ਪੰਜਾਬ

punjab

ਪੰਜਾਬ ਦੀ ਸਿਆਸਤ 'ਤੇ ਕਦੇ ਨੇਤਾ-ਕਦੇ ਅਭਿਨੇਤਾ, ਸਾਹਿਤਕਾਰ ਵੀ ਹੋਏ ਸਿਆਸਤਦਾਨ-ਵੇਖੋ ਸਪੈਸ਼ਲ ਰਿਪੋਰਟ

By ETV Bharat Punjabi Team

Published : Mar 19, 2024, 11:45 AM IST

Updated : 21 hours ago

Celebrities In Punjab Politics: ਸਿਰਫ ਭਗਵੰਤ ਮਾਨ ਹੀ ਪਹਿਲੇ ਮੁੱਖ ਮੰਤਰੀ ਨਹੀਂ, ਜਿਨ੍ਹਾਂ ਦਾ ਪਿਛੋਕੜ ਕਲਾ ਜਗਤ ਦੇ ਨਾਲ ਰਿਹਾ ਹੈ। ਗੁਰਮੁਖ ਸਿੰਘ ਮੁਸਾਫਰ ਪੰਜਾਬ ਦੇ ਸੀਐਮ ਵੀ ਰਹਿ ਚੁੱਕੇ ਹਨ, ਜਿਨ੍ਹਾਂ ਦੇ ਸਬੰਧ ਪੰਜਾਬੀ ਸਾਹਿਤ ਨਾਲ ਹਨ। ਇੱਥੇ ਵਿਸ਼ੇਸ਼ ਰਿਪੋਰਟ ਵਿੱਚ ਵੇਖੋ ਉਹ ਚਿਹਰੇ।

Celebrities In Punjab Politics
Celebrities In Punjab Politics

ਪੰਜਾਬ ਦੀ ਸਿਆਸਤ 'ਤੇ ਕਦੇ ਨੇਤਾ-ਕਦੇ ਅਭਿਨੇਤਾ

ਲੁਧਿਆਣਾ:ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਅਜਿਹੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ, ਜੋ ਕਿ ਬਾਕੀ ਵਿਰੋਧੀ ਪਾਰਟੀਆਂ ਨੂੰ ਨਾ ਸਿਰਫ ਟੱਕਰ ਦੇ ਸਕੇ, ਸਗੋਂ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਵੀ ਪਾ ਸਕਣ। ਇਸੇ ਹੋੜ ਵਿੱਚ ਕਈ ਸਿਆਸੀ ਪਾਰਟੀਆਂ ਸੈਲੀਬ੍ਰਿਟੀ, ਕਲਾ ਜਗਤ ਦੇ ਨਾਲ ਸੰਬੰਧਿਤ ਹਸਤੀਆਂ, ਅਦਾਕਾਰ ਗਾਇਕ ਕਵੀ ਕਵੀਸ਼ਰ ਸਾਹਿਤਕਾਰ ਆਦਿ ਜੋ ਕਿ ਸਮਾਜ ਵਿੱਚ ਪਹਿਲਾ ਹੀ ਕਾਫੀ ਪ੍ਰਚਲਿਤ ਹੁੰਦੇ ਹਨ। ਉਨ੍ਹਾਂ ਨੂੰ ਜਾਂ ਤਾਂ ਟਿਕਟਾਂ ਦੇ ਨਾਲ ਨਿਵਾਜਿਆ ਜਾਂਦਾ ਹੈ ਜਾਂ ਫਿਰ ਚੋਣ ਪ੍ਰਚਾਰ ਕਮੇਟੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਜੋ ਲੋਕ ਵੱਧ ਤੋਂ ਵੱਧ ਉਸ ਸਬੰਧਿਤ ਉਮੀਦਵਾਰ ਦੀ ਪਾਰਟੀ ਉੱਤੇ ਵਿਸ਼ਵਾਸ ਕਰ ਸਕਣ।

