ਪੰਜਾਬ

punjab

ਚਾਰ ਦਿਨਾਂ ਬਾਅਦ ਖੁੱਲ੍ਹੀ ਸਰਕਾਰ ਦੀ ਜਾਗ, ਸੰਗਰੂਰ ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਮੁੱਖ ਮੰਤਰੀ ਮਾਨ - Sangrur Hootch Tragedy Update

By ETV Bharat Punjabi Team

Published : Mar 24, 2024, 12:44 PM IST

Updated : Mar 24, 2024, 2:10 PM IST

Illicit Liquor Case: ਸੰਗਰੂਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਹਨ। ਜਿਥੇ ਉਨ੍ਹਾਂ ਕਿਹਾ ਕਿ ਮਾਸੂਮ ਲੋਕਾਂ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Bhagwant mann
Bhagwant mann

ਸੰਗਰੂਰ ਪੀੜਤ ਪਰਿਵਾਰਾਂ ਨੂੰ ਮਿਲੇ ਮੁੱਖ ਮੰਤਰੀ ਮਾਨ

ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਦਿਨਾਂ 'ਚ 21 ਲੋਕਾਂ ਦੀ ਮੌਤ ਹੋ ਗਈ ਹੈ। ਸੰਗਰੂਰ ਦੇ ਕਈ ਪਿੰਡਾਂ 'ਚ ਸੱਥਰ ਵਿਛ ਚੁੱਕੇ ਹਨ। ਇੱਕ-ਇੱਕ ਪਿੰਡ ਤੋਂ ਕਈ-ਕਈ ਲੋਕਾਂ ਦੀ ਮੌਤ ਹੋਈ ਹੈ। ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਸ਼ੁਰੂਆਤ ਦਿੜਬਾ ਦੇ ਪਿੰਡ ਗੁੱਜਰਾਂ ਤੋਂ ਹੋਈ ਸੀ, ਜੋ ਅੱਗੇ ਸੁਨਾਮ 'ਚ ਵੀ ਕਈ ਇਸ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹੇ। ਉਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ 'ਚ ਚੱਲ ਰਹੇ ਧਰਨੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪਰਤ ਕੇ ਸਿੱਧੇ ਸੰਗਰੂਰ ਪਹੁੰਚ ਗਏ ਹਨ। ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਪੀੜਤ ਪਰਿਵਾਰਾਂ ਨੂੰ ਮਿਲੇ ਹਨ।

ਪੀੜਤ ਪਰਿਵਾਰਾਂ ਨੂੰ ਮਿਲੇ ਮੁੱਖ ਮੰਤਰੀ:ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ। ਦੋਸ਼ੀਆਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਲੋਕਾਂ ਨੇ ਇਲਾਕੇ ਵਿੱਚ ਵਿਕ ਰਹੇ ਨਸ਼ਿਆਂ ਦਾ ਮਾਮਲਾ ਵੀ ਉਠਾਇਆ। ਜਿਸ 'ਤੇ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਬਣਾਇਆ ਹੈ ਤੇ ਭਲਕੇ ਤੱਕ ਨਸ਼ਾ ਤਸਕਰ ਫੜ ਲਏ ਜਾਣਗੇ।

ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ- CM: ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ, ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਮੌਤਾਂ ਹੋਈਆਂ ਸੀ...ਅੱਜ ਮੌਕੇ 'ਤੇ ਜਾਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਹਰ ਸਮੇਂ ਇਹਨਾਂ ਪਰਿਵਾਰਾਂ ਦੀ ਮਦਦ ਦਾ ਭਰੋਸਾ ਦਿੱਤਾ...ਮਾਸੂਮ ਲੋਕਾਂ ਦੇ ਇਹਨਾਂ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ...ਇਹ ਮੌਤਾਂ ਨਹੀਂ ਕਤਲ ਨੇ...ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ।

