ਪੰਜਾਬ

punjab

ਕੀ ਮਹਿਲਾਵਾਂ ਸਿਰਫ ਵੋਟ ਪਾਉਣ ਤੱਕ ਰਹਿ ਗਈਆਂ ਸੀਮਿਤ ! ਪੰਜਾਬ ਦੀ ਸਿਆਸਤ 'ਚ ਮਹਿਲਾਵਾਂ ਦੀ ਕਿੰਨੀ ਭਾਗੀਦਾਰੀ, ਵੇਖੋ ਵਿਸ਼ੇਸ਼ ਰਿਪੋਰਟ - Lok Sabha Election 2024

By ETV Bharat Punjabi Team

Published : Apr 15, 2024, 12:53 PM IST

Women Candidates In Elections: ਪੰਜਾਬ ਵਿੱਚ ਇੱਕ ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ। 3 ਪਾਰਟੀਆਂ ਵੱਲੋਂ 20 ਤੋਂ ਜਿਆਦਾ ਉਮੀਦਵਾਰਾਂ ਦਾ ਐਲਾਨ ਜਿਸ ਚੋਂ ਮਹਿਜ਼ ਇੱਕ ਮਹਿਲਾ ਹੀ ਉਮੀਦਵਾਰ ਹੈ। ਆਖਿਰ ਕਿਉਂ ਨਹੀਂ ਟੁੱਟ ਰਹੀ ਇਹ ਪੁਰਾਣੀ ਪਰੰਪਰਾ, ਕੀ ਹੈ ਹੁਣ ਤੱਕ ਦਾ ਆਂਕੜਾ, ਵੇਖੋ ਇਹ ਵਿਸ਼ੇਸ਼ ਰਿਪੋਰਟ।

Women Candidates In Elections
Women Candidates In Elections

ਕੀ ਮਹਿਲਾਵਾਂ ਸਿਰਫ ਵੋਟ ਪਾਉਣ ਤੱਕ ਰਹਿ ਗਈਆਂ ਸੀਮਿਤ !

ਲੁਧਿਆਣਾ : ਲੋਕ ਸਭਾ ਚੋਣਾਂ ਦੇ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵੱਡੀ ਹੋਣ ਦੇ ਬਾਵਜੂਦ ਹਿੱਸੇਦਾਰੀ ਬਹੁਤ ਘੱਟ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਤਾਂ ਪੰਜਾਬ ਵਿੱਚ 47.4 ਫੀਸਦੀ ਮਹਿਲਾ ਵੋਟਰ ਹਨ। ਆਮ ਆਦਮੀ ਪਾਰਟੀ ਨੇ 13 ਲੋਕ ਸਭਾ ਸੀਟਾਂ ਵਿੱਚੋਂ 9 ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ, ਜਿਨ੍ਹਾਂ ਚੋਂ ਇੱਕ ਵੀ ਮਹਿਲਾ ਉਮੀਦਵਾਰ ਨਹੀਂ ਹੈ। ਉੱਥੇ ਹੀ ਭਾਜਪਾ ਵੱਲੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਇੱਕ ਟਿਕਟ ਪਰਨੀਤ ਕੌਰ ਨੂੰ ਪਟਿਆਲੇ ਤੋਂ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਪੰਜਾਬ ਦੇ ਵਿੱਚ ਅੱਠ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨਾਂ ਵਿੱਚੋਂ ਇੱਕ ਵੀ ਮਹਿਲਾ ਨਹੀਂ ਹੈ, ਹਾਲਾਂਕਿ ਬਾਕੀ ਪਾਰਟੀਆਂ ਵੱਲੋਂ ਫਿਲਹਾਲ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਬਾਕੀ ਪਾਰਟੀਆਂ ਵੱਲੋਂ ਵੀ ਸਿਰਫ ਇੱਕ ਜਾਂ ਦੋ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਂਦੀ ਹੈ।

