ਪੰਜਾਬ

punjab

ਪੰਚਾਇਤਾਂ ਭੰਗ ਹੋਣ ਸਾਰ ਗ੍ਰਾਮ ਪੰਚਾਇਤ ਪੰਪ ਆਪਰੇਟਰਾਂ ਨੂੰ ਸਤਾਉਣ ਲੱਗਿਆ ਰੁਜ਼ਗਾਰ ਖੁਸਣ ਦਾ ਡਰ

By ETV Bharat Punjabi Team

Published : Mar 9, 2024, 8:52 PM IST

ਪੰਜਾਬ 'ਚ ਪੰਚਾਇਤਾਂ ਭੰਗ ਹੋਣ ਸਾਰ ਹੀ ਗ੍ਰਾਮ ਪੰਚਾਇਤ ਪੰਪ ਆਪਰੇਟਰਾਂ ਨੂੰ ਆਪਣੇ ਰੁਜ਼ਗਾਰ ਖੁਸਣ ਦਾ ਡਰ ਸਤਾਉਣ ਲੱਗਾ ਹੈ। ਜਿਸ ਦੇ ਚੱਲਦੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਹਰ ਵਾਰ ਸਰਕਾਰਾਂ ਜਾਂ ਪੰਚਾਇਤਾਂ ਬਦਲਦੇ ਹੀ ਉਨ੍ਹਾਂ ਦੀ ਛਾਂਟੀ ਕਰ ਦਿੱਤੀ ਜਾਂਦੀ ਹੈ।

ਗ੍ਰਾਮ ਪੰਚਾਇਤ ਪੰਪ ਆਪਰੇਟਰ
ਗ੍ਰਾਮ ਪੰਚਾਇਤ ਪੰਪ ਆਪਰੇਟਰ

ਗ੍ਰਾਮ ਪੰਚਾਇਤ ਪੰਪ ਆਪਰੇਟਰ ਜਾਣਕਾਰੀ ਦਿੰਦੇ ਹੋਏ

ਬਠਿੰਡਾ:ਇੱਕ ਪਾਸੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਆਏ ਦਿਨ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ ਅਤੇ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ ਉਹ ਹਜ਼ਾਰਾਂ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੁੱਕੀ ਹੈ। ਉਥੇ ਹੀ ਦੂਜੇ ਪਾਸੇ ਗ੍ਰਾਮ ਪੰਚਾਇਤ ਪੰਪ ਆਪਰੇਟਰ, ਜਿੰਨ੍ਹਾਂ ਨੂੰ ਆਪਣਾ ਰੁਜ਼ਗਾਰ ਖੁਸਣ ਦਾ ਡਰ ਸਤਾਉਣਾ ਸ਼ੁਰੂ ਹੋ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਪੰਜਾਬ ਭਰ ਦੇ 3200 ਦੇ ਕਰੀਬ ਗ੍ਰਾਮ ਪੰਚਾਇਤ ਪੰਪ ਆਪਰੇਟਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੱਕੇ ਰੁਜ਼ਗਾਰ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਉਨ੍ਹਾਂ ਦਾ ਕਹਿਣਾ ਕਿ ਪੰਚਾਇਤਾਂ ਅਤੇ ਸਰਕਾਰ ਬਦਲਦੇ ਹੀ ਉਨ੍ਹਾਂ ਦੀ ਛਾਂਟੀ ਸ਼ੁਰੂ ਹੋ ਜਾਂਦੀ ਹੈ।

ਕਈ ਸਾਲਾਂ ਤੋਂ ਕਰ ਰਹੇ ਹਾਂ ਸੰਘਰਸ਼: ਅੱਜ ਬਠਿੰਡਾ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਗ੍ਰਾਮ ਪੰਚਾਇਤ ਪੰਪ ਆਪਰੇਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜ਼ਗਾਰ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪੰਪ ਆਪਰੇਟਰ ਐਸੋਸੀਏਸ਼ਨ ਦੇ ਜਸਪ੍ਰੀਤ ਸ਼ਰਮਾ ਦਾ ਕਹਿਣਾ ਹੈ ਕਿ ਉਨਾਂ ਦੇ ਕਈ ਮੈਂਬਰ ਪਿਛਲੇ 10 ਤੋਂ 12 ਸਾਲਾਂ ਤੋਂ ਲਗਾਤਾਰ ਪੰਪ ਆਪਰੇਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਪਰ ਹਰ ਵਾਰ ਜਦੋਂ ਪੰਜਾਬ ਵਿੱਚ ਪੰਚਾਇਤਾਂ ਜਾਂ ਸਰਕਾਰ ਬਦਲਦੀ ਹੈ ਤਾਂ ਨਵੇਂ ਹੁਕਮਰਾਨਾਂ ਵੱਲੋਂ ਉਹਨਾਂ ਦੀ ਛਾਂਟੀ ਕਰ ਦਿੱਤੀ ਜਾਂਦੀ ਹੈ। ਜਿਸ ਕਾਰਨ ਹਰ ਵਾਰ ਸਰਕਾਰ ਅਤੇ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੇ ਰੁਜ਼ਗਾਰ ਖੁਸਣ ਦਾ ਡਰ ਰਹਿੰਦਾ ਹੈ।

ਪੱਕੇ ਰੁਜ਼ਗਾਰ ਦੀ ਕਰ ਰਹੇ ਹਾਂ ਮੰਗ:ਉਨ੍ਹਾਂ ਦਾ ਕਹਿਣਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜ਼ਗਾਰ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲਗਾਤਾਰ ਬੈਠਕਾਂ ਕਰਨ ਦੇ ਬਾਵਜੂਦ ਉਹਨਾਂ ਦੇ ਪੱਕੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜਬੂਰਨ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਉਹਨਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਛਾਂਟੀ ਕਰਨੀ ਹੈ ਤਾਂ ਇੱਕ ਵਾਰ ਹੀ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸਰਕਾਰ ਵੱਲੋਂ ਉਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਵੱਲੋਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ।

ABOUT THE AUTHOR

...view details