ਪੰਜਾਬ

punjab

ਜਲੰਧਰ ਜ਼ਿਲ੍ਹੇ ਦਾ ਪ੍ਰਸ਼ਾਸਨ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਤਿਆਰ

By ETV Bharat Punjabi Team

Published : Mar 18, 2024, 10:10 PM IST

jalandhar administration : ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਕੁੱਲ 1642857 ਵੋਟਰ ਹਨ, ਜਿਨ੍ਹਾਂ ਵਿੱਚ 854446 ਮਰਦ ਅਤੇ 788368 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 18-19 ਸਾਲ ਦੀ ਉਮਰ ਦੇ 39853 ਵੋਟਰ, 43 ਥਰਡ ਜੈਂਡਰ, 10181 ਪੀ.ਡਬਲਯੂ.ਡੀ. ਵੋਟਰ, 1795 ਸਰਵਿਸ ਵੋਟਰ, 14288 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ।

Lok sabha elections jalandhar administration ready
ਜਲੰਧਰ ਜ਼ਿਲ੍ਹੇ ਦਾ ਪ੍ਰਸ਼ਾਸਨ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਤਿਆਰ

ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਲੋਕ ਸਭਾ ਹਲਕਾ (ਐਸ.ਸੀ.) ਲਈ ਲੋਕ ਸਭਾ ਚੋਣਾਂ-2024 ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਸਿਵਲ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ, ਜਿਸ ਤਹਿਤ ਲਗਭਗ 16.42 ਲੱਖ ਵੋਟਰ 1951 ਪੋਲਿੰਗ ਬੂਥਾਂ 'ਤੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸਿਵਲ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।


7 ਮਈ ਨੂੰ ਨੋਟੀਫਿਕੇਸ਼ਨ ਜਾਰੀ: ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਹਲਕੇ ਲਈ 7 ਮਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀ ਪ੍ਰਕਿਰਿਆ 14 ਮਈ ਤੱਕ ਮੁਕੰਮਲ ਹੋਵੇਗੀ, ਜਿਸ ਤੋਂ ਬਾਅਦ 15 ਮਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ। 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਉਸ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਸਾਰੀ ਚੋਣ ਪ੍ਰਕਿਰਿਆ 6 ਜੂਨ, 2024 ਤੱਕ ਮੁਕੰਮਲ ਹੋ ਜਾਵੇਗੀ।

ਜਲੰਧਰ ਲੋਕ ਸਭਾ ਹਲਕੇ ਵਿੱਚ ਕੁੱਲ 1642857 ਵੋਟਰ: ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਕੁੱਲ 1642857 ਵੋਟਰ ਹਨ, ਜਿਨ੍ਹਾਂ ਵਿੱਚ 854446 ਮਰਦ ਅਤੇ 788368 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 18-19 ਸਾਲ ਦੀ ਉਮਰ ਦੇ 39853 ਵੋਟਰ, 43 ਥਰਡ ਜੈਂਡਰ, 10181 ਪੀ.ਡਬਲਯੂ.ਡੀ. ਵੋਟਰ, 1795 ਸਰਵਿਸ ਵੋਟਰ, 14288 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 1145 ਥਾਵਾਂ 'ਤੇ 1951 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿੱਥੇ ਪੀਣ ਵਾਲਾ ਪਾਣੀ, ਪੀ.ਡਬਲਯੂ.ਡੀ. ਵੋਟਰਾਂ ਲਈ ਵ੍ਹੀਲ ਚੇਅਰ, ਵੋਟਰ ਸੁਵਿਧਾ ਡੈਸਕ ਆਦਿ ਦੀ ਵਿਵਸਥਾ ਉਪਲਬਧ ਹੈ।


ਚੋਣ ਖਰਚੇ ਦੀ ਹੱਦ 95 ਲੱਖ ਰੁਪਏ ਨਿਰਧਾਰਿਤ : ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ ਬਾਰੇ ਗੱਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਖਰਚੇ ਦੀ ਹੱਦ 95 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ ਅਤੇ ਖਰਚੇ 'ਤੇ ਨਜ਼ਰ ਰੱਖਣ ਲਈ ਐਸ.ਐਸ.ਟੀਜ਼., ਵੀ.ਵੀ.ਟੀਜ਼., ਫਲਾਇੰਗ ਸਕੁਐਡ ਪਹਿਲਾਂ ਹੀ ਫੀਲਡ ਵਿੱਚ ਤਾਇਨਾਤ ਕੀਤੇ ਜਾ ਚੁੱਕੇ ਹਨ।