ਜਦਕਿ ਪੰਜਾਬ ਵਿੱਚ ਮਾਰਚ ਮਹੀਨੇ ਅੰਦਰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਕੁੱਲ 1 ਕਰੋੜ, 77 ਹਜਾਰ, 543 ਮਹਿਲਾ ਵੋਟਰ ਹਨ। ਹਾਲਾਂਕਿ, ਜੇਕਰ ਮਰਦ ਵੋਟਰਾਂ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦੀ ਗਿਣਤੀ ਕੁੱਲ ਇਕ ਕਰੋੜ, 11 ਲੱਖ, 92 ਹਜ਼ਾਰ, 959 ਹੈ।

ਪਟਿਆਲਾ ਤੋਂ ਪਰਨੀਤ ਕੌਰ ਨੂੰ ਟਿਕਟ:ਹਾਲਾਂਕਿ, ਪੰਜਾਬ ਵਿੱਚ ਵੱਖ-ਵੱਖ ਤਿੰਨ ਪਾਰਟੀਆਂ ਨੇ ਆਪਣੇ 20 ਤੋਂ ਵੱਧ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਸਿਰਫ ਭਾਜਪਾ ਨੇ ਹੀ ਆਪਣੇ 6 ਉਮੀਦਵਾਰਾਂ ਵਿੱਚੋਂ ਮਹਿਜ਼ ਇੱਕ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਹੈ, ਜੋ ਕਿ ਪਟਿਆਲਾ ਤੋਂ ਪਰਨੀਤ ਕੌਰ ਹੈ। ਹਾਲਾਂਕਿ ਕਾਂਗਰਸ ਅਤੇ ਅਕਾਲੀ ਦਲ ਨੇ ਹਾਲੇ ਆਪਣੀ ਉਮੀਦਵਾਰਾਂ ਦਾ ਐਲਾਨ ਕਰਨਾ ਹੈ, ਪਰ ਪੰਜਾਬ ਵਿੱਚ ਮਹਿਲਾਵਾਂ ਦੀ ਵੋਟ ਫੀਸਦੀ ਦੇ ਮੁਕਾਬਲੇ ਮਹਿਲਾ ਉਮੀਦਵਾਰਾਂ ਦੀ ਗਿਣਤੀ ਬਹੁਤ ਜਿਆਦਾ ਘੱਟ ਹੈ। ਇਥੋਂ ਤੱਕ ਕਿ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ ਉਮੀਦਵਾਰਾਂ ਦੀ ਫੀਸਦੀ 20 ਫੀਸਦੀ ਵੀ ਨਹੀਂ ਬਣਦੀ। ਜਦਕਿ, ਲੋਕ ਸਭਾ ਵਿੱਚ 33 ਫੀਸਦੀ ਮਹਿਲਾਵਾਂ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਂਦੀ ਹੈ।

ਦੇਸ਼ ਦੀ ਸਿਆਸਤ 'ਚ ਮਹਿਲਾਵਾਂ ਦੀ ਭਾਗੀਦਾਰੀ

ਦੇਸ਼ ਦੇ ਅੰਕੜੇ:ਲੋਕ ਸਭਾ ਚੋਣਾਂ 2019 ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਮਹਿਜ਼ 9 ਫੀਸਦੀ ਹੀ ਮਹਿਲਾ ਉਮੀਦਵਾਰਾਂ ਨੂੰ ਵੱਖ-ਵੱਖ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਟਿਕਟ ਦਿੱਤੀ ਸੀ। 2019 ਦੇ ਵਿੱਚ ਲੋਕ ਸਭਾ ਦੇ ਵਿੱਚ ਪੁੱਜਣ ਵਾਲੀ ਮਹਿਲਾ ਮੈਂਬਰ ਪਾਰਲੀਮੈਂਟ ਦੀ ਗਿਣਤੀ 78 ਸੀ ਜੋ ਕਿ 33 ਫੀਸਦੀ ਦਾਅਵੇ ਤੋਂ ਕਿਤੇ ਘੱਟ ਸੀ। ਸਭ ਤੋਂ ਜਿਆਦਾ ਭਾਜਪਾ ਦੀਆਂ ਮਹਿਲਾ ਮੈਂਬਰ ਪਾਰਲੀਮੈਂਟ ਦੀ ਗਿਣਤੀ ਸੀ, ਭਾਜਪਾ ਵੱਲੋਂ 41 ਮਹਿਲਾ ਮੈਂਬਰ ਪਾਰਲੀਮੈਂਟ ਜਿੱਤ ਕੇ ਲੋਕ ਸਭਾ ਪਹੁੰਚੀਆਂ ਜਦੋਂ ਕਿ ਕਾਂਗਰਸ ਦੀਆਂ 6 ਮਹਿਲਾ ਮੈਂਬਰ ਪਾਰਲੀਮੈਂਟ ਬਣ ਸਕੀਆਂ।