ਸਰਕਾਰ ਦੇ ਮੁਆਵਜ਼ੇ 'ਤੇ ਖੜੇ ਹੋਏ ਸਵਾਲ: ਇਸ ਦੌਰਾਨ ਮੁੱਖ ਮੰਤਰੀ ਵਲੋਂ ਜਿਥੇ ਮੁਲਜ਼ਮ ਫੜਨ ਦੀ ਗੱਲ ਕੀਤੀ ਤਾਂ ਉਥੇ ਹੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਆਖੀ, ਜਿਸ ਤੋਂ ਸਾਥਨਕ ਲੋਕ ਨਾਰਾਜ਼ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਮਾਨ ਨੇ ਦੋ ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਪਰ ਜਿੰਨ੍ਹਾਂ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ, ੳਹ ਸਾਰੀ ਜ਼ਿੰਦਗੀ ਕਿਵੇਂ ਦੋ ਲੱਖ ਨਾਲ ਕੱਟਣਗੇ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਵਲੋਂ ਹੋਰ ਥਾਵਾਂ 'ਤੇ ਤਾਂ ਕਰੋੜ-ਕਰੋੜ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਥੇ ਸਿਰਫ਼ ਦੋ ਲੱਖ ਰੁਪਏ ਦੇ ਕੇ ਹੀ ਸਾਰ ਦਿੱਤਾ ਗਿਆ।

21 ਮੌਤਾਂ ਅਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ:ਕਾਬਿਲੇਗੌਰ ਹੈ ਕਿ ਸਭ ਤੋਂ ਵੱਧ ਮੌਤਾਂ ਪੰਜਾਬ ਦੇ ਸੰਗਰੂਰ ਵਿੱਚ ਹੋਈਆਂ ਹਨ। ਮਰਨ ਵਾਲੇ 21 ਲੋਕਾਂ ਵਿੱਚੋਂ 19 ਇੱਥੋਂ ਦੇ ਸਨ। ਬਾਕੀ ਦੋ ਪਟਿਆਲਾ ਜ਼ਿਲ੍ਹੇ ਦੇ ਹਨ। ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਮੌਤਾਂ ਦਾ ਸਿਲਸਿਲਾ ਸ਼ਨੀਵਾਰ ਤੱਕ ਜਾਰੀ ਰਿਹਾ। ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਅਜੇ ਵੀ 23 ਦੇ ਕਰੀਬ ਲੋਕ ਦਾਖ਼ਲ ਹਨ। ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ, ਤਾਂ ਜੋ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਜਾ ਸਕੇ।

ਅੱਠ ਗ੍ਰਿਫ਼ਤਾਰ ਅਤੇ ਮੁਲਾਜ਼ਮ ਮੁਅੱਤਲ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਪਹਿਲਾਂ ਹੀ ਰਿਪੋਰਟ ਤਲਬ ਕੀਤੀ ਹੈ। ਇਸ ਦੇ ਨਾਲ ਹੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਹੁਣ ਤੱਕ ਅੱਠ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਆਬਕਾਰੀ ਵਿਭਾਗ ਨੇ ਸੁਨਾਮ ਸਰਕਲ ਵਿੱਚ ਤਾਇਨਾਤ ਆਬਕਾਰੀ ਇੰਸਪੈਕਟਰ ਪ੍ਰਕਾਸ਼ ਸਿੰਘ, ਪੱਤਣ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਅਤੇ ਦਿੜ੍ਹਬਾ ਦੇ ਇੰਸਪੈਕਟਰ ਮੋਹਨ ਸਿੰਘ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਇਸ ਥਾਣੇ ਅਧੀਨ ਪੈਂਦੇ ਪਿੰਡ ਪਾਤੜਾਂ ਵਿੱਚ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਸਪਲਾਈ ਕੀਤੀ ਜਾਂਦੀ ਸੀ।

Last Updated : Mar 24, 2024, 2:10 PM IST

ABOUT THE AUTHOR

...view details