ਇਸ ਦੀ ਜਿਉਂਦੀ ਜਾਗਦੀਆਂ ਕਈ ਉਦਾਹਰਨਾਂ ਹਨ। ਜਦੋਂ ਚੋਣ ਕੰਪੇਨ ਸ਼ੁਰੂ ਹੁੰਦੀ ਹੈ, ਤਾਂ ਅਜਿਹੇ ਵਿੱਚ ਫਿਲਮ ਜਗਤ ਦੀਆਂ ਹਸਤੀਆਂ ਕਲਾ ਜਗਤ ਦੀਆਂ ਹਸਤੀਆਂ ਨੂੰ ਸਿਆਸਤਦਾਨ ਚੋਣ ਪ੍ਰਚਾਰ ਕਰਵਾਉਂਦੇ ਹਨ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਤਾਂ ਪੰਜਾਬ ਵਿੱਚ ਵੀ ਕਈ ਅਜਿਹੇ ਅਦਾਕਾਰ ਕਲਾਕਾਰੀ ਸਾਹਿਤ ਨਾਲ ਸੰਬੰਧਿਤ ਪਿਛੋਕੜ ਸ਼ਖਸ਼ੀਅਤਾਂ ਰਹੀਆਂ ਹਨ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਚੰਗਾ ਨਾਮਨਾ ਖੱਟਿਆ ਹੈ।

ਆਪ ਦੇ ਨੇਤਾ ਜੋ ਕਲਾਕਾਰ ਰਹੇ ਜਾਂ ਹਨ

ਆਪ ਲੀਡਰਾਂ ਦੀ ਸੂਚੀ: ਪੰਜਾਬ ਵਿੱਚ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ, ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਇਸ ਕਤਾਰ ਵਿੱਚ ਸਭ ਤੋਂ ਮੋਹਰੀ ਹੈ, ਜੋ ਕਿ ਇੱਕ ਹਾਸਰਸ ਕਲਾਕਾਰ ਰਹੇ ਹਨ। ਭਗਵੰਤ ਮਾਨ ਪੰਜਾਬੀ ਕਮੇਡੀ ਵਿੱਚ ਕਈ ਸਾਲ ਕੰਮ ਕਰ ਚੁੱਕੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਕਈ ਨੈਸ਼ਨਲ ਟੀਵੀ ਉੱਤੇ ਵੀ ਸ਼ੋਅ ਵਿੱਚ ਭਾਗ ਲਿਆ ਸੀ, ਹਾਲਾਂਕਿ ਬਾਅਦ ਵਿੱਚ ਸੰਗਰੂਰ ਤੋਂ ਟਿਕਟ ਮਿਲੀ, ਤਾਂ ਉਨ੍ਹਾਂ ਨੇ ਸਿਆਸਤ ਵਿੱਚ ਪੈਰ ਧਰਿਆ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਲਗਾਤਾਰ ਸੰਗਰੂਰ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚੇ ਅਤੇ ਉਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲੀ ਅਤੇ ਮੌਜੂਦਾ ਸਮੇਂ ਵਿੱਚ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ (Lok Sabha Election 2024) ਹਨ।

ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਹੀ ਨਹੀਂ, ਸਗੋਂ ਹੋਰ ਵੀ ਕਈ ਕਲਾ ਜਗਤ ਦੇ ਨਾਲ ਜੁੜੇ ਨੇਤਾ ਰਹੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਨਾਂ ਬਲਕਾਰ ਸਿੱਧੂ ਦਾ ਆਉਂਦਾ ਹੈ, ਜੋ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਵੀ ਲੜ ਚੁੱਕੇ ਹਨ ਅਤੇ ਸਿਆਸਤ ਵਿੱਚ ਸਰਗਰਮ ਹਨ। ਉਹ ਐਮਐਲਏ ਵੀ ਬਣ ਚੁੱਕੇ ਹਨ। ਇਸੇ ਤਰ੍ਹਾਂ ਮੌਜੂਦਾ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤ ਅਤੇ ਪੰਜਾਬੀ ਫਿਲਮ ਅਦਾਕਾਰ ਕਰਮਜੀਤ ਅਨਮੋਲ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ, ਜੋ ਕਿ ਫਰੀਦਕੋਟ ਤੋਂ 2024 ਲੋਕ ਸਭਾ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਕਰਮਜੀਤ ਅਨਮੋਲ ਦਾ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੁਰਾਣਾ ਸਫਰ ਰਿਹਾ ਹੈ। ਉਹ ਭਗਵੰਤ ਮਾਨ ਦੇ ਨਾਲ ਵੀ ਕੰਮ ਕਰਦੇ ਰਹੇ ਹਨ।