ਜਦਕਿ, 128 ਸੰਵਿਧਾਨਿਕ ਸੋਧ ਬਿਲ 2023 ਲੋਕ ਸਭਾ ਦੇ ਵਿੱਚ 33 ਫੀਸਦੀ ਮਹਿਲਾ ਮੈਂਬਰ ਪਾਰਲੀਮੈਂਟ ਦੀ ਸਿਫਾਰਿਸ਼ ਕਰਦਾ ਹੈ। 1957 ਦੇ ਵਿੱਚ ਮਹਿਜ਼ 45 ਮਹਿਲਾ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ ਹਾਲਾਂਕਿ ਸਾਲ 2019 ਤੱਕ ਆਉਂਦੇ ਆ ਇਹ ਅੰਕੜਾ 726 ਦੇ ਤੱਕ ਪਹੁੰਚ ਗਿਆ। 1957 ਦੇ ਵਿੱਚ ਮਹਿਲਾ ਪਾਰਲੀਮੈਂਟ ਦਾ ਅੰਕੜਾ ਜੋ 4.5 ਫ਼ੀਸਦੀ ਸੀ 2019 ਦੇ ਵਿੱਚ ਉਹ ਆਂਕੜਾ 14.4 ਫੀਸਦੀ ਤੱਕ ਪਹੁੰਚ ਗਿਆ। 1957 ਦੇ ਵਿੱਚ 45 ਮਹਿਲਾ ਕੈਂਡੀਡੇਟ ਵਿੱਚੋਂ 22 ਮਹਿਲਾਵਾਂ ਦੀ ਜਿੱਤ ਹੋਈ ਸੀ ਜਿੱਤ ਫੀਸਦੀ ਲਗਭਗ 50 ਫੀਸਦੀ ਸੀ ਪਰ ਸਾਲ 2019 ਦੇ ਵਿੱਚ 726 ਮਹਿਲਾ ਉਮੀਦਵਾਰਾਂ ਵਿੱਚੋਂ 78 ਤੇ ਜਿੱਤ ਸਕ ੀਆਂ ਜਿਸ ਦੀ ਸਕਸੈਸ ਫੀਸਦ ਮਹਿਜ਼ 10.74 ਫੀਸਦੀ ਹੀ ਰਹੀ।