ਹੈਲਪਲਾਈਨ ਨੰਬਰ 1950: ਉਨ੍ਹਾਂ ਇਹ ਵੀ ਦੱਸਿਆ ਕਿ ਸਿਆਸੀ ਪਾਰਟੀਆਂ/ਉਮੀਦਵਾਰਾਂ ਦੀ ਸਹੂਲਤ ਲਈ ਕਮਰਾ ਨੰਬਰ 22, ਜ਼ਮੀਨੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਸਿੰਗਲ ਵਿੰਡੋ’ ਸਿਸਟਮ ਸਥਾਪਤ ਕੀਤਾ ਗਿਆ ਹੈ, ਜਿੱਥੇ ਸਿਆਸੀ ਪਾਰਟੀਆਂ/ਉਮੀਦਵਾਰ ਚੋਣ ਪ੍ਰਚਾਰ ਲਈ ਨਾਨ ਕਮਰਸ਼ੀਅਲ/ਰਿਮੋਟ/ਅਨਕੰਟਰੋਲਡ ਹਵਾਈ ਅੱਡਿਆਂ/ਹੈਲੀਪੈਡਾਂ, ਜਨਤਕ ਮੀਟਿੰਗਾਂ, ਰੈਲੀਆਂ/ਜਲੂਸਾਂ, ਲਾਊਡਸਪੀਕਰਾਂ, ਵਾਹਨਾਂ ਦੀ ਵਰਤੋਂ, ਵੀਡੀਓ ਵੈਨਾਂ ਚਲਾਉਣਾ ਆਦਿ ਸਮੇਤ ਚੋਣਾਂ ਸੰਬੰਧੀ ਵੱਖ-ਵੱਖ ਪ੍ਰਵਾਨਗੀਆਂ ਲਈ ਬਿਨੈ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ (ਐਮ.ਸੀ.ਸੀ.) ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਐਮ.ਸੀ.ਸੀ. ਦੀ ਉਲੰਘਣਾ ਸਬੰਧੀ ਸੀ-ਵਿਜਿਲ ਐਪ/ਜ਼ਿਲ੍ਹਾ ਪੱਧਰ ਅਤੇ ਵਿਧਾਨ ਸਭਾ ਪੱਧਰ 'ਤੇ ਸ਼ਿਕਾਇਤ ਸੈੱਲ ਦੀ ਵਰਤੋਂ ਤੋਂ ਇਲਾਵਾ ਹੈਲਪਲਾਈਨ ਨੰਬਰ 1950 'ਤੇ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਤ ਸਮੇਂ ਦੇ ਅੰਦਰ ਕੀਤਾ ਜਾਵੇਗਾ।

39 ਹਜ਼ਾਰ ਤੋਂ ਵੱਧ ਨਵੇਂ ਵੋਟਰ: ਉਨ੍ਹਾਂ ਕਿਹਾ ਕਿ ਵੋਟਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪਿਛਲੀਆਂ ਚੋਣਾਂ ਵਿੱਚ ਘੱਟ ਮਤਦਾਨ ਵਾਲੇ ਖੇਤਰਾਂ ਦੀ ਪਛਾਣ ਕਰਕੇ ਉਥੇ ਸਵੀਪ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ 70 ਫੀਸਦੀ ਪੋਲਿੰਗ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ । ਇਸ ਤੋਂ ਇਲਾਵਾ 39 ਹਜ਼ਾਰ ਤੋਂ ਵੱਧ ਨਵੇਂ ਵੋਟਰ ਵੋਟਰ ਜਾਗਰੂਕਤਾ ਦੂਤ ਵਜੋਂ ਕੰਮ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ 15,000 ਤੋਂ ਵੱਧ ਚੋਣ ਕਰਮਚਾਰੀ ਡਿਊਟੀ ਨਿਭਾਉਣਗੇ। ਇਸ ਤੋਂ ਇਲਾਵਾ ਸਾਰੇ ਬੈਂਕਾਂ ਦੇ ਲੈਣ-ਦੇਣ ਅਤੇ ਸ਼ਰਾਬ ਦੇ ਉਤਪਾਦਨ ਅਤੇ ਸਟੋਰੇਜ 'ਤੇ ਵੀ ਚੋਣ ਅਧਿਕਾਰੀਆਂ ਦੀ ਤਿੱਖੀ ਨਜ਼ਰ ਹੈ । ਉਨ੍ਹਾਂ ਸਪੱਸ਼ਟ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਐਮ.ਸੀ.ਸੀ. ਦੀ ਉਲੰਘਣਾ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details