ਪੰਜਾਬੀ ਕਲਾਕਾਰ ਬਣੇ ਕਾਂਗਰਸੀ ਨੇਤਾ

ਕਾਂਗਰਸੀ ਲੀਡਰਾਂ ਦੀ ਸੂਚੀ: ਇਸੇ ਤਰ੍ਹਾਂ ਜੇਕਰ ਗੱਲ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਮੁਹੰਮਦ ਸਦੀਕ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਜੋ ਕਿ ਪੰਜਾਬੀ ਗਾਇਕੀ ਦੇ ਖੁੰਡ ਰਹੇ ਹਨ। ਉਨ੍ਹਾਂ ਨੇ ਪੰਜਾਬੀ ਗੀਤਕਾਰੀ ਵਿੱਚ ਪੂਰੇ ਵਿਸ਼ਵ ਭਰ ਵਿੱਚ ਆਪਣਾ ਨਾਂ ਬਣਾਇਆ ਅਤੇ ਉਸ ਤੋਂ ਬਾਅਦ ਕਾਂਗਰਸ ਦੀ ਟਿਕਟ ਤੋਂ ਫ਼ਰੀਦਕੋਟ ਤੋਂ ਚੋਣ ਲੜ ਕੇ ਪਾਰਲੀਮੈਂਟ ਵਿੱਚ ਪਹੁੰਚੇ। ਲਗਾਤਾਰ ਦੋ ਵਾਰ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ।

ਇਸੇ ਤਰ੍ਹਾਂ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਪੁਰਾਣਾ ਟੀਵੀ ਦੇ ਨਾਲ ਰਿਸ਼ਤਾ ਰਿਹਾ ਹੈ, ਹਾਲਾਂਕਿ ਉਹ ਭਾਰਤ ਦੇ ਲਈ ਕ੍ਰਿਕਟ ਦੇ ਟੀਮ ਵਿੱਚ ਕਈ ਸਾਲ ਖੇਡਦੇ ਰਹੇ ਹਨ, ਪਰ ਉਨ੍ਹਾਂ ਨੇ ਟੀਵੀ ਵਿੱਚ ਵੀ ਆਪਣਾ ਹੱਥ ਅਜ਼ਮਾਏ ਸਨ। ਨਿੱਜੀ ਚੈਨਲ ਉੱਤੇ ਆਉਣ ਵਾਲੇ ਕਾਮੇਡੀ ਸ਼ੋਅ ਦਾ ਵੀ ਉਹ ਹਿੱਸਾ ਬਣੇ ਰਹੇ। ਇਸ ਤੋਂ ਇਲਾਵਾ ਇੱਕ ਰਿਐਲਿਟੀ ਸ਼ੋ ਬਿੱਗ ਬੋਸ ਦੇ ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ ਸੀ, ਹਾਲਾਂਕਿ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਸ਼ੋਅ ਵਿੱਚ ਵਿਚਾਲੇ ਹੀ ਛੱਡਣਾ ਪਿਆ ਸੀ। ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਮਰਹੂਮ ਸਿੱਧੂ ਮੂਸੇਵਾਲਾ ਵੀ ਸਿਆਸਤ ਦੇ ਵਿੱਚ ਸਰਗਰਮ ਰਹਿ ਚੁੱਕੇ ਹਨ। ਕਾਂਗਰਸ ਦੀ ਟਿਕਟ ਤੋਂ ਉਨ੍ਹਾਂ ਨੇ ਚੋਣ ਲੜੀ ਸੀ, ਹਾਲਾਂਕਿ ਉਹ ਚੋਣ ਨਹੀਂ ਜਿੱਤ ਸਕੇ।