ਪੰਜਾਬ ਦੀ ਸਿਆਸਤ 'ਚ ਮਹਿਲਾਵਾਂ ਦੀ ਭਾਗੀਦਾਰੀ

ਪੰਜਾਬ ਦੇ ਆਂਕੜੇ: ਸਾਲ 2009 ਪੰਜਾਬ ਦੀਆਂ ਲੋਕ ਸਭਾ ਸੀਟਾਂ ਦੀ ਕੀਤੀ ਜਾਵੇ ਤਾਂ 13 ਦੇ ਵਿੱਚੋਂ ਤਿੰਨ ਮਹਿਲਾਵਾਂ ਮੈਂਬਰ ਪਾਰਲੀਮੈਂਟ ਬਣੀਆਂ, ਜਿਨ੍ਹਾਂ ਵਿੱਚ ਪਰਮਜੀਤ ਕੌਰ ਗੁਲਸ਼ਨ ਹਰਸਿਮਰਤ ਕੌਰ ਬਾਦਲ ਅਤੇ ਪਰਨੀਤ ਕੌਰ ਸ਼ਾਮਿਲ ਸੀ। ਇਸੇ ਤਰ੍ਹਾਂ ਜੇਕਰ ਗੱਲ 2014 ਦੇ ਨਤੀਜਿਆਂ ਦੀ ਕੀਤੀ ਜਾਵੇ ਤਾਂ ਮਹਿਜ਼ ਇੱਕੋ ਹੀ ਮਹਿਲਾ ਮੈਂਬਰ ਪਾਰਲੀਮੈਂਟ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਬਣੀ। ਇਸੇ ਤਰ੍ਹਾਂ ਜੇਕਰ ਗੱਲ 2019 ਦੀ ਕੀਤੀ ਜਾਵੇ, ਤਾਂ ਦੋ ਮਹਿਲਾ ਮੈਂਬਰ ਪਾਰਲੀਮੈਂਟ ਲੋਕ ਸਭਾ ਪਹੁੰਚੀਆਂ, ਜਿਨ੍ਹਾਂ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਪਟਿਆਲਾ ਤੋਂ ਪਰਨੀਤ ਕੌਰ ਸ਼ਾਮਿਲ ਰਹੀ। ਜੇਕਰ ਪਿਛਲੇ ਤਿੰਨ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 39 ਤਿੰਨ ਵਾਰ ਲਗਾਤਾਰ ਚੁਣੇ ਗਏ। ਜੇਤੂ ਸੰਸਦ ਮੈਂਬਰ ਆ ਵਿੱਚੋਂ ਮਹਿਜ਼ 5 ਵਾਰ ਸੀਟਾਂ ਹੀ ਮਹਿਲਾਵਾਂ ਜਿੱਤ ਸਕੀਆਂ।

ਭਾਜਪਾ ਆਗੂ

ਮਹਿਲਾ ਵੋਟਰਾਂ ਦਾ ਮੁਲਾਂਕਣ:ਪੰਜਾਬ ਵਿੱਚ ਵੱਡੀ ਗਿਣਤੀ ਅੰਦਰ ਮਹਿਲਾ ਵੋਟਰ ਹਨ, ਜਿਨ੍ਹਾਂ ਵਿੱਚੋਂ ਕਈ ਸੀਟਾਂ ਅਜਿਹੀਆਂ ਵੀ ਹਨ, ਜਿੱਥੇ ਮਰਦਾਂ ਨਾਲੋਂ ਮਹਿਲਾ ਵੋਟਰਾਂ ਦੀਆਂ ਗਿਣਤੀਆਂ ਜਿਆਦਾ ਹਨ ਪਰ ਇਸਦੇ ਬਾਵਜੂਦ ਉਹਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਮਹਿਲਾਵਾਂ ਨੂੰ ਅਗਵਾਈ ਦੇ ਮੌਕੇ ਨਹੀਂ ਮਿਲ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਵਿਖੇ 8 ਲੱਖ, 17 ਹਜ਼ਾਰ, 627 ਮਹਿਲਾ ਵੋਟਰ ਹਨ, ਪਰ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਤੱਕ ਕੋਈ ਮਹਿਲਾ ਮੈਂਬਰ ਪਾਰਲੀਮੈਂਟ ਨਹੀਂ ਜਿੱਤ ਸਕੀ। ਇਸੇ ਤਰ੍ਹਾਂ ਕਈ ਹੋਰ ਵੀ ਹਲਕੇ ਹਨ, ਜਿਵੇਂ ਫਤਿਹਗੜ੍ਹ ਸਾਹਿਬ, ਲੁਧਿਆਣਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਹਿਲਾ ਵੋਟਰ ਹਨ, ਪਰ ਉੱਥੇ ਕੋਈ ਮਹਿਲਾ ਮੈਂਬਰ ਪਾਰਲੀਮੈਂਟ 20 ਸਾਲ ਤੋਂ ਨਹੀਂ ਜਿੱਤ ਸਕੀ।

