕਮਿਸ਼ਨ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੰਜਾਬ ਭਰ 'ਚ ਚੌਕਸੀ ਵਧਾਈ ਗਈ ਹੈ। ਪੜ੍ਹੋ ਪੂਰੀ ਖਬਰ।

Lok Sabha Elections 2024
Lok Sabha Elections 2024

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਅੱਜ ਉਪ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਅਤੇ ਅਜੇ ਭਾਦੂ ਦੀ ਅਗਵਾਈ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਅਤੇ ਇਨਕਮ ਟੈਕਸ, ਈਡੀ, ਕਸਟਮਜ਼ ਸਮੇਤ ਇਨਫੋਰਸਮੈਂਟ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਬੰਧਾਂ ਤੇ ਕਾਨੂੰਨ ਵਿਵਸਥਾ ਦੇ ਤਾਲਮੇਲ ਦੀ ਸਮੀਖਿਆ ਕਰਨ ਲਈ ਅੰਤਰ-ਰਾਜੀ ਮੀਟਿੰਗ ਕੀਤੀ ਗਈ।

ਸਰਹੱਦਾਂ ਉੱਤੇ ਮੁਸਤੈਦੀ ਵਰਤਣ ਦੇ ਨਿਰਦੇਸ਼: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਮਿਸ਼ਨ ਦੀ ਟੀਮ ਨੇ ਸੂਬੇ ਦੀਆਂ ਚੋਣ ਟੀਮਾਂ ਅਤੇ ਸਬੰਧਤ ਏਜੰਸੀਆਂ ਨੂੰ ਸਰਹੱਦਾਂ 'ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸੂਬੇ ਦੇ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੰਤਰਰਾਜੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਕਮਿਸ਼ਨ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਗੁਆਂਢੀ ਰਾਜਾਂ ਦੀਆਂ ਅੰਤਰ-ਰਾਜੀ ਚੈਕ ਪੋਸਟਾਂ 'ਤੇ ਹੋਰ ਚੌਕਸੀ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਜੋ ਗੈਰ-ਕਾਨੂੰਨੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਮੁਫਤ ਦੀਆਂ ਚੀਜ਼ਾਂ ਦੀ ਸਰਹੱਦ ਪਾਰ ਤੋਂ ਰੋਕ ਨੂੰ ਯਕੀਨੀ ਬਣਾਇਆ ਜਾ ਸਕੇ।

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਉੱਤੇ ਸਖ਼ਤ ਕਾਰਵਾਈ:ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਅਧਿਕਾਰੀਆਂ ਨੂੰ ਨਾਲ ਲੱਗਦੇ ਸਰਹੱਦੀ ਰਾਜਾਂ ਦੇ ਸਹਿਯੋਗ ਨਾਲ ਗੈਰ ਕਾਨੂੰਨੀ ਸਮਾਨ ਦੀਆਂ ਜ਼ਬਤੀਆਂ ਵਧਾਉਣ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਉੱਥੇ ਹੀ ਕਮਿਸ਼ਨ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਪੁਲਿਸ ਅਤੇ ਸੀਆਰਪੀਐਫ ਦੀਆਂ ਟੀਮਾਂ ਨੂੰ ਸਖ਼ਤ ਨਿਗਰਾਨੀ ਰੱਖਣ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਯਕੀਨ ਦਿਵਾਇਆ ਕਿ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।(ਪ੍ਰੈਸ ਨੋਟ)

ABOUT THE AUTHOR

...view details