ਭਾਜਪਾ ਆਗੂ ਦੀ ਰਾਏ

ਭਾਜਪਾ ਦੀ ਸੂਚੀ: ਇਸੇ ਤਰ੍ਹਾਂ ਹੰਸ ਰਾਜ ਹੰਸ ਭਾਜਪਾ ਦੀ ਟਿਕਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹੰਸ ਰਾਜ ਹੰਸ ਦਾ ਵੀ ਪੁਰਾਣਾ ਪਿਛੋਕੜ ਕਲਾ ਜਗਤ ਦੇ ਨਾਲ ਜੁੜਿਆ ਰਿਹਾ ਹੈ। ਉਹ ਪਦਮ ਸ਼੍ਰੀ ਅਵਾਰਡ ਵੀ ਆਪਣੀ ਗਾਇਕੀ ਦੇ ਲਈ ਹਾਸਿਲ ਕਰ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ ਦਿੱਲੀ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਹੇ ਹਨ।

ਇਸ ਤੋਂ ਇਲਾਵਾ ਗੁਰਦਾਸਪੁਰ ਸੀਟ ਤੋਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੇ ਵਿਨੋਦ ਖੰਨਾ ਦਾ ਨਾਂ ਵੀ ਕਲਾ ਜਗਤ ਦੇ ਵਿੱਚ ਕਾਫੀ ਉੱਚਾ ਹੈ, ਹਾਲਾਂਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਨੇ ਬਾਲੀਵੁੱਡ ਦੇ ਐਕਟਰ ਸੰਨੀ ਦਿਓਲ ਟਿਕਟ ਦਿੱਤੀ ਸੀ ਜਿਸ ਤੋਂ ਬਾਅਦ ਸੰਨੀ ਦਿਓਲ ਨੇ ਵੀ ਗੁਰਦਾਸਪੁਰ ਦੀ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾਈ ਸੀ।

ਬਾਲੀਵੁੱਡ ਤੇ ਪੰਜਾਬੀ ਗਾਇਕ ਬਣੇ ਭਾਜਪਾ ਆਗੂ

ਫਿਲਹਾਲ ਲਗਾਤਾਰ ਇਹ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਅਕਸ਼ੇ ਕੁਮਾਰ ਵੀ ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਲਈ ਚੋਣ ਲੜ ਸਕਦੇ ਨੇ ਹਾਲਾਂਕਿ ਇਹ ਖ਼ਬਰ ਫਿਲਹਾਲ ਸੂਤਰਾਂ ਦੇ ਮੁਤਾਬਿਕ ਹੈ ਇਸ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ। ਉੱਥੇ ਹੀ, ਦੂਜੇ ਪਾਸੇ ਗੁਰਦਾਸਪੁਰ ਤੋਂ ਵਿਰੋਧ ਖੰਨਾ ਦੇ ਬੇਟੇ ਅਕਸ਼ੇ ਖੰਨਾ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦਾ ਫਿਲਮਾਂ ਵਿੱਚ ਫਿਲਹਾਲ ਕੋਈ ਬਹੁਤਾ ਵੱਡਾ ਕਰੀਅਰ ਨਹੀਂ ਚੱਲ ਰਿਹਾ ਹੈ।

ਪੁਰਾਣੇ ਸਿਆਸਤਦਾਨ:ਪੰਜਾਬ ਦੇ ਜੇਕਰ ਪੁਰਾਣੇ ਕਲਾ ਜਗਤ ਅਤੇ ਸਾਹਿਤ ਦੇ ਨਾਲ ਜੁੜੇ ਹੋਏ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਵਿੱਚ ਗੁਰਮੁਖ ਸਿੰਘ ਮੁਸਾਫਿਰ ਦਾ ਨਾਂ ਵੀ ਅਹਿਮ ਹੈ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ, ਉਹ ਵੀ ਕਵੀ ਸਨ ਅਤੇ ਪੰਜਾਬੀ ਸਾਹਿਤ ਜਗਤ ਦੇ ਨਾਲ ਜੁੜੇ ਹੋਏ ਸਨ। ਉਹ ਪੰਜਾਬ ਦੇ ਪੰਜਵੇਂ ਮੁੱਖ ਮੰਤਰੀ 1966 ਦੇ ਵਿੱਚ ਬਣੇ ਸਨ। ਪੁਰਾਣੇ ਸਿਆਸਤਦਾਨਾਂ ਵਿੱਚ ਬਲਵੰਤ ਸਿੰਘ ਰਾਮੋਵਾਲੀਆ ਦਾ ਨਾਂ ਵੀ ਸ਼ੁਮਾਰ ਹੈ, ਜੋ ਕਿ ਖੁਦ ਇੱਕ ਕਵੀਸ਼ਰ ਰਹੇ ਹਨ। ਇਸ ਤੋਂ ਇਲਾਵਾ ਕਰਨੈਲ ਸਿੰਘ ਪਾਰਸ ਦਾ ਸਬੰਧ ਵੀ ਕਲਾ ਜਗਤ ਦੇ ਨਾਲ ਰਿਹਾ ਹੈ।