ਮਹਿਲਾਵਾਂ ਨੇ ਕੀ ਕਿਹਾ: ਮਹਿਲਾਵਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਉਹਨਾਂ ਦੀ ਅਗਵਾਈ ਕਰਨ ਵਾਲੀ ਮਹਿਲਾ ਆਗੂਆਂ ਦੀ ਵੱਡੀ ਕਮੀ ਹੈ। ਭਾਜਪਾ ਦੀ ਲੁਧਿਆਣਾ ਤੋਂ ਜ਼ਿਲ੍ਹਾ ਮਹਿਲਾ ਪ੍ਰਧਾਨ ਸ਼ੀਨੂ ਚੁੱਗ ਨੇ ਕਿਹਾ ਕਿ ਸਿਆਸਤ ਵਿੱਚ ਮਹਿਲਾਵਾਂ ਦੀ ਹੁਣ ਭਾਗੀਦਾਰੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਫਿਲਹਾਲ ਸਿਆਸਤ ਦਾ ਤਜ਼ੁਰਬਾ ਘੱਟ ਹੈ। ਇਸ ਕਰਕੇ ਹੀ ਮਹਿਲਾਵਾਂ ਨੂੰ ਫਿਲਹਾਲ ਟਿਕਟਾਂ ਘੱਟ ਮਿਲ ਰਹੀਆਂ ਹਨ, ਪਰ ਜਿਵੇਂ ਜਿਵੇਂ ਮਹਿਲਾਵਾਂ ਦਾ ਤਜ਼ੁਰਬਾ ਸਿਆਸਤ ਵਿੱਚ ਵਧੇਗਾ, ਉਸੇ ਤਰ੍ਹਾਂ ਮਹਿਲਾਵਾਂ ਦੀ ਭਾਗੀਦਾਰੀ ਵੀ ਹੋਰ ਵੱਧ ਜਾਵੇਗੀ।

ਮਹਿਲਾ ਵੋਟਰ

ਉਨ੍ਹਾਂ ਕਿਹਾ ਕਿ ਮਹਿਲਾਵਾਂ ਜੇਕਰ ਘਰ ਸੰਭਾਲ ਸਕਦੀਆਂ ਹਨ। ਸਮਾਜ ਸੰਭਾਲ ਸਕਦੀਆਂ ਹਨ, ਤਾਂ ਦੇਸ਼ ਨੂੰ ਵੀ ਸੰਭਾਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਘਰ ਦਾ ਬਜਟ ਬਣਾ ਸਕਦੀਆਂ ਹਨ, ਤਾਂ ਦੇਸ਼ ਦਾ ਬਜਟ ਵੀ ਬਣਾ ਰਹੀਆਂ ਹਨ ਅਤੇ ਅੱਗੇ ਜਾ ਕੇ ਹੋਰ ਸਿਆਸਤ ਵਿੱਚ ਕਾਮਯਾਬ ਹੋ ਸਕਦੀਆਂ ਹਨ।

ਮਹਿਲਾ ਵੋਟਰ ਵੀ ਹੁਣ ਸਮਝਦਾਰ: ਉੱਥੇ ਹੀ ਸਿਆਸਤਦਾਨਾਂ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ਸਬੰਧੀ ਮਹਿਲਾਵਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮਹਿਲਾਵਾਂ ਜਾਗਰੂਕ ਹਨ, ਉਹ ਸਿਆਸੀ ਲੀਡਰਾਂ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ਅਤੇ ਦਾਅਵਿਆਂ ਵਿੱਚ ਨਹੀਂ ਆਉਣਗੀਆਂ ਆਪਣੀ ਸੋਚ ਸਮਝ ਦੇ ਨਾਲ ਹੀ ਵੋਟ ਪਾਉਣਗੀਆਂ।

ABOUT THE AUTHOR

...view details