ਸਾਹਿਤਕਾਰ ਵੀ ਹੋਏ ਸਿਆਸਤਦਾਨ

ਸਿਆਸਤ ਅਤੇ ਸੈਲੀਬ੍ਰਿਟੀ:ਹਾਲਾਂਕਿ ਕਲਾ ਜਗਤ ਦਾ ਸਿਆਸਤ ਦੇ ਵਿੱਚ ਪੁਰਾਣਾ ਅਤੇ ਅਹਿਮ ਰੋਲ ਰਿਹਾ ਹੈ, ਪਰ ਇਸ ਦੇ ਬਾਵਜੂਦ ਲੋਕ ਅੱਜ ਵੀ ਅਦਾਕਾਰਾਂ ਨੂੰ ਅਤੇ ਕਲਾਕਾਰਾਂ ਨੂੰ ਸਿਆਸਤ ਵਿੱਚ ਕਬੂਲਦੇ ਹਨ ਅਤੇ ਉਨਾਂ ਨੂੰ ਸਮਰਥਨ ਵੀ ਦਿੰਦੇ ਹਨ। ਇਸ ਸਬੰਧੀ ਲੁਧਿਆਣਾ ਤੋਂ ਭਾਜਪਾ ਦੇ ਲੀਡਰ ਗੁਰਦੀਪ ਗੋਸ਼ਾ ਦਾ ਮੰਨਣਾ ਹੈ ਕਿ ਕਿਸੇ ਕਲਾਕਾਰ ਦਾ ਸਿਆਸਤ ਵਿੱਚ ਆਉਣਾ ਗ਼ਲਤ ਨਹੀਂ ਹੈ, ਪਰ ਸਿਆਸਤ ਵਿੱਚ ਆ ਕੇ ਕਲਾਕਾਰੀ ਕਰਨੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਦਾਕਾਰ ਜਦੋਂ ਤੱਕ ਫਿਲਮਾਂ ਵਿੱਚ ਅਦਾਕਾਰੀ ਕਰਦਾ ਹੈ, ਤਾਂ ਉਦੋਂ ਤੱਕ ਠੀਕ ਹੈ, ਪਰ ਜਦੋਂ ਉਹ ਸਿਆਸਤ ਚੁਣ ਲੈਂਦਾ ਹੈ, ਤਾਂ ਫਿਰ ਉਸ ਨੂੰ ਅਦਾਕਾਰੀ ਨਹੀਂ, ਸਗੋਂ ਪੂਰੇ ਤਨ ਮਨ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ।

ਟੀਟੂ ਬਾਣੀਆ ਕੀ ਬੋਲੇ

"ਮੇਰੇ ਤੋਂ ਆਪ ਡਰ ਰਹੀ, ਤਾਂ ਅਜੇ ਉਮੀਦਵਾਰ ਨਹੀਂ ਐਲਾਨਿਆਂ":ਇਸੇ ਤਰ੍ਹਾਂ ਲੁਧਿਆਣਾ ਤੋਂ ਹਾਸਰਸ ਅਦਾਕਾਰ, ਜੋ ਕਿ ਕਈ ਫਿਲਮਾਂ ਵਿੱਚ ਅਤੇ ਨਾਟਕਾਂ ਵਿੱਚ ਐਕਟਿੰਗ ਕਰ ਚੁੱਕੇ ਹਨ, ਟੀਟੂ ਬਾਣੀਆਂ ਨੇ ਸਾਲ 2014 ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਸਿਆਸਤ ਵਿੱਚ ਪੈਰ ਧਰਿਆ, ਹਾਲਾਂਕਿ 2014 ਤੋਂ ਬਾਅਦ ਹੀ ਉਨਾਂ ਨੇ ਆਪਣੀ ਅਦਾਕਾਰੀ ਦੇ ਪੇਸ਼ੇ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਅਤੇ ਸਮਾਜ ਸੇਵਾ ਵਿੱਚ ਲੱਗ ਗਏ। ਸਾਲ 2014 ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਟੀਟੂ ਬਾਣੀਆਂ ਨੇ ਚੋਣ ਲੜੀ ਸੀ, ਉਸ ਤੋਂ ਬਾਅਦ ਮੁੱਲਾਪੁਰ ਦੀ ਜ਼ਿਮਨੀ ਚੋਣ ਵਿੱਚ ਵੀ ਟੀਟੂ ਬਾਣੀਆਂ ਚੋਣ ਮੈਦਾਨ ਦੇ ਵਿੱਚ ਸਨ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਉਹ ਕਦੇ ਚੋਣਾਂ ਜਿੱਤ ਨਹੀਂ ਸਕੇ, ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੇਕਰ ਸਿਆਸਤ ਦੇ ਵਿੱਚ ਪੈਰ ਧਰਿਆ ਤਾਂ ਆਪਣੀ ਅਦਾਕਾਰੀ ਨੂੰ ਛੱਡ ਦਿੱਤਾ ਹੈ।

ਟੀਟੂ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਦੇ ਖਿਲਾਫ ਬੋਲਦੇ ਹੋ, ਤਾਂ ਉਸ ਨੂੰ ਅਦਾਕਾਰੀ ਵਿੱਚ ਕਬੂਲ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਮੈਂ ਸੱਚ ਅਤੇ ਹੱਕ ਲਈ ਲੜਦਾ ਹਾਂ ਇਸ ਕਰਕੇ ਹੁਣ ਮੈਂ ਸਮਾਜ ਸੇਵਾ ਦੇ ਵਿੱਚ ਲੱਗਿਆ ਹੋਇਆ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਅਦਾਕਾਰ ਕਲਾਕਾਰ ਜਾਂ ਫਿਰ ਕਿਸੇ ਹੋਰ ਪੇਸ਼ੇ ਨਾਲ ਜੁੜੇ ਹੋਣ ਦੇ ਨਾਲ ਸਿਆਸਤ ਵਿੱਚ ਆਉਣਾ ਗ਼ਲਤ ਨਹੀਂ ਹੈ, ਪਰ ਸਿਆਸਤ ਵਿੱਚ ਆਉਣ ਤੋਂ ਬਾਅਦ ਉਸ ਨੂੰ ਆਪਣੇ ਪੁਰਾਣੇ ਪੇਸ਼ ਨੂੰ ਛੱਡ ਕੇ ਲੋਕਾਂ ਲਈ ਤਨ ਮਨ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ। ਨਾਲ ਹੀ, ਉਨ੍ਹਾਂ ਕਿਹਾ ਆਪ ਨੇ ਅਜੇ ਤੱਕ ਲੁਧਿਆਣਾ ਤੋਂ ਕੋਈ ਉਮੀਦਵਾਰ ਨਹੀਂ ਐਲ਼ਾਨਿਆਂ ਹੈ, ਕਿਉਂਕਿ ਇਨ੍ਹਾਂ ਨੂੰ ਮੇਰਾ ਡਰ ਸਤਾ ਰਿਹਾ ਹੈ ਕਿ ਮੈਂ ਇਨ੍ਹਾਂ ਦੀਆਂ ਪੋਲਾਂ ਖੋਲ੍ਹ ਦਿਆਂਗਾ।

Last Updated :21 hours ago

ABOUT THE AUTHOR

...view details